ਨਵੀਂ ਦਿੱਲੀ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਾਲ 1991 ਦੇ ਭੁਗਤਾਨ ਸੰਕਟ ਨੂੰ ਦੁਹਰਾਏ ਜਾਣ ਅਤੇ ਭਾਰਤੀ ਅਰਥ ਵਿਵਸਥਾ ਦੇ ਵਿਸ਼ਵੀਕਰਨ ਦੇ ਰਸਤੇ ਤੋਂ ਪਿੱਛੇ ਹਟਣ ਦੇ ਸੰਦੇਹਾਂ ਨੂੰ ਖਾਰਜ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 1991 ਦੇ ਭੁਗਤਾਨ ਸੰਤੁਲਨ ਸੰਕਟ ਨੂੰ ਦੁਹਰਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਸ ਸਮੇਂ ਭਾਰਤ ‘ਚ ਵਿਦੇਸ਼ੀ ਕਰੰਸੀ ਐਕਸਚੇਂਜ ਨਿਰਧਾਰਿਤ ਦਰ ‘ਤੇ ਸੀ ਪਰ ਹੁਣ ਇਹ ਬਜ਼ਾਰ ਦੇ ਹਵਾਲੇ ‘ਤੇ ਹੈ।

ਉਨ੍ਹਾਂ ਕਿਹਾ ਕਿ ਉਹ ਕੇਵਲ ਰੁਪਏ ‘ਚ ਭਾਰੀ ਉਤਰਾਅ-ਚੜ੍ਹਾਅ ਨੂੰ ਹੀ ਠੀਕ ਕਰ ਸਕਦੇ ਹਨ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਾਲ 1991 ‘ਚ ਦੇਸ਼ ‘ਚ ਕੇਵਲ 15 ਦਿਨ ਦੀ ਜ਼ਰੂਰਤ ਦੀ ਵਿਦੇਸ਼ੀ ਕਰੰਸੀ ਬਚੀ ਸੀ ਪਰ ਹੁਣ ਭਾਰਤ ਕੋਲ 6 ਤੋਂ 7 ਮਹੀਨਿਆਂ ਦੇ ਲਈ ਵਿਦੇਸ਼ੀ ਕਰੰਸੀ ਭੰਡਾਰ ਹੈ। ਇਸ ਲਈ ਦੋਵਾਂ ਸਥਿਤੀਆਂ ‘ਚ ਬਹੁਤ ਫਰਕ ਹੈ।
ਦੇਸ਼ ਦੇ ਚਾਲੂ ਖਾਤੇ ਦੇ ਵੱਡੇ ਘਾਟੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਸੀ ਕਿ ਕੁਝ ਵਰਗਾਂ ਦੇ ਵਿੱਚ ਅਜਿਹਾ ਖਦਸ਼ਾ ਪੈਦਾ ਹੋ ਰਿਹਾ ਹੈ ਕਿ ਦੇਸ਼ 1991 ਦੇ ਆਰਥਿਕ ਸੰਕਟ ਵਾਂਗ ਵੱਧ ਰਿਹਾ ਹੈ। ਵਿਦੇਸ਼ੀ ਮੁਦਰਾ ਹਾਸਿਲ ਕਰਨ ਦੇ ਲਈ ਉਸ ਵੇਲੇ ਦੇਸ਼ ਨੂੰ ਸੋਨਾ ਗਹਿਣੇ ਰੱਖਣਾ ਪਿਆ ਸੀ ਅਤੇ ਆਰਥਿਕ ਸੁਧਾਰ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਪਈ ਸੀ। ਇਸ ਤੋਂ ਬਾਅਦ ਦੇਸ਼ ਵਿਸ਼ਵ ਅਰਥ ਵਿਵਸਥਾ ਨਾਲ ਜੁੜਨ ਦੀ ਰਾਹ ਉੱਪਰ ਆ ਗਿਆ ਸੀ। ਪ੍ਰ੍ਰਧਾਨ ਮੰਤਰੀ ਰਿਜਰਵ ਬੈਂਕ ਦੇ ਇਤਿਹਾਸ ਨਾਲ ਜੁੜਿਆ ਚੌਥਾ ਭਾਗ ‘ਰਿਜਰਵ ਬੈਂਕ ਦਾ ਇਤਿਹਾਸ’ ਮੁੜ ਦੇਖਣ ਅਤੇ ਅੱਗੇ ਦੇਖਣ ਨੂੰ ਜਾਰੀ ਕਰਨ ਦੇ ਸਮਾਗਮ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਦੇ ਰੇਸ ਕੋਰਸ ਸਥਿਤ ਨਿਵਾਸ ਵਿਖੇ ਇੱਕ ਛੋਟੇ ਪਰ ਸਾਦਾ ਸਮਾਗਮ ਵਿੱਚ ਇਸ ਦਸਤਾਵੇਜ ਨੂੰ ਜਾਰੀ ਕੀਤਾ ਗਿਆ। ਇਹ ਪੁੱਛੇਜਾਣ ‘ਤੇ ਕਿ ਚਾਲੂ ਖਾਤੇ ਦਾ ਘਾਟਾ ਹਾਲੇ ਵੀ ਉੱਚ ਪੱਧਰ ‘ਤੇ ਹੈ, ਪ੍ਰਧਾਨ ਮੰਤਰੀ ਨੇ ਮੰਨਿਆ ਕਿ ਇਹ ਸਮੱਸਿਆ ਮੌਜੂਦ ਹੈ ਅਤੇ ਕਿਹਾ ਕਿ ਸੋਨੇ ਦੇ ਵਧੇਰੇ ਆਯਾਤ ਦਾ ਇਸ ਵਿੱਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਅਸੀਂ ਗੈਰ ਉਤਪਾਦਕ ਪ੍ਰਤੀ ਸੰਪਤੀਆਂ ਉੱਪਰ ਵਧੇਰੇ ਨਿਵੇਸ਼ ਕਰ ਰਹੇ ਹਾਂ।
1991 ਦਾ ਆਰਥਿਕ ਸੰਕਟ ਦੁਹਰਾਏ ਜਾਣ ਦਾ ਸਵਾਲ ਹੀ ਨਹੀਂ : ਪ੍ਰਧਾਨ ਮੰਤਰੀ



