ਨਵਾਂਸ਼ਹਿਰ 19 ਅਗਸਤ (ਸਨਪ੍ਰੀਤ ਮਾਂਗਟ)-ਡਿਪਟੀ ਕਮਿਸ਼ਨਰ ਤਨੂ ਕਸ਼ਯਪ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਾਨਸੂਨ ਅਤੇ ਵਾਧੂ ਪਾਣੀ ਕਾਰਨ ਦਰਪੇਸ਼ ਖ਼ਤਰਿਆਂ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਕਰਨ ਮੌਕੇ ਹਦਾਇਤ ਕੀਤੀ ਕਿ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ‘ਤੇ ਫ਼ਲੱਡ ਲਾਈਟਾਂ ਲਾਈਆਂ ਜਾਣ ਤਾਂ ਜੋ ਰਾਤ-ਬਰਾਤੇ ਹੰਗਾਮੀ ਸਥਿਤੀ ਬਣਨ ‘ਤੇ ਬਚਾਅ ਕਾਰਜਾਂ ਵਿੱਚ ਕੋਈ ਮੁਸ਼ਕਿਲ ਨਾ ਬਣੇ। ਡੀਸੀ ਨੇ ਦਰਿਆ ਦੇ ਵਹਾਅ ਤੇ ਧੁੱਸੀ ਬੰਨ੍ਹ ‘ਤੇ ਪੂਰੀ ਚੌਕਸੀ ਰੱਖਣ, ਦਰਿਆ ਸਤਲੁਜ ਦੇ ਬੰਨ੍ਹ ਦੇ ਨਾਜ਼ੁਕ ਥਾਂਵਾਂ ਦੀ ਮੁਕੰਮਲ ਨਿਗਰਾਨੀ ਕਰਨ, ਬੰਨ੍ਹ ‘ਤੇ ਸਥਾਪਿਤ ਪੁਲੀਸ ਚੈੱਕ ਪੋਸਟਾਂ ਰਾਹੀਂ ਅਤੇ ਪਟਵਾਰੀਆਂ ਤੇ ਕਾਨੂੰਗੋਆਂ ਰਾਹੀਂ ਰੋਜ਼ਾਨਾ ਰਿਪੋਰਟ ਲੈਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਡਰੇਨਜ਼ ਮਹਿਕਮੇ ਨੂੰ ਵੀ ਆਪਣੇ ਸਟਾਫ਼ ਰਾਹੀਂ ਨਾਜ਼ੁਕ ਥਾਂਵਾਂ ਦੀ ਰੋਜ਼ਾਨਾ ਸਟੇਟਸ ਰਿਪੋਰਟ ਲੈਣ ਅਤੇ ਦਰਿਆ ਵਿੱਚ ਪਾਣੀ ਦੇ ਪੱਧਰ ‘ਤੇ ਨਿਗ੍ਹਾ ਰੱਖਣ ਲਈ ਆਖਿਆ। ਉਨਾਂ ਦੱਸਿਆ ਕਿ ਜਿਲੇ ਅੰਦਰ ਹੰਗਾਮੀ ਹਾਲਤ ਨਾਲ ਸਿੱਝਣ ਲਈ 16 ਕਿਸ਼ਤੀਆਂ ਅਤੇ 6 ਇੰਜਨਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਲੋੜ ਪੈਣ ‘ਤੇ ਹੋਰ ਸਮੱਗਰੀ ਦੀ ਪੂਰਤੀ ਲਈ ਸਬੰਧਤ ਵਿਅਕਤੀਆਂ ਦੇ ਨਾਂ ਤੇ ਫ਼ੋਨ ਨੰਬਰਾਂ ਦੀ ਸੂਚੀ ਬਣਾਈ ਹੋਈ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਬਰਸਾਤ ਦੇ ਇਸ ਮੌਸਮ ਦੌਰਾਨ ਹੜ੍ਹਾਂ ਦੀ ਸਥਿਤੀ ਤੋਂ ਪਹਿਲਾਂ ਹੀ ਪਾਣੀ ਅਤੇ ਨਮੀ ਕਾਰਨ ਪੈਦਾ ਹੋਣ ਵਾਲੇ ਵਿਸ਼ਾਣੂਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਗੰਦੇ ਪਾਣੀ ਆਦਿ ਕਾਰਨ ਹੋਣ ਵਾਲੀਆਂ ਹੈਜ਼ਾ ਤੇ ਦਸਤ ਆਦਿ ਬਿਮਾਰੀਆਂ ਲਈ ਜਾਗਰੂਕਤਾ ਤੇ ਕਲੋਰੀਨ ਆਦਿ ਦੀਆਂ ਗੋਲੀਆਂ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਵੀ ਆਖਿਆ। ਉਨ੍ਹਾਂ ਨੇ ਐਸਡੀਐਮ ਨਵਾਂਸ਼ਹਿਰ ਨਿਧੀ ਕਲੋਤਰਾ ਨੂੰ ਔੜ ਬਲਾਕ ਵਿੱਚ ਬੰਨ੍ਹ ਨੇੜੇ ਬੈਠੇ ਝੁੱਗੀਆਂ ਵਾਲਿਆਂ ਨੂੰ ਬੰਨ੍ਹ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉੱਥੋਂ ਤਬਦੀਲ ਕਰਕੇ ਦਾਣਾ ਮੰਡੀ ਵਿੱਚ ਬਿਠਾਉਣ ਲਈ ਆਖਿਆ ਤਾਂ ਜੋ ਹੰਗਾਮੀ ਹਾਲਤ ਦੀ ਸਥਿਤੀ ਵਿੱਚ ਜਾਂ ਦਰਿਆ ਵਿੱਚ ਪਾਣੀ ਵਧੇਰੇ ਆਉਣ ‘ਤੇ ਉਨ੍ਹਾਂ ਨੂੰ ਉੱਥੋਂ ਬਾਹਰ ਕੱਢਣ ਵਿੱਚ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਜ਼ਿਲ੍ਹਾ ਤੇ ਤਹਿਸੀਲ ਪੱਧਰ ‘ਤੇ ਬਣਾਏ ਹੜ੍ਹ ਕੰਟਰੋਲ ਰੂਮਜ਼ ਤੇ ਤਾਇਨਾਤ ਡਿਊਟੀ ਸਟਾਫ਼ ਨੂੰ ਚੁਸਤ-ਦਰੁਸਤ ਰੱਖਿਆ ਜਾਵੇ ਅਤੇ ਇਨ੍ਹਾਂ ਨੂੰ 24 ਘੰਂਟੇ ਚਲਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਡਾ. ਬੀ.ਐਸ. ਢਿੱਲੋਂ ਨੂੰ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸੂਰਤ ਵਿੱਚ ਨਿਰਧਾਰਿਤ 13 ਰਾਹਤ ਕੈਂਪਾਂ ਲਈ ਬਿਜਲੀ, ਰਾਸ਼ਨ, ਪਸ਼ੂਆਂ ਦੇ ਚਾਰੇ ਅਤੇ ਹੋਰ ਸਾਰੇ ਪ੍ਰਬੰਧ ਵੀ ਮੁਕੰਮਲ ਕਰਨ ਲਈ ਆਖਿਆ। ਇਸ ਮੀਟਿੰਗ ਵਿੱਚ ਏਡੀਸੀ ਅਮਰਜੀਤ ਪਾਲ, ਐਸਡੀਐਮ ਨਵਾਂਸ਼ਹਿਰ ਨਿਧੀ ਕਲੋਤਰਾ, ਐਸਡੀਐਮ ਬਲਾਚੌਰ ਨਯਨ ਜੱਸਲ, ਡੀਆਰਓ ਸ਼ਿਵ ਕੁਮਾਰ, ਡੀਐਸਪੀ ਨਵਾਂਸ਼ਹਿਰ ਸਰਬਜੀਤ ਸਿੰਘ, ਤਹਿਸੀਲਦਾਰ ਬਲਾਚੌਰ ਹੁਕਮ ਚੰਦ, ਐਸਡੀਓ ਡਰੇਨਜ਼ ਕਿਰਨਜੀਤ, ਐਸਡੀਓ ਪੀਡਯੂਡੀ ਤਜਿੰਦਰ ਸਿੰਘ, ਡੀਡੀਪੀਓ ਗਗਨਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਪਾਵਰਕਾਮ ਅਸ਼ਵਨੀ ਕੁਮਾਰ, ਡੀਟੀਓ ਮਨਜੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।



