ਫਰੋਜ਼ਪੁਰ 23 ਫਰਵਰੀ (ਇੰਦਰਜੀਤ ਸਿੰਘ ਸੋਢੀ)- 11 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਲਈ ਮੀਟਿੰਗ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀਮਤੀ ਸ਼ਰੂਤੀ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਨੀਤ ਕੁਮਾਰ, ਸ: ਹਰਜੀਤ ਸਿੰਘ ਸੰਧੂ ਐੱਸ.ਡੀ.ਐਮ ਫਿਰੋਜ਼ਪੁਰ, ਸ੍ਰੀ ਵਨੀਤ ਕੁਮਾਰ ਐੱਸ.ਡੀ.ਐਮ ਜ਼ੀਰਾ, ਸ: ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ:) ਅਤੇ ਸ: ਗੁਰਮੀਤ ਸਿੰਘ ਢਿੱਲੋਂ ਡੀ.ਡੀ.ਪੀ.ਓ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 11 ਮਾਰਚ ਨੂੰ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਮੌਕੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਅਤੇ ਇਨ੍ਹਾਂ ਪ੍ਰਬੰਧਾਂ ਲਈ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਮੌਕੇ ਸ੍ਰੀ ਬੀਰ ਪ੍ਰਤਾਪ ਸਿੰਘ ਗਿੱਲ, ਸ: ਭੁਪਿੰਦਰ ਸਿੰਘ ਐਕਸੀਅਨ ਪਾਵਰਕਾਮ, ਗਗਨਦੀਪ ਕੌਰ ਕਾਨੂੰਗੋ ਚੋਣਾਂ,ਜਗਦੀਪ ਪਾਲ ਸਿੰਘ, ਤਰਲੋਚਨ ਸਿੰਘ ਆਦਿ ਵੀ ਹਾਜ਼ਰ ਸਨ।



