ਮਾਨਸਾ 13 ਅਕਤੂਬਰ (ਜੀਵਨ ਕ੍ਰਾਂਤੀ) ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਤੇ ਉਨ੍ਹਾਂ ਦੀ ਪਤਨੀ ਡਾ. ਮਨੋਜ ਬਾਲਾ ਨੇ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿਚ ‘ਸੋਚ ਬਦਲੋ-ਸਿਸਟਮ ਬਦਲੋ’ ਰੈਲੀ ਕਰਕੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਵਪਾਰੀਆਂ, ਕਾਰੋਬਾਰੀਆਂ ਸਬੰਧੀ ਸਰਕਾਰਾਂ ਦੀ ਧੱਕੇਸ਼ਾਹੀ ਬੰਦ ਕਰਨ ਅਤੇ ਉਨ੍ਹਾਂ ਦੇ ਚੰਗੇ ਜੀਵਨ ਪ੍ਰਬੰਧ ਲਈ ਸਿਸਟਮ ਨੂੰ ਬਦਲਣ ਦਾ ਸੱਦਾ ਦਿੱਤਾ ਹੈ। ਇਸ ਰੈਲੀ ਵਿਚ ਲੋਕਾਂ ਦਾ ਭਾਰੀ ਇਕੱਠ ਜੁੜਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਦਰਜ ਪਰਚਿਆਂ ਦਾ ਡਰ ਦੇ ਕੇ ਰਾਜਨੀਤੀ ਤੋਂ ਦੂਰ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 1989 ਵਿਚ ਇੱਕ ਭ੍ਰਿਸ਼ਟ ਮੰਤਰੀ ਵੱਲੋਂ ਰਿਸ਼ਵਤ ਲਏ ਜਾਣ ਦਾ ਖੁਲਾਸਾ ਕਰਨ ਤੋਂ ਬਾਅਦ ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਗਿਆ ਅਤੇ ਸਰਕਾਰੀ ਵਕੀਲ ਤੋਂ ਲੈ ਕੇ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਵੀ ਕੀਤੀ।
ਹੁਣ ਜਦ ਲੋਕਾਂ ਦੀ ਵੱਡੀ ਹਮਾਇਤ ਅਤੇ ਸੱਚ ਦੀ ਆਵਾਜ਼ ਤਕੜੀ ਹੋਈ ਹੈ ਤਾਂ ਉਨ੍ਹਾਂ ਦਾ ਨਾਂਅ ਚੌਲ ਘੁਟਾਲਿਆਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ ਭੋਰਾ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚਿੱਟਾ, ਸਮੈਕ ਅਤੇ ਹੋਰ ਨਸ਼ੇ ਸਰਕਾਰਾਂ ਦੀ ਦੇਣ ਹਨ, ਕਿਸਾਨ ਕਰਜ਼ੇ ਕਾਰਨ ਮਰ ਰਿਹਾ ਹੈ ਪਰ ਇਸ ਦਾ ਫਿਕਰ ਕਰਨ ਦੀ ਬਜਾਏ ਸਰਕਾਰ ਅਤੇ ਉਸ ਦੇ ਦਲਾਲ ਐਸ਼ ਪ੍ਰਸਤੀ ਕਰਨ ’ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੱਲੇਦਾਰਾਂ ਦੇ ਕੰਮਾਂ ਅਤੇ ਟਰੱਕ ਯੂਨੀਅਨਾਂ ਤੋਂ ਮੋਟਾ ਪੈਸੇ ਲੈ ਰਹੀ ਹੈ। ਅੱਜ ਸੂਬੇ ਅੰਦਰ ਫੈਕਟਰੀਆਂ, ਸ਼ੈਲਰ ਤਬਾਹ ਹੋ ਗਏ ਹਨ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੀਰਾ ਕਹਿਕੇ ਸ਼ਾਮਿਲ ਕੀਤਾ ਸੀ ਪਰ ਜਦ ਇਹ ਹੀਰਾ ਭ੍ਰਿਸ਼ਟਾਚਾਰ ਵਿਚ ਮਿਕਸ ਨਾ ਹੋਇਆ ਤਾਂ ਉਨ੍ਹਾਂ ਨੂੰ ਅਣਦੇਖਿਆ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੋਲ ਖੋਲ੍ਹੋ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਚਿੱਟੇ ਸਮੇਤ ਨਸ਼ੇ ਦਾ ਪੂਰਾ ਕਾਰੋਬਾਰ ਮਿੰਟਾਂ ਵਿਚ ਬੰਦ ਕਰਵਾ ਸਕਦੀ ਹੈ।ਟਿਕਟ ਕਿਸ ਨੂੰ ਦੇਣੀ ਹੈ ਇਹ ਪਾਰਟੀ ਨੂੰ ਦੇਖ ਲੈਣਾ ਚਾਹੀਦਾ ਹੈ। ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੀ ਧਰਮ ਪਤਨੀ ਡਾ. ਮਨੋਜ ਬਾਲਾ ਚੋਣ ਮੈਦਾਨ ਵਿਚ ਆਉਣਗੇ ਪਰ ਲੋਕਾਂ ਦੇ ਇਕੱਠ ਨੇ ਉਨ੍ਹਾਂ ਨੂੰ ਅੱਜ ਲੋਕਾਂ ਵੱਲੋਂ ਟਿਕਟ ਮਿਲ ਗਈ ਹੈ। ਇਸ ਮੌਕੇ ਪ੍ਰੇਮ ਸਿੰਘ ਦੋਦੜਾ, ਪੱਲੇਦਾਰ ਯੂਨੀਅਨ ਦੇ ਜਰਨੈਲ ਸਿੰਘ ਖਾਲਸਾ, ਆਪ ਛੱਡ ਕੇ ਆਏ ਗੁਰਜੰਟ ਸਿੰਘ ਅਲੀਸ਼ੇਰ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ, ਵਪਾਰੀ, ਕਿਸਾਨ, ਮਜ਼ਦੂਰ, ਔਰਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸੋਚ ਅਤੇ ਸਿਸਟਮ ਬਦਲੇ ਬਿਨਾਂ ਨਹੀਂ ਹੋਵੇਗਾ ਲੋਕਾਂ ਦਾ ਭਲਾ : ਮੰਗਤ ਰਾਏ ਬਾਂਸਲ



