ਤਲਵੰਡੀ ਸਾਬੋ, 24 ਫਰਵਰੀ (ਰਾਮ ਰੇਸ਼ਮ ਨਥੇਹਾ)- ਨਜ਼ਦੀਕੀ ਪਿੰਡ ਮੈਨੂੰਆਣਾ ਦੇ ਪਿੰਡ ਵਿੱਚ ਦਾਖਲ ਹੁੰਦਿਆਂ ਹੀ ਨਵੀਂ ਬਣੀ ਸੜਕ ਦੇ ਵਿਚਕਾਰ ਲੱਗਿਆ ਬਿਜਲੀ ਦਾ ਖੰਭਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਜਿਸ ਨੂੰ ਪਿੰਡ ਵਾਸੀਆਂ ਨੇ ਸੜਕ ਤੋਂ ਪਾਸੇ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਪਿੰਡ ਦੇ ਪੰਚ ਜਗਤਾਰ ਸਿੰਘ, ਜਗਰਾਜ ਸਿੰਘ ਰਾਜਾ, ਪੰਚ ਜੱਗਾ ਸਿੰਘ, ਸੁਖਪਾਲ ਸਿੰਘ, ਹਰਬੰਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਫਿਰਨੀ ‘ਤੇ ਸੜਕ ਨਵੀਂ ਬਣੀ ਹੈ ਜਿਸ ਦੇ ਵਿਚਕਾਰ ਬਿਜਲੀ ਦਾ ਖੰਭਾ ਲੱਗਿਆ ਹੋਇਆ ਹੈ ਜਿਸ ਨਾਲ ਪਿੰਡ ਦਾ ਸਾਬਕਾ ਸਰਪੰਚ ਦੇ ਲੜਕੇ ਬਲਜਿੰਦਰ ਸਿੰਘ ਭਿੰਦਾ ਦਾ ਮੋਟਰਸਾਈਕਲ ਟਕਰਾਉਣ ਨਾਲ ਹਾਦਸਾ ਵੀ ਵਾਪਰ ਚੁੱਕਿਆ ਹੈ ਜਿਸ ਲਈ ਅਸੀਂ ਠੇਕੇਦਾਰ ਤੇ ਵਿਭਾਗ ਦੇ ਜੇ. ਈ. ਨੂੰ ਕਈ ਵਾਰ ਇਸ ਨੂੰ ਪਾਸੇ ਕਰਨ ਬਾਰੇ ਕਿਹਾ ਹੈ ਪ੍ਰੰਤੂ ਫਿਰ ਵੀ ਅਜੇ ਤੱਕ ਪਾਸੇ ਨਹੀਂ ਹੋਇਆ। ਉਨ੍ਹਾਂ ਇਸ ਨੂੰ ਸੜਕ ਦੇ ਵਿਚਕਾਰੋਂ ਪਾਸੇ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਹੋਰ ਹਾਦਸਾ ਨਾ ਵਾਪਰੇ। ਇਸ ਸਬੰਧੀ ਜਦੋਂ ਵਿਭਾਗ ਦੇ ਜੇ. ਈ. ਨਛੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਸੜਕ ਬਣਾਉਣ ਤੋਂ ਪਹਿਲਾਂ ਹੀ ਪਾਸੇ ਤੇ ਲਗਵਾਉਣ ਲਈ ਵਿਭਾਗ ਨੂੰ ਕਾਰਵਾਈ ਕਰਵਾਉਣੀ ਚਾਹੀਦੀ ਸੀ ਜਿਸਦੀ ਅਜੇ ਤੱਕ ਮੇਰੇ ਕੋਲ ਕੋਈ ਬੇਨਤੀ ਪੱਤਰ ਨਹੀਂ ਆਇਆ। ਪਿੰਡ ਦੇ ਮੋਹਤਵਰਾਂ ਨੂੰ ਚਾਹੀਦਾ ਹੈ ਕਿ ਉਹ ਵਿਭਾਗ ਕੋਲ ਬਣਦੀ ਕਾਰਵਾਈ ਲਈ ਦਰਖਾਸਤ ਦੇਣ ਉਪਰੰਤ ਬਿਜਲੀ ਦਾ ਖੰਭਾ ਪਾਸੇ ਕਰ ਦਿੱਤਾ ਜਾਵੇਗਾ।



