ਅਰਜੁਨ ਰਾਮਪਾਲ ਫ਼ਿਲਮ ‘ਆਂਖੇ 2’ ਵਿੱਚ ਅੰਨ੍ਹੇ ਵਿਅਕਤੀ ਦਾ ਕਿਰਦਾਰ ਕਰਨ ਲਈ ਮੁੜ ਤਿਆਰ ਹੈ ਅਤੇ ਅਦਾਕਾਰ ਨੇ ਇਸ ਲਈ ਸਿਖਲਾਈ ਵੀ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਦਾ ਕਹਿਣਾ ਹੈ ਕਿ ਫ਼ਿਲਮ ਆਪਣੇ ਪਹਿਲੇ ਪਾਰਟ ਨਾਲੋਂ ਕਿਤੇ ਵੱਡੀ ਤੇ ਬਿਹਤਰ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਜੁਨ ਨੇ ਕਿਹਾ,‘ਕਰੀਅਰ ਦੌਰਾਨ ‘ਆਂਖੇਂ’ ਮੇਰੇ ਲਈ ਕਾਫ਼ੀ ਅਹਿਮ ਰਹੀ ਹੈ। ਲੋਕ ਅੱਜ ਵੀ ਫ਼ਿਲਮ ਬਾਰੇ ਗੱਲਾਂ ਕਰਦੇ ਹਨ ਤੇ ਮੇਰੇ ਲਈ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ। ਮੈਂ ‘ਆਂਖੇਂ 2’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ ਤੇ ਸਾਡੀ ਇਸ ਨੂੰ ਹੋਰ ਅਗਾਂਹ ਲਿਜਾਣ ਦੀ ਯੋਜਨਾ ਹੈ। ਪਿੱਛੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਕਾਬਿਲ’ ਨੂੰ ਲੋਕਾਂ ਨੇ ਪਸੰਦ ਕੀਤਾ ਸੀ। ਚੁਣੌਤੀ ਕਿਸੇ ਨਾਲ ਮੁਕਾਬਲਾ ਕਰਨ ਵਿੱਚ ਨਹੀਂ ਬਲਕਿ ਅਦਾਕਾਰੀ ਦੇ ਮਿਆਰ ਨੂੰ ਹੋਰ ਉੱਚਾ ਲਿਜਾਣ ਦੀ ਹੈ।’ ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਦੱਖਣੀ ਅਫ਼ਰੀਕਾ ਵਿੱਚ ਸ਼ੁਰੂ ਹੋਵੇਗੀ ਤੇ ਅਰਜੁਨ ਨੂੰ ਪੂਰਾ ਯਕੀਨ ਹੈ ਕਿ ਕੀਮਤੀ ਵਸਤ ਦੀ ਚੋਰੀ ਨਾਲ ਸਬੰਧਤ ਡਰਾਮਾ ਫ਼ਿਲਮ 2002 ਵਿੱਚ ਆਈ ‘ਆਂਖੇਂ’ ਤੋਂ ਕਿਤੇ ਬਿਹਤਰ ਹੋਵੇਗੀ। ਅਰਜੁਨ ਨੇ ਕਿਹਾ,‘ ਫ਼ਿਲਮ ਵਿੱਚ ਇਕ ਜੂਏਖਾਨੇ ਵਿੱਚ ਕੀਤੀ ਚੋਰੀ ਨੂੰ ਵਿਖਾਇਆ ਗਿਆ ਹੈ ਕਿ ਕਿਵੇਂ ਅੱਖਾਂ ਨਾ ਹੋਣ ਦੇ ਬਾਵਜੂਦ ਕੁਝ ਲੋਕ ਲੁੱਟ ਨੂੰ ਅੰਜਾਮ ਦਿੰਦੇ ਹਨ। ਮੈਂ ਆਪਣੇ ਕਾਲਜ ਦੇ ਦਿਨਾਂ ਦੌਰਾਨ ਕੁਝ ਅਜਿਹੇ ਲੋਕਾਂ ਨਾਲ ਸਮਾਂ ਬਿਤਾਇਆ ਹੈ, ਜੋ ਵੇਖਣ ਤੋਂ ਅਸਮਰੱਥ ਸਨ। ਉਹ ਪੂਰੀ ਗਿਣਤੀ ਮਿਣਤੀ ਮੁਤਾਬਕ ਕੰਮ ਕਰਦੇ ਸਨ। ਮੈਂ ਵੀ ਘਰ ਵਿੱਚ ਅੱਖਾਂ ’ਤੇ ਪੱਟੀ ਬੰਨ੍ਹ ਕੇ ਕਾਫ਼ੀ ਪ੍ਰੈਕਟਿਸ ਕੀਤੀ ਹੈ…ਅਸੀਂ ਪਰਦੇ ’ਤੇ ਆਪਣੇ ਕਿਰਦਾਰ ਨੂੰ ਵਾਸਤਵਿਕ ਤਰੀਕੇ ਨਾਲ ਵਿਖਾਉਣ ’ਚ ਸਫ਼ਲ ਰਹਾਂਗੇ।’
ਫ਼ਿਲਮ ਵਿੱਚ ਮੈਗਾਸਟਾਰ ਅਮਿਤਾਭ ਦੀ ਵੀ ਮੁੱਖ ਭੂਮਿਕਾ ਰਹੇਗੀ ਜਦਕਿ ਪਹਿਲੇ ਪਾਰਟ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲਾ ਅਕਸ਼ੈ ਕੁਮਾਰ ਸੀਕੁਅਲ ’ਚ ਨਜ਼ਰ ਨਹੀਂ ਆਏਗਾ। ਅਦਾਕਾਰ ਮੁਤਾਬਕ ਅਕਸ਼ੈ ਅੱਜ ਕੱਲ੍ਹ ਕਾਫ਼ੀ ਰੁੱਝਿਆ ਹੈ ਤੇ ਉਸ ਕੋਲ ਤਰੀਕਾਂ ਦੀ ਘਾਟ ਹੈ। ‘ਆਂਖੇਂ 2’ ਤੋਂ ਇਲਾਵਾ ਅਰਜੁਨ ਆਪਣੀ ਅਗਾਮੀ ਫ਼ਿਲਮ ‘ਡੈਡੀ’ ਵਿੱਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਰੁਨ ਗਾਵਲੀ ਦੇ ਕਿਰਦਾਰ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਹੈ।
ਆਂਖੇਂ 2’ ਹੋਵੇਗੀ ਵੱਡੀ ਤੇ ਬਿਹਤਰ: ਅਰਜੁਨ ਰਾਮਪਾਲ



