ਨਵੀਂ ਦਿੱਲੀ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਭਾਰਤ-ਨੇਪਾਲ ਸਰਹੱਦ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਖਤਰਨਾਕ ਅਤੇ ਪੁਲਿਸ ਦੀ ਕਾਲੀ ਸੂਚੀ ‘ਚ ਸ਼ਾਮਲ ਅਬਦੁਲ ਕਰੀਮ ਟੁੰਡਾ ਨੂੰ ਗ੍ਰਿਫਤਾਰ ਕੀਤਾ ਹੈ। ਲਸ਼ਕਰ-ਏ-ਤਾਇਬਾ ਦਾ ਇਹ ਅੱਤਵਾਦੀ ਬੰਬ ਬਣਾਉਣ ‘ਚ ਮਾਹਰ ਹੈ।

ਇਸ ਅੱਤਵਾਦੀ ‘ਤੇ ਭਾਰਤ ‘ਚ ਕਈ ਬੰਬ ਧਮਾਕਿਆਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਟੁੰਡਾ ਨੂੰ ਦੇਸ਼ ‘ਚ ਅੱਤਵਾਦ ਦਾ ਸਭ ਤੋਂ ਖਤਰਨਾਕ ਅਪਰਾਧੀ ਮੰਨਿਆ ਜਾਂਦਾ ਹੈ। ਇਹ ਦਾਊਦ ਦੇ ਇਸ਼ਾਰਿਆਂ ‘ਤੇ ਵੀ ਕੰਮ ਕਰਦਾ ਹੈ। 70 ਸਾਲਾ ਟੁੰਡਾ ਦੇ ਵਿਰੁੱਧ ਪੁਲਿਸ ਕੋਲ 33 ਮਾਮਲੇ ਦਰਜ ਹਨ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਟੁੰਡਾ ਨੂੰ ਗ੍ਰਿਫ਼ਤਾਰ ਕੀਤਾ। 1996 ਤੋਂ 1998 ਦੇ ਵਿਚਾਲੇ ਦਿੱਲੀ, ਪਾਣੀਪਤ, ਸੋਨੀਪਤ, ਲੁਧਿਆਣਾ, ਜਲੰਧਰ, ਕਾਹਨਪੁਰ ਅਤੇ ਵਾਰਾਣਸੀ ਵਿੱਚ ਹੋਏ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਟੁੰਡਾ ਪਿੱਛਲੇ 2 ਸਾਲਾ ਤੋਂ ਯੂ.ਏ.ਈ., ਬੰਗਲਾ ਦੇਸ਼ ਅਤੇ ਨੇਪਾਲ ਵਿੱਚ ਲੁਕਿਆ ਹੋਇਆ ਸੀ। ਟੁੰਡਾ ਦੀ ਗ੍ਰਿਫ਼ਤਾਰੀ ਨੂੰ ਭਾਰਤੀ ਸੁਰਖਿਆ ਏਜੰਸੀਆਂ ਵੱਡੀ ਸਫ਼ਲਤਾ ਮੰਨ ਰਹੀਆਂ ਹਨ। ਅਬਦੁਲ ਕਰੀਮ ਟੁੰਡਾ ਲਸ਼ਕਰ-ਏ-ਤਾਇਬਾ ਦਾ ਬੰਬ ਐਕਸਪਰਟ ਹੈ। ਟੁੰਡਾ ਦਾਊਦ ਅਤੇ ਹਾਫਿਜ਼ ਸਇਅਦ ਦਾ ਕਰੀਬੀ ਹੈ। ਸੰਨ 2000 ਤੋਂ 2005 ਵਿਚਾਲੇ ਮੰਨਿਆ ਜਾਂਦਾ ਸੀ ਕਿ ਟੁੰਡਾ ਮਰ ਚੁੱਕਿਆ ਹੈ, ਪਰ 2005 ਵਿੱਚ ਜਥੇਬੰਦੀ ਚੀਫ ਕੁਆਰਡੀਨੇਟਰ ਅਬਦੁਲ ਰਜਾਕ ਮਸੂਦ ਦੀ ਗ੍ਰਿਫ਼ਤਾਰੀ ਦੇ ਬਾਅਦ ਖੁਸਾਸਾ ਹੋਇਆ ਕਿ ਟੁੰਡਾ ਹਾਲੇ ਜਿਉਂਦਾ ਹੈ। ਉਸ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਸ ਦੀ ਪਤਨੀ ਅਤੇ 2 ਬੱਚੇ ਵੀ ਹਨ। ਗ੍ਰਿਫ਼ਤਾਰੀ ਦੌਰਾਨ ਟੁੰਡੇ ਕੋਲੋਂ ਇੱਕ ਪਾਕਿਸਤਾਨ ‘ਚ ਬਣਿਆ ਪਾਸਪੋਰਟ ਵੀ ਹਾਸਿਲ ਹੋਇਆ ਹੈ। ਜਲੰਧਰ ਵਿਖੇ ਹੋਏ ਇੱਕ ਬੰਬ ਧਮਾਕੇ ਵਿੱਚ ਜਲੰਧਰ ਪੁਲਿਸ ਵੱਲੋਂ ਵੀ ਟੁੰਡਾ ਨੂੰ ਰਿਮਾਂਡ ‘ਤੇ ਲਿਆਂਦੇ ਜਾਣ ਦੀ ਸੰਭਾਵਨਾ ਹੈ।
ਲਸ਼ਕਰ ਅੱਤਵਾਦੀ ਅਬਦੁਲ ਕਰੀਮ ਟੁੰਡਾ ਗ੍ਰਿਫ਼ਤਾਰ



