ਗੋਂਡਾ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਨਰਿੰਦਰ ਮੋਦੀ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਭਾਜਪਾ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਨ ਵਾਲੇ ਵਿਅਕਤੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਰਹੀ ਹੈ। ਬੇਨੀ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਅਸਲੀ ਹੱਕਦਾਰ ਜਵਾਹਰ ਲਾਲ ਨਹਿਰੂ ਪਰਿਵਾਰ ਦੇ ਉੱਤਰਾਅਧਿਕਾਰੀ ਰਾਹੁਲ ਗਾਂਧੀ ਹਨ। ਬੇਨੀ ਨੇ ਕਿਹਾ ਕਿ ਰਾਹੁਲ ਗਾਂਧੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਬੇਨੀ ਭਾਜਪਾ ਉੱਪਰ ਜੰਮ ਕੇ ਨਿਸ਼ਾਨਾ ਸਾਧਦਿਆਂ ਕਿਹਾ ਕਿ 1922 ਵਿੱਚ ਦੇਸ਼ ਦੇ ਹਿੰਦੂ ਅਤੇ ਮੁਸਲਮਾਨਾਂ ਨੂੰ ਨਾਲ ਲੈ ਕੇ ਦੇਸ਼ ਦੇ ਆਜ਼ਾਦੀ ਦੇ ਲਈ ਮਹਾਤਮਾ ਗਾਂਧੀ ਸੱਤਿਆ ਗ੍ਰਹਿ ਸ਼ੁਰੂ ਕੀਤਾ ਸੀ ਤਾਂ 1925 ਵਿੱਚ ਰਾਸ਼ਟਰੀ ਸਵੇਮ ਸੇਵਕ ਸੰਘ ਬਣ ਗਿਆ, ਜਿਸ ਦੀ ਵਜ੍ਹਾ ਕਾਰਨ ਦੇਸ਼ ਤਾਂ ਆਜ਼ਾਦ ਹੋਇਆ ਪਰ ਸਾਨੂੰ ਖੰਡਿਤ ਆਜ਼ਾਦੀ ਮਿਲੀ। ਪਾਕਿਸਤਾਨ ਦੇ ਰੂਪ ਵਿੱਚ ਇੱਕ ਨਵੇਂ ਦੇਸ਼ ਦਾ ਜਨਮ ਹੋਇਆ।

ਬੇਨੀ ਦੇ ਮੁਤਾਬਿਕ ਮਹਾਤਮਾ ਗਾਂਧੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਿਹਾ ਕਿ ਪਾਕਿਸਤਾਨ ਸਾਡਾ ਛੋਟਾ ਭਰਾ ਹੈ। ਇਸ ਦੀ ਕੁਝ ਮੱਦਦ ਕਰਨੀ ਚਾਹੀਦੀ ਹੈ। ਪੰਡਿਤ ਨਹਿਰੂ ਨੇ ਬਾਬੂ ਦੇ ਕਹਿਣ ‘ਤੇ ਪਾਕਿਸਤਾਨ ਨੂੰ 25 ਕਰੋੜ ਰੁਪਏ ਦੇ ਦਿੱਤੇ। ਇਸ ਦੇ ਬਾਅਦ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਸਾਨੂੰ ਬਾਪੂ ਦੇ ਕਾਤਲ ਦਾ ਨਾਂਅ ਦੱਸਣ ਦੀ ਲੋੜ ਨਹੀਂ ਹੈ। ਪੂਰਾ ਦੇਸ਼ ਬਾਪੂ ਦੇ ਕਾਤਲ ਦਾ ਨਾਂਅ ਜਾਣਦਾ ਹੈ। ਬੇਨੀ ਨੇ ਕਿਹਾ ਹੈ ਕਿ ਭਾਜਪਾ ਨੇ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਨ ਵਾਲੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਇਸ ਤੋਂ ਵੱਡਾ ਯੋਗਦਾਨ ਹੋਰ ਕੀ ਹੈ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਾਲੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਲੋਕ ਸਭਾ ਚੋਣ ਤੋਂ ਬਾਅਦ ਕਾਂਗਰਸ ਦੇ ਸੱਤਾ ਵਿੱਚ ਆਉਣ ‘ਤੇ ਜਵਾਹਰ ਲਾਲ ਨਹਿਰੂ ਦੇ ਅਸਲੀ ਉੱਤਰਾਅਧਿਕਾਰੀ ਰਾਹੁਲ ਗਾਂਧੀ ਹੀ ਸਾਡੇ ਪ੍ਰਧਾਨ ਮੰਤਰੀ ਬਣਨਗੇ। ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਦੇ ਵਿਰੁੱਧ ਹਮੇਸ਼ਾ ਤਿੱਖਾ ਸੁਰ ਰੱਖਣ ਵਾਲੇ ਬੇਨੀ ਪ੍ਰਸਾਦ ਨੇ ਕਿਹਾ ਕਿ ਹੁਣ ਉਹ ਅਜਿਹਾ ਨਹੀਂ ਕਰਨਗੇ। ਬੇਨੀ ਦੀ ਮੰਨੀਏ ਤਾਂ ਜੇਕਰ ਉਨ੍ਹਾਂ ਅਜਿਹਾ ਕੀਤਾ ਤਾਂ ਕਾਂਗਰਸ ਉਨ੍ਹਾਂ ਨੂੰ ਛੱਡੇਗੀ ਨਹੀਂ। ਬੇਨੀ ਨੇ ਕਿਹਾ ਸਾਨੂੰ ਖੁਰਾਕ ਸੁਰੱਖਿਆ ਬਿੱਲ ਪਾਸ ਕਰਵਾਉਣ ਦੇ ਲਈ ਸਮਾਜਵਾਦੀ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਹੈ। ਹੁਣ ਮੈਂ ਮੁਲਾਇਮ ਸਿੰਘ ਦੇ ਵਿਰੁੱਧ ਕੁਝ ਨਹੀਂ ਬੋਲਾਂਗਾ, ਨਹੀਂ ਤਾਂ ਕਾਂਗਰਸ ਸਾਨੂੰ ਮਾਰ ਦੇਵੇਗੀ।
‘ਕਾਤਲ’ ਮੋਦੀ ਦੀ ਥਾਂ ਰਾਹੁਲ ਬਣਨਗੇ ਪ੍ਰਧਾਨ ਮੰਤਰੀ : ਬੇਨੀ



