ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਬਣਿਆ ਅੜਿੱਕਾ ਝ ਨਵੀਂ ਛਪੀ ਪੁਸਤਕ ’ਚ ਖੁਲਾਸਾ
ਚੰਡੀਗੜ੍ਹ, 19 ਫਰਵਰੀ- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੂਨ ’84 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਨੂੰ ਰੋਕਣ ਲਈ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਕਾਂਗਰਸ ਦੇ ਤਤਕਾਲੀ ਮੈਂਬਰ ਪਾਰਲੀਮੈਂਟ ਮਰਹੂਮ ਸ੍ਰੀ ਰਾਜੀਵ ਗਾਂਧੀ ਦਰਮਿਆਨ 2 ਵਾਰ ਮੀਟਿੰਗਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਉਸ ਵੇਲੇ ਪੰਜਾਬ ’ਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਮਰਹੂਮ ਸ. ਦਰਬਾਰਾ ਸਿੰਘ ਨੇ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੱਤੀ। ਇਹ ਖੁਲਾਸਾ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਬਾਰੇ ਚੰਡੀਗੜ੍ਹ ਦੇ ਨੌਜਵਾਨ ਪੱਤਰਕਾਰ ਸ. ਖੁਸ਼ਵੰਤ ਸਿੰਘ ਵੱਲੋਂ ਲਿਖੀ ਕਿਤਾਬ ‘ਕੈਪਟਨ ਅਮਰਿੰਦਰ ਸਿੰਘ-ਦਾ ਪੀਪਲਜ਼ ਮਹਾਰਾਜਾ’ ਵਿੱਚ ਕੀਤਾ ਗਿਆ ਹੈ। ਇਹ ਕਿਤਾਬ 21 ਫਰਵਰੀ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਜੀਵਨੀ ਨੂੰ ਪਟਿਆਲਾ ਘਰਾਣੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਇਸ ਘਟਨਾਕਰਮ ਸਮੇਂ ਖੁਦ ਵੀ ਮੈਂਬਰ ਪਾਰਲੀਮੈਂਟ ਸਨ। ਕਿਤਾਬ ਮੁਤਾਬਿਕ ਉਨ੍ਹਾਂ ਨੇ ਅਕਤੂਬਰ 1982 ਵਿੱਚ ਪ੍ਰਧਾਨ ਮੰਤਰੀ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਦੀਆਂ ਹਿਦਾਇਤਾਂ ’ਤੇ ਰਾਜੀਵ ਗਾਂਧੀ ਅਤੇ ਸੰਤ ਭਿੰਡਰਾਂਵਾਲਿਆਂ ਦਰਮਿਆਨ ਗੁਪਤ ਮੀਟਿੰਗਾਂ ਲਈ ਰਾਹ ਤਿਆਰ ਕੀਤਾ ਸੀ। ਇਸ ਮਕਸਦ ਦੀ ਪੂਰਤੀ ਲਈ ਕੈਪਟਨ ਅਮਰਿੰਦਰ ਸਿੰਘ ਆਪਣੇ ਭਰਾ ਮਲਵਿੰਦਰ ਸਿੰਘ ਨਾਲ ਸੰਤ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਖੇ ਗਏ ਸਨ। ਕਿਤਾਬ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸੰਤ ਭਿੰਡਰਾਂਵਾਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਸਿੱਧੀ ਮੁਲਾਕਤਾ ਚਾਹੁੰਦੇ ਸਨ, ਪਰ ਬਾਅਦ ਵਿੱਚ ਉਹ ਅਮਰਿੰਦਰ ਦੇ ਕਹਿਣ ਉੱਪਰ ਰਾਜੀਵ ਗਾਂਧੀ ਨਾਲ ਮੁਲਾਕਾਤ ਲਈ ਰਾਜ਼ੀ ਹੋ ਗਏ। ਇਸ ਮੀਟਿੰਗ ਦੌਰਾਨ ਸੰਤ ਭਿੰਡਰਾਂਵਾਲਿਆਂ ਨੇ ਮਹਾਰਾਜਾ ਪਟਿਆਲਾ ਦੇ ਖਾਨਦਾਨ ਦੀ ਪ੍ਰਸੰਸਾ ਕੀਤੀ ਦੱਸੀ ਜਾਂਦੀ ਹੈ, ਕਿਉਂਕਿ ਦਸਵੇਂ ਪਾਤਸ਼ਾਹ ਨੇ ਇਸ ਪਰਿਵਾਰ ਨੂੰ ਆਸ਼ਿਰਵਾਦ ਦਿੱਤਾ ਸੀ। ਮਹਾਰਾਜਾ ਪਟਿਆਲਾ ਅਤੇ ਸੰਤ ਭਿੰਡਰਾਂਵਾਲੇ ਆਪਸ ਵਿੱਚ ਗੋਤੀ ਵੀ ਹਨ। ਦੋਵਾਂ ਦਾ ਗੋਤ ਸਿੱਧੂ ਬਰਾੜ ਹੀ ਹੈ। ਕਿਤਾਬ ਮੁਤਾਬਿਕ ਪਹਿਲੀ ਮੁਲਾਕਾਤ ਲਈ ਜਦੋਂ ਰਾਜੀਵ ਗਾਂਧੀ ਅਤੇ ਅਮਰਿੰਦਰ ਸਿੰਘ ਦਿੱਲੀ ਦੀ ਸਪਦਰਜੰਗ ਏਅਰਪੋਰਟ ਤੋਂ ਅਚਾਰੀਆ ਚੰਦਰਾਸਵਾਮੀ ਦੇ ਜਹਾਜ਼ ਵਿੱਚ ਸਵਾਰ ਹੋ ਕੇ ਉਡ ਚੁੱਕੇ ਸਨ, ਪ੍ਰੰਤੂ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਵਾਪਿਸ ਬੁਲਾ ਲਿਆ। ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ ਹੈ ਕਿ ਖੁਫੀਆ ਏਜੰਸੀਆਂ ਨੇ ਇਸ ਗੁਪਤ ਮੀਟਿੰਗ ਦੀ ਖਬਰ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਦੇ ਦਿੱਤੀ ਅਤੇ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਇਸ ਗੱਲ ਲਈ ਸਹਿਮਤ ਕਰ ਲਿਆ ਕਿ ਸੰਤ ਭਿੰਡਰਾਂਵਾਲਿਆਂ ਨਾਲ ਮੀਟਿੰਗ ਉਨ੍ਹਾਂ ਦੇ ਪੁੱਤਰ ਲਈ ਘਾਤਕ ਹੋ ਸਕਦੀ ਹੈ। ਇਸ ਪੁਸਤਕ ਦੇ ਜਾਰੀ ਹੋਣ ਤੋਂ ਬਾਅਦ ਇਸ ਸਬੰਧੀ ਡੂੰਘਾ ਵਿਵਾਦ ਪੈਦਾ ਹੋਣ ਦਾ ਖਦਸ਼ਾ ਹੈ
ਕੈਪਟਨ ਅਮਰਿੰਦਰ ਸਿੰਘ ਨੇ ’84 ਦੀ ਫੌਜੀ ਕਾਰਵਾਈ ਨੂੰ ਰੋਕਣ ਲਈ ਰਾਜੀਵ ਗਾਂਧੀ ਅਤੇ ਸੰਤ ਭਿੰਡਰਾਂਵਾਲਿਆਂ ਦਰਮਿਆਨ ਮੀਟਿੰਗ ਕਰਵਾਉਣ ਦੀ ਕੀਤੀ ਸੀ ਕੋਸ਼ਿਸ਼



