Skip to content
Independent perspectives. Global stories.
BREAKING

ਖ਼ਾਲਸਾ ਕਾਲਜ ਪਟਿਆਲਾ ਵਿਖੇ ਇੰਟਰਫ਼ੇਥ ਵਰਕਸ਼ਾਪ

Share this story

image ਪਟਿਆਲਾ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)- ‘ਧਰਮ ਅਜਿਹੀ ਜੀਵਨ-ਜਾਚ ਹੈ ਜੋ ਮਨੁੱਖ ਨੂੰ ਸਹਿਣਸ਼ੀਲਤਾ ਅਤੇ ਸਹਿ-ਹੋਂਦ ਦਾ ਸਬਕ ਪੜ੍ਹਾਉਂਦੇ ਹੋਏ ਉਸ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨਾਲ ਜੀਵਨ ਜਿਊਣ ਦਾ ਮੰਤਵ ਪ੍ਰਦਾਨ ਕਰਦਾ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ਾਲਸਾ ਕਾਲਜ ਪਟਿਆਲਾ ਵਿਖੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਅਤੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਨੌਜਵਾਨ ਵਿਦਿਆਰਥੀਆਂ ਲਈ ਸਹਿਣਸ਼ੀਲਤਾ ਅਤੇ ਸਹਿਹੋਂਦ ਉੱਪਰ ਕਰਵਾਈ ਗਈ ਦੋ ਰੋਜ਼ਾ ਇੰਟਰਫ਼ੇਥ ਵਰਕਸ਼ਾਪ ਦੇ ਉਦਘਾਟਨ ਦੇ ਮੌਕੇ ’ਤੇ ਪ੍ਰਗਟ ਕੀਤੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ਦਾ ਮੂਲ ਆਧਾਰ ਸਹਿਣਸ਼ੀਲਤਾ ਅਤੇ ਸਹਿ-ਹੋਂਦ ਹੈ। ਉਨ੍ਹਾਂ ਕਿਹਾ ਕਿ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਸਹਿਣਸ਼ੀਲਤਾ ਦਾ ਸਭ ਤੋਂ ਵੱਡਾ ਸੰਕਲਪ ਹੈ ਅਤੇ ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ ਸਪਸ਼ਟ ਤੌਰ ’ਤੇ ਸਹਿ-ਹੋਂਦ ਦਾ ਹੀ ਮਾਰਗ-ਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਮਨੁੱਖ ਦੀ ਸਹਿ-ਹੋਂਦ ਨਾ ਕੇਵਲ ਮਨੁੱਖ ਜਾਤੀ ਲਈ ਹੈ ਬਲਕਿ ਸਮੁੱਚੀ ਕਾਇਨਾਤ ਵਿਚ ਉਸ ਨੂੰ ਇਕ-ਮਿੱਕ ਹੋ ਕੇ ਇਕਸੁਰਤਾ ਨਾਲ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘ਸ਼ਬਦ-ਗੁਰੂ’ ਦਾ ਰੁਤਬਾ ਪ੍ਰਦਾਨ ਕੀਤਾ ਗਿਆ, ਉਹ ਸਾਰੀ ਮਾਨਵਤਾ ਦੀ ਇਸੇ ਦਿਸ਼ਾ ਵਿਚ ਅਗਵਾਈ ਕਰਦਾ ਹੈ। ਪ੍ਰੋ. ਬਡੂੰਗਰ ਨੇ ਸਾਰੇ ਡੈਲੀਗੇਟਾਂ ਨੂੰ ਇਹ ਸੰਦੇਸ਼ ਦਿੱਤਾ ਕਿ ਆਪਸੀ ਸਹਿਯੋਗ, ਸਹਿਣਸ਼ੀਲਤਾ ਅਤੇ ਇਕ-ਦੂਜੇ ਨਾਲ ਮਿਲ ਕੇ ਰਹਿਣ ਦੀ ਧਾਰਨਾ ਨਾਲ ਸਮੁੱਚਾ ਸਮਾਜ ਰਹਿਣ ਦੇ ਲਈ ਇਕ ਖ਼ੂਬਸੂਰਤ ਸਥਾਨ ਬਣ ਜਾਵੇਗਾ ਅਤੇ ਨਫ਼ਰਤ ਤੇ ਸਾੜੇ-ਕੀਨੇ ਦੀਆਂ ਸਾਰੀਆਂ ਖਾਈਆਂ ਭਰ ਜਾਣਗੀਆਂ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਦੀ ਸਥਾਪਨਾ ਹੀ ਉਪਰੋਕਤ ਮੰਤਵਾਂ ਦੀ ਪੂਰਤੀ ਹਿੱਤ ਹੋਈ ਸੀ ਅਤੇ ਸਾਰੇ ਗੁਰੂ ਸਾਹਿਬਾਨ ਨੇ ਮਨੁੱਖ ਜਾਤੀ ਨੂੰ ਰਲ-ਮਿਲ ਕੇ ਵਾਹਿਗੁਰੂ ਦੀ ਰਜ਼ਾ ਵਿਚ ਰਹਿਣ ਦਾ ਸੰਦੇਸ਼ ਦਿੱਤਾ ਹੈ। ਇਸ ਵਰਕਸ਼ਾਪ ਦੇ ਪ੍ਰੋਜੈਕਟ ਡਾਇਰੈਕਟਰ ਪ੍ਰੋ. ਜੂਨੈਦ ਹੈਰਿਸ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਦਿੱਲੀ ਨੇ ਵਰਕਸ਼ਾਪ ਦੇ ਮੰਤਵ ਬਾਰੇ ਦੱਸਦੇ ਹੋਏ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਸਾਰੇ ਧਰਮਾਂ ਦੇ ਮੁੱਢਲੇ ਸਿੱਧਾਂਤਾਂ ਦੇ ਰੂ-ਬ-ਰੂ ਕਰਵਾ ਕੇ ਉਨ੍ਹਾਂ ਵਿਚ ਅੱਛੇ ਨਾਗਰਿਕ ਬਣਨ ਦੇ ਗੁਣ ਵਿਦਮਾਨ ਕਰਨਾ ਹੈ ਤਾਂ ਜੋ ਉਹ ਇਕ ਚੰਗੇ ਭਵਿੱਖੀ ਸਮਾਜ ਦੇ ਨਿਰਮਾਣ ਦਾ ਹਿੱਸਾ ਬਣ ਸਕਣ। ਇਸ ਵਰਕਸ਼ਾਪ ਵਿਚ ਬ੍ਰਿਟਿਸ਼ ਹਾਈ ਕਮਿਸ਼ਨ ਦਿੱਲੀ ਦੀ ਤਰਫ਼ੋਂ ਡਾ. ਅਸਦ ਮਿਰਜ਼ਾ, ਡਾ. ਸੁਦੀਪ ਜੈਨ ਨੇ ਜੈਨ ਧਰਮ, ਪ੍ਰੋ. ਐੱਸ.ਸੀ. ਸ਼ਰਮਾ ਨੇ ਹਿੰਦੂ ਧਰਮ, ਡਾ. ਪ੍ਰਿਯਾਸੇਨ ਸਿੰਘ ਨੇ ਬੁੱਧ ਧਰਮ, ਪ੍ਰੋ. ਐੱਮ.ਡੀ. ਥਾਮਸ ਨੇ ਇਸਾਈ ਧਰਮ ਅਤੇ ਡਾ. ਹਬੀਬਉਲ ਰਹਿਮਾਨ ਨੇ ਮੁਸਲਿਮ ਧਰਮ ਦੇ ਪਰਿਪੇਖ਼ ਤੋਂ ਸਹਿਣਸ਼ੀਲਤਾ ਅਤੇ ਸਹਿ-ਹੋਂਦ ਦੀਆਂ ਧਾਰਨਾਵਾਂ ਸਬੰਧੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵਰਕਸ਼ਾਪ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਇਹ ਸਹੁੰ ਵੀ ਚੁਕਵਾਈ ਗਈ ਕਿ ਉਹ ਇਹ ਪ੍ਰਣ ਕਰਦੇ ਹਨ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਣੇ-ਆਪਣੇ ਅਕੀਦੇ ਦੇ ਪੱਕੇ ਧਾਰਨੀ ਬਣਨਗੇ ਅਤੇ ਇਕ ਸਹਿਣਸ਼ੀਲ ਸਮਾਜ ਦੀ ਹੋਂਦ ਕਾਇਮ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ ਤਾਂ ਜੋ ਸਮਾਜ ਦੇ ਸਾਰੇ ਬਾਸ਼ਿੰਦੇ ਮਿਲ ਕੇ ਰਹਿ ਸਕਣ। ਇਸ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ‘ਸ਼ਾਂਤੀ ਦੇ ਦੂਤ’ ਹੋਣ ਦਾ ਪ੍ਰਮਾਣ-ਪੱਤਰ ਵੀ ਦਿੱਤਾ ਗਿਆ। ਇਸ ਵਰਕਸ਼ਾਪ ਦੌਰਾਨ ਸ. ਇੰਦਰਮੋਹਨ ਸਿੰਘ ਬਜਾਜ, ਸ. ਨਿਰਮਲ ਸਿੰਘ ਹਰਿਆਓ, ਸ਼੍ਰੋਮਣੀ ਲੇਖਕ ਪ੍ਰੋ. ਅੱਛਰੂ ਸਿੰਘ, ਡਾ. ਪਰਮਜੀਤ ਸਿੰਘ ਸਰੋਆ ਤੋਂ ਇਲਾਵਾ ਇਲਾਕੇ ਦੀਆਂ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ। ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ, ਖ਼ਾਲਸਾ ਕਾਲਜ ਪਟਿਆਲਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਦੀਪਿੰਦਰਜੀਤ ਰੰਧਾਵਾ ਨੇ ਸਮੁੱਚੇ ਵਰਕਸ਼ਾਪ ਦੇ ਆਯੋਜਨ ਵਿਚ ਬਤੌਰ ਕੋ-ਆਰਡੀਨੇਟਰ ਪ੍ਰਬੰਧ ਕੀਤੇ। ਇਸ ਤੋਂ ਇਲਾਵਾ ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਨਿਪੁੰਨਜੋਤ ਕੌਰ, ਡਾ. ਸਰਬਜੀਤ ਸਿੰਘ ਆਹਲੂਵਾਲੀਆ ਅਤੇ ਪ੍ਰੋ. ਵਰਲੀਨ ਕੌਰ ਨੇ ਸਮੁੱਚੀ ਵਰਕਸ਼ਾਪ ਦੇ ਪ੍ਰਬੰਧ ਵਿਚ ਮਹੱਤਵਪੂਰਣ ਯੋਗਦਾਨ ਪਾਇਆ।

WRITTEN BY