ਤਰਨਤਾਰਨ, 18 ਮਾਰਚ (ਆਹਲੂਵਾਲੀਆ, ਰਵਿੰਦਰ ਕੱਕੜ, ਧਾਮੀ)- ਜਸਟਿਸ ਹਰੀਪਾਲ ਵਰਮਾ, ਇੰਸਪੈਕਟਿੰਗ ਜੱਜ ਸ਼ੈਸ਼ਨ ਡਵੀਜਨ ਤਰਨਤਾਰਨ, ਜੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਤਰਨਤਾਰਨ ਦੀਆਂ ਵੱਖ ਵੱਖ ਅਦਾਲਤਾਂ ਅਤੇ ਪੱਟੀ ਦੀ ਸਬ ਜੇਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਨਾਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਅਮਰਇੰਦਰ ਸਿੰਘ ਗਰੇਵਾਲ, ਸ੍ਰੀ ਸੁਮੀਤ ਮਲਹੋਤਰਾ, ਸ੍ਰੀ ਦਰਬਾਰੀ ਲਾਲ, ਸ੍ਰੀ ਸੰਤ ਪ੍ਰਕਾਸ਼ ਸੂਦ, ਸ੍ਰੀ ਹਰਜਿੰਦਰਪਾਲ ਸਿੰਘ, ਸ੍ਰੀ ਅਮਰਿੰਦਰ ਸਿੰਘ ਸ਼ੇਰਗਿੱਲ, ਸ੍ਰੀ ਕ੍ਰਿਸ਼ਨ ਕਾਂਤ ਜੈਨ, ਸਾਰੇ ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ, ਸ੍ਰੀ ਰਾਜੀਵ ਕੁਮਾਰ ਵਸ਼ਿਸ਼ਟ, ਵਧੀਕ ਸਿਵਲ ਜੱਜ ਤਰਨਤਾਰਨ, ਮਿਸ ਰਾਣਾ ਕੰਵਰਦੀਪ ਕੌਰ ਚੀਫ ਜੂਡੀਸ਼ੀਅਲ ਮੈਜਿਸਟਰੇਟ, ਸ੍ਰੀ ਰਮਨ ਸ਼ਰਮਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਸੁਚੇਤਾ ਅਸ਼ੀਸ਼ ਦੇਵ, ਵਧੀਕ ਸਿਵਲ ਜੱਜ ਸੀਨੀਅਰ ਡਵੀਜਨ ਤਰਨਤਾਰਨ ਵੀ ਮੌਜੂਦ ਸਨ। ਸਥਾਨਿਕ ਨਿਆਂਇਕ ਕੋਰਟ ਕੰਪਲੈਕਸ ਵਿਖੇ ਵੱਖ ਵੱਖ ਅਦਾਲਤਾਂ ਦਾ ਨਿਰੀਖਣ ਕਰਦੇ ਹੋਏ ਸ੍ਰੀ ਹਰੀਪਾਲ ਵਰਮਾ ਨੇ ਅਦਾਲਤਾਂ ਦਾ ਰਿਕਾਰਡ ਚੈਕ ਕੀਤਾ ਅਤੇ ਮੌਕੇ ’ਤੇ ਦੂਜੇ ਜੱਜ ਸਾਹਿਬਾਨਾਂ ਨੂੰ ਸਾਰਾ ਰਿਕਾਰਡ ਪੂਰਾ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਪੈਂਡਿੰਗ ਪਏ ਕੇਸਾਂ ਦਾ ਨਿਪਟਾਰਾ ਬਿਨ੍ਹਾ ਕਿਸੇ ਦੇਰੀ ਦੇ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਸ ਮੌਕੇ ’ਤੇ ਬਾਰ ਕੌਂਸਲ ਦੇ ਵਕੀਲਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਪੱਟੀ ਸਬ ਜੇਲ ਦਾ ਦੌਰਾ ਕਰਨ ਸਮੇਂ ਉਨ੍ਹਾਂ ਜੇਲ ਦੇ ਰਿਕਾਰਡ ਦਾ ਨਿਰੀਖਣ ਕੀਤਾ ਅਤੇ ਮੌਕੇ ’ਤੇ ਕੈਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਕੈਦੀਆਂ ਵੱਲੋਂ ਦੱਸੀਆਂ ਗਈਆਂ ਮੁਸ਼ਕਲਾਂ ਦਾ ਜਲਦ ਹੱਲ ਕਰਨ ਦਾ ਮਾਨਯੋਗ ਜੱਜ ਸਾਹਿਬ ਵੱਲੋਂ ਵਿਸ਼ਵਾਸ ਵੀ ਦਵਾਇਆ ਗਿਆ।
ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਵੱਲੋਂ ਤਰਨਤਾਰਨ ਦੀਆਂ ਅਦਾਲਤਾਂ ਤੇ ਪੱਟੀ ਸਬ ਜੇਲ ਦਾ ਨਿਰੀਖਣ



