ਗੜ੍ਹਸ਼ੰਕਰ, 17 ਫਰਵਰੀ- ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 55ਵੇਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਅੱਜ ਤੀਜੇ ਦਿਨ ਖੇਡ ਪ੍ਰੇਮੀਆਂ ਨੂੰ ਰੌਚਕ ਫੁਟਬਾਲ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਖੇਡੇ ਗਏ ਮੈਚਾਂ ਤੋਂ ਪਹਿਲਾਂ ਪ੍ਰਿੰ. ਧੀਰਜ ਸ਼ਰਮਾ ਤੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਦੁਪਿਹਰ ਬਾਅਦ ਦੇ ਦੂਜੇ ਮੈਚਾਂ ਵਿੱਚ ਮਨਜੀਤ ਸਿੰਘ ਲਾਲੀ ਅਤੇ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਅੱਜ ਖੇਡੇ ਗਏ ਕਾਲਜ ਵਰਗ ਦੇ ਮੈਚ ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਫੁਟਬਾਲ ਅਕੈਡਮੀ ਬੱਡੋਂ ਨੂੰ 3-1 ਦੇ ਫ਼ਰਕ ਨਾਲ ਹਰਾਇਆ। ਕਲੱਬ ਵਰਗ ਦੇ ਮੈਚ ਵਿੱਚ ਕੇਰਲਾ ਪੁਲੀਸ ਨੇ ਹਰਭਜਨ ਸਪੋਰਟਸ ਕਲੱਬ ਮਾਹਿਲਪੁਰ ਨੂੰ ਪੈਨਲਟੀ ਕਿੱਕ ਰਾਹੀਂ 4-2 ਦੇ ਫਰਕ ਨਾਲ ਹਰਾ ਕੇ ਅਗਲੇ ਗੇੜ ’ਚ ਪ੍ਰਵੇਸ਼ ਕੀਤਾ। ਕਲੱਬ ਵਰਗ ਦੇ ਤੀਜੇ ਮੈਚ ਵਿੱਚ ਪੰਜਾਬ ਪੁਲੀਸ ਜਲੰਧਰ ਨੇ ਟਾਈ ਬ੍ਰੇਕਰ ਰਾਹੀਂ ਆਰ.ਸੀ.ਐਫ. ਕਪੂਰਥਲਾ ਨੂੰ 4-2 ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਦਲਜੀਤ ਸਿੰਘ ਬੈਂਸ ਕੈਨੇਡਾ, ਕੋਚ ਅਲੀ ਹਸਨ, ਮਾ. ਅੱਛਰ ਕੁਮਾਰ ਜੋਸ਼ੀ, ਪ੍ਰਿੰ ਪਰਵਿੰਦਰ ਸਿੰਘ, ਪ੍ਰਿੰ. ਧੀਰਜ ਸ਼ਰਮਾ, ਐਸਡੀਓ ਹਰਬੰਸ ਰਾਏ, ਅਮਰਜੀਤ ਸਿੰਘ ਬੈਂਸ ਤੇ ਪ੍ਰਿਤਪਾਲ ਸਿੰਘ ਯੂ.ਕੇ. ਆਦਿ ਵੀ ਹਾਜ਼ਰ ਸਨ।
ਹਰਭਜਨ ਸਪੋਰਟਸ ਕਲੱਬ ਨੂੰ ਹਰਾ ਕੇ ਕੇਰਲਾ ਪੁਲੀਸ ਅਗਲੇ ਗੇੜ ’ਚ



