ਨਵੀਂ ਦਿੱਲੀ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਗੂਗਲ ਵਰਗੇ ਇੰਟਰਨੈੱਟ ਸੇਵਾ ਪ੍ਰਧਾਨ ਕਰਨ ਵਾਲਿਆਂ ਤੋਂ ਪੁੱਛਿਆ ਕਿ ਵੈੱਬਸਾਈਟਾਂ ਤੇ ਅਸ਼ਲੀਲ ਸਮੱਗਰੀ ਅਪਲੋਡ ਕਰਨ ਵਾਲੇ ਅਪਰਾਧੀਆਂ ਦੀ ਪਛਾਣ ਕਰਨ ਲਈ ਕੀ ਕੋਈ ਤੰਤਰ ਹੈ।ਸਰਵਉੱਚ ਅਦਾਲਤ ਪਹਿਲੀ ਦ੍ਰਿਸ਼ਤਾ ਇਸ ਦਲੀਲ ਨਾਲ ਸਹਿਮਤ ਨਹੀਂ ਹੋਈ ਕਿ ਰੋਕਥਾਮ ਵਾਲਾ ਬਲਾਕੇਜ਼ ਨਹੀਂ ਹੋ ਸਕਦਾ ਪਰ ਇਸ ਦਾ ਹੱਲ ਹੋ ਸਕਦਾ ਹੈ।ਕੋਰਟ ਨੇ ਕਿਹਾ ਕਿ ਅਸੀਂ ਇਸ ‘ਤੇ ਪੂਰੀ ਤਰ੍ਹਾਂ ਰੋਕ ਚਾਹੁੰਦੇ ਹਾਂ।ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਯੂ.ਯੂ. ਲਲਿਤ ਦੀ ਬੈਂਚ ਨੇ ਕਿਹਾ ਕਿ ਜਿਨ੍ਹਾਂ ਦੀ ਅਸ਼ਲੀਲ ਵੀਡੀਓ ਵੈੱਬਸਾਈਟਾਂ ‘ਤੇ ਅਪਲੋਡ ਕੀਤੀ ਜਾਂਦੀ ਹੈ, ਉਨ੍ਹਾਂ ਔਰਤਾਂ ਅਤੇ ਬੱਚਿਆਂ ਦੀ ਸ਼ਾਨ ਨੂੰ ਨੁਕਸਾਨ ਪੁੱਜਦਾ ਹੈ।ਬੈਂਚ ਵੱਲੋਂ ਗੂਗਲ ਦੇ ਵਕੀਲ ਤੋਂ ਪੁੱਛਿਆ ਗਿਆ ਕਿ ਕੀ ਕੋਈ ਤੰਤਰ ਹੈ ਜੋ ਇਸ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀਆਂ ਨੂੰ ਅਪਲੋਡ ਕੀਤੇ ਜਾਣ ਤੋਂ ਪਹਿਲਾਂ ਅਪਰਾਧੀਆਂ ਦੀ ਪਛਾਣ ਕਰੇ। ਗੂਗਲ ਵੱਲੋਂ ਹਾਜ਼ਰ ਸੀਨੀਅਰ ਵਕੀਲ ਸਾਜਨ ਪੂਵਈਆ ਨੇ ਕਿਹਾ ਕਿ ਆਈ.ਐੱਸ.ਪੀ. (ਇੰਟਰਨੈੱਟ ਸੇਵਾ ਪ੍ਰਦਾਤਾ) ਹੋਣ ਦੇ ਨਾਤੇ ਉਸ ਨੇ ਆਪਣੇ ਵੱਲੋਂ ਹੋਸਟ ਕੀਤੀਆਂ ਗਈਆਂ ਸਮੱਗਰੀਆਂ ਦੀ ਸੂਚੀ ਬਣਾਈ। ਸੀਨੀਅਰ ਵਕੀਲ ਨੇ ਕਿਹਾ ਕਿ ਗੂਗਲ ਵਰਗੇ ਸਰਚ ਇੰਜਣਾਂ ‘ਤੇ ਵੈੱਬਸਾਈਟ ‘ਤੇ ਹਰ ਘੰਟੇ ਵੱਡੀ ਗਿਣਤੀ ‘ਚ ਵੀਡੀਓ ਅਤੇ ਹੋਰ ਸਮੱਗਰੀਆਂ ਅਪਲੋਡ ਹੁੰਦੀਆਂ ਹਨ।ਅਜਿਹੇ ‘ਚ ਇਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਅਤੇ ਅਪਲੋਡ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਬਲਾਕ ਕਰਨਾ ਬੇਹੱਦ ਮੁਸ਼ਕਲ ਹੋਵੇਗਾ।
ਇੰਟਰਨੈੱਟ ’ਤੇ ਅਸ਼ਲੀਲ ਸਮੱਗਰੀ ਅਪਲੋਡ ਕਰਨ ’ਤੇ ਸੁਪਰੀਮ ਕੋਰਟ ਸਖਤ-ਗੂਗਲ ਤੋਂ ਮੰਗਿਆ ਜਵਾਬ



