ਬਰਨਾਲਾ, 23 ਮਾਰਚ (ਨਿਰਮਲ ਸਿੰਘ ਪੰਡੋਰੀ)- ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਤੁਰੰਤ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀਆਂ ਨੀਤੀਆਂ ਨੂੰ ਕਾਰਗਰ ਤਰੀਕੇ ਨਾਲ ਲਾਗੂ ਕਰਨ ਲਈ ਕੀਤੇ ਪ੍ਰਸ਼ਾਸਨਿਕ ਤਬਾਦਲਿਆਂ ਅਧੀਨ ਜ਼ਿਲ੍ਹਾ ਬਰਨਾਲਾ ਵਿਖੇ ਤਾਇਨਾਤ ਨਵੇਂ ਐਸਐਸਪੀ ਸ੍ਰੀ ਸੁਸ਼ੀਲ ਕੁਮਾਰ ਨੇ ਆਪਣੀ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਖਿਲਾਫ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਵਾਈ ਤਹਿਤ ਉਪ ਕਪਤਾਨ ( ਸਥਾਨਕ ) ਨੇ ਐਸਐਸਪੀ ਦੀਆਂ ਹਦਾਇਤਾਂ ਤੇ ਕੀਤੀ ਚੈਕਿੰਗ ਦੌਰਾਨ ਪੁਲਿਸ ਲਾਈਨ ਵਿੱਚ ਤਾਇਨਾਤ ਹੌਲਦਾਰ ਦਰਸ਼ਨ ਸਿੰਘ ਨੰਬਰ 450 ਅਤੇ ਹੌਲਦਾਰ ਬਲਵੀਰ ਸਿੰਘ ਨੰਬਰ 303 ਨੂੰ ਡਿਊਟੀ ਦੌਰਾਨ ਸ਼ਰਾਬੀ ਹਾਲਤ ਵਿੱਚ ਹੋਣ ਤੇ ਡਾਕਟਰੀ ਮੁਆਇਨਾ ਕਰਵਾ ਕੇ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਸ੍ਰੀ ਕੁਮਾਰ ਨੇ ਇੱਕ ਪ੍ਰੈਸ ਨੋਟ ਜ਼ਰੀਏ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਤਾੜਨਾ ਕੀਤੀ ਕਿ ਪੁਲਿਸ ਵਿਭਾਗ ਦੇ ਨਿਯਮਾਂ ਮੁਤਾਬਕ ਹਰ ਮੁਲਾਜ਼ਮ ਲੋਕ ਸੇਵਾ ਨੂੰ ਪਹਿਲ ਦੇਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪੁਲਿਸ ਮੁਲਾਜ਼ਮ ਵੱਲੋਂ ਅਨੁਸ਼ਾਸ਼ਨ ਦੀ ਉਲੰਘਣਾ ਬਰਦਾਸਤ ਨਹੀਂ ਕੀਤੀ ਜਾਵੇਗੀ।
ਐਸਐਸਪੀ ਬਰਨਾਲਾ ਵੱਲੋਂ ਵਿਗੜੇ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤੀ ਸ਼ੁਰੂ



