ਪਾਤੜਾਂ, 6 ਅਕਤੂਬਰ (ਹਰਭਜਨ ਸਿੰਘ ਮਹਿਰੋਕ)- ਸਬ ਡਵੀਜਨ ਪਾਤੜਾਂ ਦੇ ਪਿੰਡ ਸ਼ੁਤਰਾਣਾ ਵਿਖੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕਸ਼ੀ ਕੀਤੀ ਹੈ। ਮ੍ਰਿਤਕ ਕਿਸਾਨ ਹਰਪਾਲ ਸਿੰਘ (41) ਪੁੱਤਰ ਇੰਦਰ ਸਿੰਘ ਵਾਸੀ ਪਿੰਡ ਸ਼ੁਤਰਾਣਾ (ਪਟਿਆਲਾ) ਦੀ ਪਤਨੀ ਪਰਮਜੀਤ ਕੌਰ, ਮਾਤਾ ਪ੍ਰੀਤਮ ਕੌਰ ਤੇ ਭਰਾ ਸਾਹਿਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਿਰ ਬੈਂਕਾਂ ਤੇ ਸ਼ਾਹੂਕਾਰਾਂ ਦਾ ਬਹੁਤ ਜ਼ਿਆਦਾ ਕਰਜ਼ਾ ਸੀ ਜਿਸ ਕਰਕੇ ਹਰਪਾਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਤਣਾਅ ਵਿਚ ਰਹਿ ਰਿਹਾ ਸੀ ਤੇ ਬਾਅਦ ਦੁਪਹਿਰ ਉਹ ਬਿਨਾ ਕਿਸੇ ਨੂੰ ਦੱਸੇ ਘਰੋਂ ਬਾਹਰ ਚਲਾ ਗਿਆ ਤੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਵਾਪਿਸ ਘਰ ਆਉਂਦੇ ਹੀ ਉਹ ਵੇਹੜੇ ਵਿਚ ਡਿੱਗ ਪਿਆ ਤਾਂ ਪਰਿਵਾਰਕ ਮੈਂਬਰ ਗੰਭੀਰ ਹਾਲਤ ਵਿਚ ਹਰਪਾਲ ਸਿੰਘ ਨੂੰ ਡਾਕਟਰ ਕੋਲ਼ ਲੈ ਗਏ ਪਰ ਡਾਕਟਰ ਨੇ ਉਸ ਨੂੰਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਪੀੜਿਤ ਪਰਿਵਾਰ ਨੇ ਮ੍ਰਿਤਕ ਨੂੰ ਘਰ ਲਿਆ ਕੇ ਉਸ ਦਾ ਸਸਕਾਰ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਛੋਟਾ ਬੱਚਾ ਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ ਪਰ ਬਜ਼ੁਰਗ ਪਿਤਾ ਆਪਣੇ ਜਵਾਨ ਪੁੱਤਰ ਦੀ ਮੌਤ ਤੋਂ ਭਾਰੀ ਸਦਮੇਂ ‘ਚ ਹੋਣ ਕਰਕੇ ਹਸਪਤਾਲ ਵਿਚ ਦਾਖਲ ਹੈ ਜਿਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਪੀੜਿਤ ਪਰਿਵਾਰ ਵੱਲੋਂ ਸਰਕਾਰ ਤੋਂ ਤੁਰੰਤ ਆਰਥਿੱਕ ਮਦਦ ਦੀ ਮੰਗ ਕੀਤੀ ਗਈ ਹੈ।



