ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਿੰਡ ਕੌਹਰੀਆਂ ਦੇ ਸਟੇਡੀਅਮ ’ਚ ਕਿਸਾਨਾਂ ਦੀ ਰਿਕਾਰਡਤੋੜ ਰੈਲੀ
ਕੌਹਰੀਆਂ (ਦਿੜ੍ਹਬਾ ਮੰਡੀ), 21 ਫਰਵਰੀ- ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਲੂਰ ਕਾਂਡ ਦੇ ‘ਕਥਿਤ’ ਦੋਸ਼ੀ ਖੁੱਲ੍ਹੇ ਫਿਰ ਰਹੇ ਹਨ ਜਦੋ ਕਿ ਪਿੰਡ ਜਲੂਰ ਦੇ ਲੋਕ ਇਨਸਾਫ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ ਕਿਉਂਕਿ ਦੋਸ਼ੀਆਂ ਨੂੰ ਇੱਕ ਅਕਾਲੀ ਨੇਤਾ ਤੇ ਜ਼ਿਲ੍ਹਾ ਪੁਲੀਸ ਪ੍ਰਸਾਸ਼ਨ ਦੀ ਸਹਿ ਹੈ। ਸ਼੍ਰੀ ਉਗਰਾਹਾਂ ਅੱਜ ਦਿੜ੍ਹਬਾ ਨੇੜਲੇ ਪਿੰਡ ਕੌਹਰੀਆਂ ਦੇ ਸਟੇਡੀਅਮ ਵਿੱਚ ਕਿਸਾਨਾਂ ਦੀ ਰਿਕਾਰਡਤੋੜ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਰੈਲੀ ਵਿੱਚ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਸੰਗਰੂਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚੋਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ, ਜਿਸ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੇਖੀ ਗਈ। ਇਸ ਰੈਲੀ ਵਿੱਚ ਸ਼ਾਮਲ ਵਿਰੋਧੀ ਜਥੇਬੰਦੀ ਦੁਆਰਾ ਕਿਸੇ ਵੀ ਅਣਸੁਖਾਵੀ ਘਟਨਾ ਦਾ ਜਵਾਬ ਦੇਣ ਲਈ ਸੈਂਕੜੇ ਕਿਸਾਨ ਹਰੇ ਰੰਗ ਦੀਆਂ ਝੰਡੀਆਂ ਲੱਗੀਆਂ ਡਾਂਗਾ ਸੋਟੀਆਂ ਨਾਲ ਲੈਸ ਸਨ। ਇਸ ਰੈਲੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਮਜ਼ਦੂਰਾਂ ਦੇ ਹੱਕਾਂ ਤੇ ਡਾਕੇ ਮਾਰਨ ਵਾਲੀ ਅਤੇ ਮਜ਼ਦੂਰਾਂ ਨਾਲ ਧੱਕਾ ਕਰਨ ਵਾਲੀ ਜਲੂਰ ਦੀ ‘ਕਿਸਾਨਂ ਬਚਾਉਣ ਵਾਲੀ ‘ਕਥਿਤ’ ਨਕਲੀ ਜਥੇਬੰਦੀ ਦੀ ਕਿਸੇ ਵੀ ਗਿੱਦੜ ਧਮਕੀ ਤੋਂ ਨਹੀਂ ਡਰਦੇ ਅਤੇ ਹਮੇਸ਼ਾਂ ਹੀ ਸੱਚ ਦੀ ਆਵਾਜ਼ ਨੂੰ ਬੁ¦ਦ ਕੀਤਾ ਜਾਵੇਗਾ ਕਿਉਂਕਿ ਉਗਰਾਹਾਂ ਕਿਸਾਨ ਜਥੇਬੰਦੀ ਕਿਸੇ ਸਿਆਸੀ ਲੀਡਰਾਂ ਦੀ ਝੋਲੀ ਚੁੱਕ ਜਥੇਬੰਦੀ ਨਹੀਂ ਬਲਕਿ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸੱਚ ਤੇ ਖੜ੍ਹਨ ਵਾਲੀ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਸੱਟ ਮਾਰਦਾ ਹੈ ਤਾਂ ਓਨਾ ਦੁੱਖ ਨਹੀਂ ਹੁੰਦਾ ਜਿੰਨ੍ਹਾਂ ਆਪਣਿਆਂ ਵੱਲੋਂ ਹੀ ਮਾਰਨ ਨਾਲ ਹੁੰਦਾ ਹੈ। ਉਹਨਾਂ ਕਿਹਾ ਕਿ ਪਿਛਲੇ ਦੋ ਦਿਨ ਪਹਿਲਾਂ ਕੌਹਰੀਆਂ ਵਿਖੇ ਵਾਪਰੀ ਘਟਨਾ ਬਹੁਤ ਹੀ ਦੁਖਦਾਈ ਸੀ ਕਿਉਂਕਿ ਇਸ ਘਟਨਾ ਨਾਲ ਕਿਸਾਨ ਆਗੂ ਤੇ ‘ਕਥਿਤ’ ਹਮਲਾ ਕਰਵਾ ਕੇ ਕਿਸਾਨ ਤੇ ਮਜ਼ਦੂਰਾਂ ਦੀ ਉ ੱਠ ਰਹੀ ਲਹਿਰ ਨੂੰ ਦਬਾਉਣਾ ਦਾ ਕੋਝਾ ਯਤਨ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਤੇ ਨਾਹਰੇ ਮਾਰਨ ਵਾਲੇ ਬਹੁਤੇ ਉਹ ਲੋਕ ਸਨ, ਜੋ ਕਦੇ ਮੇਰੇ ਤੇ ਕਿੱਲਾ-ਕਿੱਲਾ ਲਾਉਣ ਦੀ ਗੱਲ ਕਰਦੇ ਸਨ ਪਰੰਤੂ ਜਦੋਂ ਪਿੰਡ ਜਲੂਰ ਦੇ ਮਜ਼ਦੂਰਾਂ ਨੇ ਆਪਣਾ ਹੱਕ ਲੈਣਾ ਚਾਹਿਆ ਅਤੇ ਸਾਡੀ ਉਗਰਾਹਾਂ ਜਥੇਬੰਦੀ ਸੱਚ ਨਾਲ ਖੜ੍ਹੀ ਤਾਂ ਇਹਨਾਂ ਨੇ ਸੱਚ ਨਾਲ ਖੜ੍ਹਨ ਵਾਲੀ ਜਥੇਬੰਦੀ ਨੂੰ ਖ਼ਤਮ ਕਰਨ ਦੇ ਮਨਸੂਬੇ ਨਾਲ ‘ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਬਣਾ ਲਈ ਜਦੋਂ ਕਿ ਅਸੀਂ ਵੀ ਜ਼ਮੀਨ ਬਚਾਓ ਕਮੇਟੀ ਦੇ ਸੰਘਰਸ਼ ਹੇਠ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਨਸਾਫ ਦਿਵਾ ਰਹੇ ਹਾਂ ਫਿਰ ਇਹ ਕਮੇਟੀ ਕਿਸ ਤੋਂ ਜ਼ਮੀਨ ਬਚਾਉਣ ਦੀਆਂ ਗੱਲਾਂ ਕਰਦੀ ਹੈ, ਜਦੋਂ ਕਿ ਇਲਾਕੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਘਟਨਾਵਾਂ ਵਾਪਰੀਆਂ ਸਨ, ਉਦੋਂ ਇਹ ਜਥੇਬੰਦੀ ਕਿੱਥੇ ਗਈ ਸੀ। ਉਹਨਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹਨਾਂ ਲੋਕਾਂ ਨੇ ਪਿੰਡ ਜਲੂਰ ਦੇ ਉਹਨਾਂ ਦਲਿਤ ਗਰੀਬ ਮਜ਼ਦੂਰ ਲੋਕਾਂ ਤੇ ‘ਕਥਿਤ’ ਹਮਲਾ ਕੀਤਾ ਸੀ, ਜੋ ਪੰਚਾਇਤੀ ਜ਼ਮੀਨ ਦੇ ਰਾਖਵੇਂ ਹਿੱਸੇ ਦੀ ਜ਼ਮੀਨ ਲੈਣ ਦੀ ਮੰਗ ਰਹੇ ਸਨ, ਜਿਸ ਕਰਕੇ ਹੋਰਨਾਂ ਜਥੇਬੰਦੀਆਂ ਨਾਲ ਰਲਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਤਿੱਖਾ ਸੰਘਰਸ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਪਰੰਤੂ ਸਾਡੀ ਜਥੇਬੰਦੀ ਦਾ ਇੱਕੋ-ਇੱਕ ਮਕਸ਼ਦ ਕਿਸਾਨ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਧੱਕੇ ਤੋਂ ਬਚਾਉਣਾ ਹੈ। ਉਹਨਾਂ ਕਿਹਾ ਕਿ ਜਲੂਰ ਕਾਂਡ ਦੇ ‘ਕਥਿਤ’ ਦੋਸ਼ੀ ਖੁੱਲ੍ਹੇ ਫਿਰ ਰਹੇ ਹਨ ਜਦੋਂ ਕਿ ਗਰੀਬ ਲੋਕ ਖ਼ੱਜਲ ਖੁਆਰ ਹੋ ਰਹੇ ਹਨ ਕਿਉਂਕਿ ਇਹਨਾਂ ਨੂੰ ਇੱਕ ਅਕਾਲੀ ਲੀਡਰ ਤੇ ਪੁਲੀਸ ਪ੍ਰਸਾਸ਼ਨ ਦੀ ਸਹਿ ਹੈ ਪਰੰਤੂ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਐਵੇਂ ਬੇਗਾਨੀ ਸਹਿ ਤੇ ਮੁੱਛਾਂ ਨਹੀਂ ਮਨਾਉਣੀਆਂ ਚਾਹੀਦੀਆਂ ਧੋਖਾ ਖਾ ਜਾਉਂਗੇ ਕਿਉਂਕਿ ਲੀਡਰ ਤੇ ਪੁਲੀਸ ਪ੍ਰਸਾਸ਼ਨ ਲੋਕਾਂ ਦੀ ਤਾਕਤ ਨਾਲੋਂ ਵੱਡੇ ਨਹੀਂ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਹਰਿੰਦਰ ਕੌਰ ਬਿੰਦੂ ਬਠਿੰਡਾ, ਜ਼ੋਰਾ ਸਿੰਘ ਲਿਖਾਰੀ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ, ਝੰਡਾ ਸਿੰਘ ਜੇਠੂਕੇ, ਸੁਖਦੇਵ ਸਿੰਘ ਕੋਕਰੀਕਲਾਂ, ਜਨਕ ਸਿੰਘ ਭੁਟਾਲ, ਜ਼ਿਲ੍ਰਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਦਿਲਬਾਗ ਸਿੰਘ ਹਰੀਗੜ੍ਹ, ਬਲਵਿੰਦਰ ਸਿੰਘ ਜਲੂਰ, ਹਰਭਗਵਾਨ ਮੂਣਕ, ਪ੍ਰਿੰਥੀ ਲੌਗੋਵਾਲ ਆਦਿ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲੂਰ ਕਾਂਡ ਨਾਲ ਸਬੰਧਿਤ ਅਤੇ ਕੌਹਰੀਆਂ ਦੀ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਧਰ ‘ਕਿਸਾਨੀ ਬਚਾਓ ਸੰਘਰਸ਼ ਕਮੇਟੀ ਜਲੂਰ’ ਦੇ ਆਗੂ ਮੰਗੂ ਸਿੰਘ ਅਤੇ ਹਰਜੀਤ ਸਿੰਘ ਨੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆਕਿ ਕੌਹਰੀਆਂ ਪਿੰਡ ਵਿੱਚ ‘ਕਿਸਾਨ ਬਚਾਓ ਸੰਘਰਸ਼ ਕਮੇਟੀ’ ਦੇ ਵਰਕਰਾਂ ਨੇ ਪੂਰੇ ਅਮਨ ਢੰਗ ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਉਹਨਾਂ ਦੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਵਿਰੋਧ ਕੀਤਾ ਸੀ ਪਰੰਤੂ ਉਗਰਾਹਾਂ ਜਥੇਬੰਦੀ ਨੇ ਸਾਡੇ ਵਿਰੁੱਧ ਹਮਲਾ ਕਰਨ ਦੀ ਝੂਠੀ ਸ਼ਿਕਾਇਤ ਕੀਤੀ ਗਈ। ਉਹਨਾਂ ਸੂਬਾ ਪ੍ਰਧਾਨ ਤੇ ਕਿਸਾਨਾਂ ਤੋ ‘ਕਥਿਤ’ ਤੌਰ ਤੇ ਫੰਡ ਇਕੱਠਾ ਕਰਨ ਦਾ ਵੀ ‘ਕਥਿਤ’ ਦੋਸ਼ ਲਾਇਆ। ਜਦੋਂ ਕਿ ਸੂਬਾ ਪ੍ਰਧਾਨ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਿਹੜੇ ਲੋਕ ਝੂਠ ਦਾ ਸਹਾਰਾ ਲੈ ਕੇ ਦਲਿਤ ਮਜ਼ਦੂਰ ਲੋਕਾਂ ਨਾਲ ਧੱਕੇਸ਼ਾਹੀ ਤੇ ਉਤਰ ਆਉਣ ਉਹ ਕਿਸੇ ਵੀ ਤਰ੍ਹਾਂ ਦੇ ਦੋਸ਼ ਲਗਾ ਸਕਦੇ ਹਨ।
ਜਲੂਰ ਕਾਂਡ ਦੇ ‘ਕਥਿਤ’ ਦੋਸ਼ੀ ਖੁੱਲ੍ਹੇ ਫਿਰ ਰਹੇ ਹਨ ਜਦੋਂ ਕਿ ਗਰੀਬ ਲੋਕ ਖ਼ੱਜਲ ਖੁਆਰ ਹੋ ਰਹੇ ਹਨ : ਸ. ਜੋਗਿੰਦਰ ਸਿੰਘ ਉਗਰਾਹਾਂ



