ਸਰਦੂਲਗੜ੍ਹ, 11 ਮਾਰਚ (ਵਿਪਨ ਗੋਇਲ, ਬਲਜੀਤ ਪਾਲ)-ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਵਿਰੋਧੀ ਧਿਰ ਵਿੱਚ ਬੈਠਣ ਦੀ ਆਪਣੀ ਵੀਹ ਸਾਲੀ ਪ੍ਰੰਪਰਾ ਕਾਇਮ ਰੱਖਦਿਆਂ ਇਸ ਵਾਰ ਆਪਣੀ ਸੀਟ ਅਕਾਲੀ ਦਲ ਦੀ ਝੋਲੀ ਪਾ ਦਿੱਤੀ ਹੈ। ਅਕਾਲੀ ਦਲ ਦੇ ਦਿਲਰਾਜ ਸਿਘ ਭੂੰਦੜ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਅਜੀਤ ਇੰਦਰ ਸਿੰਘ ਮੋਫਰ ਨੂੰ 50348 ਦੇ ਮੁਕਾਬਲੇ 59159 ਵੋਟਾਂ ਹਾਸਲ ਕਰਕੇ 8811 ਵੋਟਾਂ ਦੇ ਫਰਕ ਨਾਲ ਹਾਰ ਦਿੱਤੀ।ਤਾਜਾ ਨਤੀਜਿਆਂ ਅਨੁਸਾਰ ਤੀਸਰੇ ਸਥਾਨ ’ਤੇ 37880 ਵੋਟਾਂ ਪ੍ਰਾਪਤ ਕਰਕੇ ਆਪ ਆਦਮੀ ਪਾਰਟੀ ਦੇ ਸੁਖਵਿੰਦਰ ਸਿੰਘ ਭੋਲਾ ਮਾਨ ਰਹੇ। ਬਸਪਾ ਦੇ ਜਸਵੀਰ ਸਿੰਘ 1185 ਵੋਟਾਂ ਲੈ ਕੇ ਚੌਥੇ ਥਾਂ ’ਤੇ ਰਹੇ। ਕੁੱਲ ਨੌਂ ਉਮੀਦਵਾਰਾਂ ਵਿੱਚੋਂ ਪੰਜ ਉਮੀਦਵਾਰ ਅਜਿਹੇ ਰਹੇ ਜਿਹੜੇ ਵੋਟਾਂ ਦੀ ਸੰਖਿਆ ਚਾਰ ਅੰਕੀਂ ਸੰਖਿਆ ਤੱਕ ਵੀ ਲੈ ਕੇ ਨਾ ਜਾ ਸਕੇ। 994 ਵੋਟਾਂ ਲੈ ਕੇ ਪੰਜਵੇਂ ਸਥਾਨ ’ਤੇ ਸੀ ਪੀ ਐਮ ਐਲ ਲਿਬਰੇਸ਼ਨ ਦੇ ਸੁਰਜੀਤ ਸਿੰਘ , ਛੇਵੇਂ ’ਤੇ 834 ਵੋਟਾਂ ਲੈ ਕੇ ਖੱਬੇ ਪੱਖੀ ਪਾਰਟੀਆਂ ਦੇ ਲਾਲ ਚੰਦ, ਸੱਤਵੇਂ ’ਤੇ 645 ਵੋਟਾਂ ਲੈ ਕੇ ਤ੍ਰਿਣਮੂਲ ਕਾਂਗਰਸ ਦੇ ਪਰਮਿੰਦਰ ਸਿੰਘ ਝੁਨੀਰ, ਅੱਠਵੇਂ ਤੇ 433 ਵੋਟਾਂ ਲੈ ਕੇ ਅਪਣਾ ਪੰਜਾਬ ਦੇ ਜਸਵੰਤ ਸਿੰਘ ਅਤੇ ਨੌਵੇਂ ਸਥਾਨ ’ਤੇ 409 ਵੋਟਾਂ ਲੈ ਕੇ ਅਕਾਲੀ ਦਲ ਮਾਨ ਦੇ ਰਾਜਿੰਦਰ ਸਿੰਘ ਜਵਾਹਰਕੇ ਰਹੇ। ਸਰਦੂਲਗੜ੍ਹ ਦੇ ਵੋਟ ਪਾਊਂਣ ਵਾਲੇ ਕੁੱਲ 152945 ਵੋਟਰਾਂ ਵਿੱਚੋਂ 1058 ਨੇ ਨੋਟਾ ਬਟਨ ਦੱਬ ਕੇ ਕੋਈ ਉਮੀਦਵਾਰ ਪਸੰਦ ਨਾ ਹੋਣ ਦੀ ਗਵਾਹੀ ਭਰੀ।
ਸਰਦੂਲਗੜ੍ਹ ਤੋਂ ਅਕਾਲੀ ਦਲ ਦੇ ਦਿਲਰਾਜ ਸਿੰਘ ਭੂੰਦੜ੍ਹ 8811 ਵੋਟਾ ਨਾਲ ਜਿੱਤੇ



