ਤਲਵੰਡੀ ਸਾਬੋ, 20 ਮਾਰਚ (ਰਾਮ ਰੇਸ਼ਮ ਨਥੇਹਾ)- ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਦ ਭਾਂਵੇ ਸਮੁੱਚੇ ਪੰਜਾਬ ਵਿੱਚ ਹੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਪ੍ਰੰਤੂ ਤਲਵੰਡੀ ਸਾਬੋ ਸ਼ਹਿਰ ਵਿੱਚ ਜੋ ਤਬਦੀਲੀ ਦੇਖਣ ਨੂੰ ਮਿਲੀ ਕਿ ਇਲਾਕੇ ਦੀ ਸਮਾਜ ਸੇਵੀ ਸੰਸਥਾ ਸਾਂਝੀ ਸੰਘਰਸ਼ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਸ਼ਹਿਰ ਦੇ ਬਾਜਾਰਾਂ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਨਜਾਇਜ ਕੀਤੇ ਨਜਾਇਜ ਕਬਜਿਆਂ ਨੂੰ ਹਟਾਉਣ ਦੀ ਮੰਗ ਨੂੰ ਉਦੋਂ ਬੂਰ ਪੈ ਹੀ ਗਿਆ ਜਦੋਂ ਸਰਕਾਰ ਬਦਲਣ ਤੋਂ ਬਾਦ ਸਰਗਰਮ ਹੋਏ ਨਗਰ ਪੰਚਾਇਤ ਅਧਿਕਾਰੀਆਂ ਨੇ ਅੱਜ ਅਮਲੇ ਫੈਲੇ ਨੂੰ ਨਾਲ ਲੈ ਕੇ ਬਜਾਰਾਂ ਵਿੱਚੋਂ ਨਜਾਇਜ ਕਬਜੇ ਹਟਾਂਉਦਿਆਂ ਦੁਕਾਨਦਾਰਾਂ ਦਾ ਸਮਾਨ ਚੁੱਕ ਕੇ ਨਗਰ ਪੰਚਾਇਤ ਦਫਤਰ ਪਹੁੰਚਾ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਸਾਂਝੀ ਸੰਘਰਸ਼ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਸੀ ਕਿ ਨਗਰ ਪੰਚਾਇਤ ਅਧਿਕਾਰੀ ਤਲਵੰਡੀ ਸਾਬੋ ਸ਼ਹਿਰ ਦੇ ਬਜਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਕੀਤੇ ਨਜਾਇਜ ਕਬਜਿਆਂ ਨੂੰ ਹਟਾਉਣ ਪ੍ਰੰਤੂ ਨਗਰ ਪੰਚਾਇਤ ਵੱਲੋਂ ਇਸ ਕੰਮ ਤੋਂ ਪਿਛਲੇ ਸਮੇਂ ਤੋਂ ਹੀ ਟਾਲਾ ਵੱਟਿਆ ਜਾ ਰਿਹਾ ਸੀ ਪ੍ਰੰਤੂ ਬੀਤੇ ਦਿਨੀ ਅਕਾਲੀ ਭਾਜਪਾ ਸਰਕਾਰ ਦੇ ਰੁਖਸਤ ਹੁੰਦਿਆਂ ਹੀ ਕੈਪਟਨ ਸਰਕਾਰ ਦੀ ਆਮਦ ਤੋਂ ਬਾਦ ਸਾਂਝੀ ਸੰਘਰਸ਼ ਕਮੇਟੀ ਨੇ ਬੀਤੇ ਦਿਨ ਨਗਰ ਪੰਚਾਇਤ ਦਫਤਰ ਅੱਗੇ ਧਰਨਾ ਲਾਉਦਿਆਂ ਕਥਿਤ ਦੋਸ਼ ਲਾਏ ਗਏ ਸਨ ਕਿ ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਦੀ ਸ਼ਹਿ ਤੇ ਪਿਛਲੇ ਸਮੇਂ ਵਿੱਚ ਜਾਣਬੁੱਝ ਕੇ ਨਜਾਇਜ ਕਬਜੇ ਨਹੀ ਸਨ ਹਟਾਏ ਗਏ ਪ੍ਰੰਤੂ ਹੁਣ ਕਿਉਂਕਿ ਸਰਕਾਰ ਬਦਲ ਚੁੱਕੀ ਹੈ ਇਸਲਈ ਅਫਸਰਸ਼ਾਹੀ ਇਨ੍ਹਾਂ ਕਬਜਿਆਂ ਨੂੰ ਤੁਰੰਤ ਹਟਾਵੇ ਜਿਸ ਤੇ ਪਹਿਲਾਂ ਤੋਂ ਹੀ ਸਰਕਾਰ ਬਦਲੇ ਜਾਣ ਕਾਰਣ ਚੁਸਤ ਹੋਏ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਕਮੇਟੀ ਤੋਂ 20 ਮਾਰਚ ਤੱਕ ਦਾ ਸਮਾਂ ਮੰਗ ਲਿਆ ਸੀ।
ਸੰਘਰਸ਼ ਕਮੇਟੀ ਆਗੂਆਂ ਵੱਲੋਂ ਨਜਾਇਜ ਕਬਜੇ ਨਾ ਹਟਾਏ ਜਾਣ ਦੀ ਸੂਰਤ ਵਿੱਚ 21 ਮਾਰਚ ਨੂੰ ਨਗਰ ਪੰਚਾਇਤ ਦਫਤਰ ਦੇ ਗੇਟ ਨੂੰ ਤਾਲਾ ਲਾਉਣ ਦਾ ਅਲਟੀਮੇਟਮ ਦਿੱਤ ਗਿਆ ਸੀ ਜਿਸਨੂੰ ਦੇਖਦਿਆਂ ਅੱਜ ਨਗਰ ਪੰਚਾਇਤ ਦੇ ਅਧਿਕਾਰੀ ਤੇ ਮੁਲਾਜਮ ਅਮਲਾ ਫੈਲਾ ਨਾਲ ਲੈ ਕੇ ਸਵੇਰ ਤੋਂ ਹੀ ਦੁਕਾਨਾਂ ਮੂਹਰੇ ਕੀਤੇ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਚੱਲ ਪਏ।ਅਧਿਕਾਰੀਆਂ ਨੇ ਦੁਕਾਨਦਾਰਾਂ ਵੱਲੋਂ ਸਰਕਾਰੀ ਥਾਂ ਤੇ ਲਾਏ ਸਮਾਨ ਅਤੇ ਬੋਰਡਾਂ ਆਦਿ ਨੂੰ ਪੁੱਟ ਕੇ ਆਪਣੀ ਟਰਾਲੀ ਵਿੱਚ ਸੁੱਟ ਕੇ ਨਗਰ ਪੰਚਾਇਤ ਦਫਤਰ ਪਹੁੰਚਾ ਦਿੱਤਾ।ਕਈ ਥਾਵਾਂ ਤੇ ਦੁਕਾਨਦਾਰਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਤੇ ਦੁਕਾਨਦਾਰਾਂ ਤੇ ਅਧਿਕਾਰੀਆਂ ਵਿੱਚ ਗਰਮਾਗਰਮੀ ਵੀ ਹੋਈ ਪ੍ਰੰਤੂ ਨਾਲ ਆਈ ਪੁਲਿਸ ਪਾਰਟੀ ਦੇ ਦਖਲ ਕਾਰਣ ਕਿਸੇ ਕਿਸਮ ਦਾ ਟਕਰਾਅ ਨਹੀ ਹੋਇਆ।ਸੰਘਰਸ਼ ਕਮੇਟੀ ਆਗੂਆਂ ਨੇ ਕਬਜੇ ਹਟਵਾਉਣ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਨਗਰ ਪੰਚਾਇਤ ਇਹ ਯਕੀਨੀ ਬਣਾਵੇ ਕਿ ਦੁਕਾਨਦਾਰ ਦੁਬਾਰਾ ਕਬਜੇ ਨਾ ਕਰ ਸਕਣ।
ਸਰਕਾਰ ਬਦਲਦਿਆਂ ਹਰਕਤ ’ਚ ਆਏ ਨਗਰ ਪੰਚਾਇਤ ਅਧਿਕਾਰੀ-ਦੁਕਾਨਾਂ ਅੱਗੋਂ ਨਜਾਇਜ਼ ਕਬਜ਼ੇ ਹਟਵਾਏ



