ਬਰਨਾਲਾ, 2 ਅਕਤੂਬਰ (ਨਿਰਮਲ ਸਿੰਘ ਪੰਡੋਰੀ)- ਪੰਜਾਬ ਪ੍ਰਦੇਸ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਚ ਸੁਰੂ ਕੀਤੀ ੂ ਹਲਕੇ ਚ ਕੈਪਟਨੂ ਮੁਹਿੰਮ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਅੱਜ ਮਹਿਲ ਕਲਾਂ ਵਿਖੇ ਪਹੁੰਚੇ। ਪਰ ਇਹ ਸਮਾਗਮ ਸਫਲ ਘੱਟ ਤੇ ਧੜੇਬੰਦੀ ਚ ਉਲਝਿਆ ਜਿਆਦਾ ਰਿਹਾ। ਸਮਾਗਮ ਤੋਂ ਇੱਕ ਦਿਨ ਪਹਿਲਾ ਅਨਾਜ ਮੰਡੀ ਮਹਿਲ ਕਲਾਂ ਚ ਫਲੈਕਸ ਬੋਰਡਾਂ ਨੂੰ ਲੈ ਕੇ ਵਿਧਾਇਕ ਹਰਚੰਦ ਕੌਰ ਘਨੌਰੀ ਤੇ ਦਾਅਵੇਦਾਰੀ ਜਿਤਾ ਰਹੇ ਗੁਰਮੇਲ ਸਿੰਘ ਮੌੜ ਦੇ ਸਮਰਥਕਾਂ ਚ ਟਕਰਾਅ ਵੇਖਣ ਨੂੰ ਮਿਲਿਆ। ਅੱਜ ਰੈਲੀ ਸਥਾਨ ਤੇ ਕੈਪਟਨ ਦੇ ਪਹੁੰਚਣ ਤੋਂ ਪਹਿਲਾਂ ਵੀ ਉਕਤ ਦੋਨਾਂ ਆਗੂਆਂ ਦੇ ਸਮਰਥਕ ਪੰਡਾਲ ਵਿੱਚ ਲੱਗੀਆਂ ਕੁਰਸੀਆਂ ਤੇ ਅਗਲੀਆਂ ਲਾਈਨਾਂ ਤੇ ਬੈਠਣ ਨੂੰਲੈ ਕੇ ਧੱਕਾ ਮੁੱਕੀ ਅਤੇ ਗਾਲੀ ਗਲੋਚ ਹੋਏ।
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਤੇ ਸਮੇਂ ਤੋਂ 2 ਘੰਟੇ ਦੇਰੀ ਨਾਲ ਪਹੁੰਚੇ। ਸਾਮ 4 ਵਜੇ ਲੋਕਾਂ ਦੀ ਉਡੀਕ ਖਤਮ ਹੋਈ ਅਤੇ ਲੋਕਾਂ ਦੇ ਰੂ ਬ ਰੂ ਕੈਪਟਨ ਸਟੇਜ ਤੇ ਰੱਖੀ ਵਿਸ਼ੇਸ਼ ਕੁਰਸੀ ਤੇ ਬੈਠ ਗਏ। ਇਸ ਸਮੇਂ ਤੱਕ ਜਿਹੜੇ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੇ ਸਨ,ਉਨ੍ਹਾਂ ਵਿੱਚੋਂ ਜ਼ਿਆਦਾਤਰ ਕੈਪਟਨ ਦੇ ਦੇਰੀ ਨਾਲ ਪਹੁੰਚਣ ਕਾਰਨ ਰੈਲੀ ਚੋ ਜਾ ਚੁੱਕੇ ਸਨ। ਜਿਨ੍ਹਾਂ ਲੋਕਾਂ ਨੇ ਕੈਪਟਨ ਸਾਹਮਣੇ ਆਪਣੀਆਂ ਨਿੱਜੀ ਸ਼ਿਕਾਇਤਾਂ ਰੱਖੀਆਂ ਉਨ੍ਹਾਂ ਦਾ ਤਸੱਲੀ ਬਖਸ ਜਵਾਬ ਦੇਣ ਦੀ ਬਜਾਏ ਇਹ ਕਹਿੰਦੇ ਰਹੇ ਕਿ ਪਹਿਲਾ ਕਾਂਗਰਸ ਦੀ ਸਰਕਾਰ ਬਣਾਓ ਫੇਰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।ਹਲਕੇ ਤੋਂ ਤੀਜੀ ਵਾਰ ਟਿਕਟ ਮਿਲਣ ਦਾ ਦਾਅਵਾ ਕਰ ਰਹੀ ਬੀਬੀ ਹਰਚੰਦ ਕੌਰ ਘਨੌਰੀ ਦੇ ਇੱਕ ਸਮਰਥਕ ਵੱਲੋਂ ਬੀਬੀ ਘਨੌਰੀ ਦੀ ਕਾਰਗੁਜ਼ਾਰੀ ਦਾ ਗੁਣਗਾਨ ਕਰਕੇ ਫਿਰ ਟਿਕਟ ਦੇਣ ਦੀ ਗੱਲ ਕੀਤੀ ਗਈ ਤਾਂ ਕੈਪਟਨ ਨੇ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ ਕਿ ਟਿਕਟ ਦੇ ਦਾਅਵੇਦਾਰਾਂ ਦੇ ਫਾਰਮ ਦਿੱਲੀ ਹਾਈਕਮਾਂਡ ਕੋਲ ਭੇਜੇ ਜਾਣਗੇ ਤੇ ਸਾਰਾ ਫੈਸਲਾ ਹਾਈਕਮਾਂਡ ਕਰੇਗੀ। ਇਸ ਸਮੇਂ ਸਮਾਗਮ ਉਪਰੰਤ ਮੀਡੀਆ ਦੇ ਰੂ ਬ ਰੂ ਹੋਣ ਦੀ ਬਜਾਏ ਕੈਪਟਨ ਗੱਡੀ ਵਿੱਚ ਚਲਦੇ ਬਣੇ। ਸਮਾਗਮ ਤੋਂ ਬਾਅਦ ਵਿਧਾਇਕ ਘਨੌਰੀ ਸਮਰਥਕ ਕੈਪਟਨ ਦੇ ਸਮਾਗਮ ਚ ਲੇਟ ਪਹੁੰਚਣ ਤੇ ਜਿਥੇ ਨਰਾਜ਼ਗੀ ਜਿਤਾ ਰਹੇ ਸਨ, ਉਥੇ ਸਮਾਗਮ ਤੋਂ ਇੱਕ ਦਿਨ ਪਹਿਲਾਂ ਤੇ ਮੌਕੇ ਉੱਪਰ ਦੋ ਧਿਰਾਂ ਚ ਹੋਏ ਝਗੜੇ ਦਾ ਜਿੰਮੇਵਾਰ ਬਰਨਾਲਾ ਤੋਂ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਦੱਸ ਰਹੇ ਸਨ।
‘ਹਲਕੇ ਵਿੱਚ ਕੈਪਟਨ’ ਸਮਾਗਮ ਚੜਿਆ ਧੜੇਬਾਜ਼ੀ ਦੀ ਭੇਂਟ-ਸਮਾਗਮ ਦੌਰਾਨ ਕਾਂਗਰਸੀ ਹੋਏ ਗੁੱਥਮ-ਗੁੱਥੀ



