ਜ਼ੀਰਾ, 4 ਨਵੰਬਰ (ਦਲਜੀਤ ਸਿੰਘ ਨੂਰਪੁਰ)- ਜ਼ੀਰਾ-ਫ਼ਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਚੂਚਕਵਿੰਡ ਨੇੜੇ ਸੰਘਣੀ ਧੁੰਦ ਅਤੇ ਕਿਸਾਨਾ ਵੱਲੋਂ ਪਰਾਲੀ ਨੂੰ ਲਗਾਈ ਗਈ ਅੱਗ ਦੇ ਵਾਤਾਵਰਣ ਵਿੱਚ ਫ਼ੈਲੇ ਧੂਏਂ ਕਾਰਣ ਇੱਕ ਸਕੂਲ ਵੈਨ ਅਤੇ ਸਕੂਲ ਬੱਸ ਦੀ ਹੋਈ ਸਿੱਧੀ ਆਪਸੀ ਟੱਕਰ ਵਿੱਚ ਸਕੂਲ ਵੈਨ ਚਲਾ ਰਹੇ ਡਰਾਈਵਰ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਜਦ ਕਿ 13 ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 1 ਦੀ ਹਾਲਤ ਗੰਭੀਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਡੀ ਸੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਦੀ ਇੱਕ ਕੁਆਲਿਸ ਗੱਡੀ ਜ਼ੀਰਾ ਤੋਂ ਵਿਦਿਆਰਥੀਆਂ ਨੂੰ ਲੈ ਕੇ ਫ਼ਿਰੋਜ਼ਪੁਰ ਵੱਲ ਜਾ ਰਹੀ ਸੀ , ਕਿ ਪਿੰਡ ਭੜਾਣਾ ਆਦਿ ਤੋਂ ਵਿਦਿਆਰਥੀਆਂ ਨੂੰ ਲੈ ਕੇ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੀ ਸਾਹਮਣੇ ਤੋਂ ਆ ਰਹੀ 1 ਸਕੂਲ ਬੱਸ ਨਾਲ ਪਿੰਡ ਚੂਚਕਵਿੰਡ ਕੋਲ ਇੱਕ ਵਾਹਣ ਨੂੰ ਕਰਾਸ ਕਰਦੇ ਸਮੇਂ ਡੀ ਸੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਦੀ ਕੁਆਲਿਸ ਗੱਡੀ ਦੀ ਸਕੂਲ ਬੱਸ ਨਾਲ ਆਹਮੋ-ਸਾਹਮਣੀ ਜਬਰਦਸਤ ਟੱਕਰ ਹੋ ਗਈ, ਜਿਸ ਕਰਕੇ ਕੁਆਲਿਸ ਗੱਡੀ ਚਲਾ ਰਹੇ ਡਰਾਈਵਰ ਰਵੀ ਕੁਮਾਰ (30) ਪੁੱਤਰ ਸੁਭਾਸ਼ ਚੰਦਰ ਵਾਸੀ ਬਸਤੀ ਮਾਛੀਆਂ, ਜ਼ੀਰਾ ਦੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੋਵਾਂ ਵਾਹਣਾਂ ਵਿੱਚ ਸਵਾਰ 13 ਵਿਦਿਆਰਥੀ ਜਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 1 ਦੀ ਹਾਲਤ ਗੰਭੀਰ ਹੈ । ਸਕੂਲ ਬੱਸ ਦਾ ਡਰਾਈਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ । ਜਖ਼ਮੀ ਵਿਦਿਆਰਥੀਆਂ ਵਿੱਚ ਅੰਸ਼ਪ੍ਰੀਤ ਕੌਰ ਪੁੱਤਰੀ ਮਹਿੰਦਰਜੀਤ ਸਿੰਘ ,ਚੇਤੰਨਿਆਂ ਪੁੱਤਰੀ ਰਾਹੁਲ, ਤਾਨੀਆਂ ਪੁੱਤਰੀ ਨਾਮਾਲੂਮ, ਰਣਜੀਤ ਕੌਰ ਪੁੱਤਰੀ ਹਰਜਿੰਦਜਰ ਸਿੰਘ,ਅੰਕਿਤਾ ਅਤੇ ਸ਼ਿਲਪਾ ਪੁੱਤਰੀ ਸੰਜੀਵ ਕੁਮਾਰ , ਅੰਕਿਸ਼ਾ ਪੁੱਤਰੀ ਸਮਰ , ਸਮਰ ਸਿੰਘ ਪੁੱਤਰ ਕਰਨੈਲ ਸਿੰਘ , ਗੁਰਕਮਲਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀਆਨ ਜ਼ੀਰਾ, ਕਮਲਦੀਪ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਬਸਤੀ ਬੂਟੇਵਾਲੀ ,ਹਰਵਿੰਦਰ ਸਿੰਘ ਅਤੇ ਉਸ ਦੀ ਭੈਣ ਗੁਰਵਿੰਦਰ ਕੌਰ ਪੁੱਤਰੀ ਬਲਕਾਰ ਸਿੰਘ ਵਾਸੀ ਪਿੰਡ ਭੜਾਣਾ ਸ਼ਾਮਿਲ ਹਨ । ਜਖ਼ਮੀ ਵਿਦਿਆਰਥੀਆਂ ਵਿੱਚੋਂ ਇੱਕ ਦੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਸਦੀ ਹਾਲਤ ਗੰਭੀਰ ਹੈ ਜਦ ਕਿ 2 ਵਿਦਿਆਰਥੀਆਂ ਦੀਆਂ ਨੰਤਾਂ ਟੁੱਟ ਗਈਆਂ ਹਨ। ਸਾਰੇ ਜਖ਼ਮੀ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖ਼ੇ ਮੱਢਲੀ ਸਹਾਇਤਾ ਦੇਣ ਤੋਂ ਬਾਅਦ ਵਧੇਰੇ ਇਲਾਜ ਲਈ ਹੋਰ ਵੱਖ਼ –ਵੱਖ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਰੈਫ਼ਰ ਕਰ ਦਿੱਤਾ ਹੈ । ਪ੍ਰਤੱਖ਼ਦਰਸ਼ੀਆਂ ਅਨੁਸਾਰ ਦੋਵਾਂ ਵਾਹਣਾਂ ਦੀ ਟੱਕਰ ਏਨੀ ਜਬਰਦਸਤ ਸੀ ਕਿ ਕੁਆਲਿਸ ਗੱਡੀ ਦੀ ਛੱਤ ਉਡ ਗਈ।
ਸਕੂਲ ਬੱਸ ਅਤੇ ਸਕੂਲ ਵੈਨ ਦੀ ਸਿੱਧੀ ਟੱਕਰ ਵਿੱਚ 1 ਡਰਾਈਵਰ ਹਲਾਕ



