ਗਿੱਦੜਬਾਹਾ, 25 ਮਾਰਚ (ਦਵਿੰਦਰ ਬਾਘਲਾ, ਕੁਲਦੀਪ ਨਰੂਲਾ)- ਸਥਾਨਕ ਪੁਰਾਣੀ ਟੈਲੀਫੋਨ ਏਕਸਚੇਂਜ ਵਾਲੀ ਗਲੀ ਦੇ ਨਜਦੀਕ ਸਰਕੂਲਰ ਰੋਡ ਤੇ ਇੱਕ ਮਿੰਨੀ ਬੱਸ ਅਤੇ ਮੋਟਰਸਾਈਕਲ ਵਿੱਚ ਹੋਈ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਥਾਣਾ ਗਿੱਦੜਬਾਹਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੰ ਪੀ.ਬੀ. 29 ਏ/9597 ਦੇ ਡਰਾਈਵਰ ਨੇ ਗਲੀ ਦੇ ਨਜਦੀਕ ਮੋੜ ਕੱਟਦੇ ਹੋਏ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਣ ਮੋਟਰਸਾਈਕਲ ਸਵਾਰ ਕ੍ਰਿਸ਼ਨ ਕੁਮਾਰ ਪੁੱਤਰ ਨੇਮ ਰਾਜ ਵਾਸੀ ਹੁਸਨਰ ਚੌਕ ਮੋਟਰਸਾਈਕਲ ਤੋਂ ਡਿੱਗ ਕੇ ਬੱਸ ਦੇ ਅਗਲੇ ਟਾਇਰ ਹੇਠ ਆ ਗਿਆ। ਘਟਨਾ ਦੇ ਆਸ ਪਾਸ ਦੇ ਲੋਕਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਮ੍ਰਿਤਕ ਨੂੰ ਬੱਸ ਹੇਠਿਓ ਕੱਢਿਆ ਅਤੇ ਇਸ ਹਾਦਸੇ ਦੀ ਸੂਚਨਾ ਗਿੱਦੜਬਾਹਾ ਪੁਲੀਸ ਨੂੰ ਦਿੱਤੀ ਅਤੇ ਪੁਲੀਸ ਦੀ ਤੁਰੰਤ ਐਕਸ਼ਨ ਗੱਡੀ ਨੇ ਕ੍ਰਿਸ਼ਨ ਕੁਮਾਰ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਪੁੱਜਦਾ ਕੀਤਾ, ਜਿੱਥੇ ਡਿਊਟੀ ਡਾਕਟਰ ਰਾਜੀਵ ਜੈਨ ਨੇ ਕ੍ਰਿਸ਼ਨ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਥਾਣਾ ਅਫਸਰ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਮਾਮਲੇ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਬੱਸ-ਮੋਟਰ ਸਾਈਕਲ ਦੀ ਟੱਕਰ ’ਚ ਇੱਕ ਦੀ ਮੌਤ



