ਲਹਿਰਾਗਾਗਾ, 19 ਸਤੰਬਰ (ਗਗਨਦੀਪ ਕਲੇਰ)- ਸ਼ਹਿਰ ਲਹਿਰਾਗਾਗਾ ਦੇ ਜੀ.ਪੀ.ਐਫ. ਧਰਮਸ਼ਾਲਾ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਰੱਖੀ ਗਈ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਹਿਰਾ ਹਲਕੇ ਦੇ 20 ਪਿੰਡਾਂ ਦੇ ਕਾਂਗਰਸੀ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਜਿਸ ਵਿੱਚ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਇਸਲਈ ਲੋਕ ਇਸ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਨਾਲ ਜੁੜ ਰਹੇ ਹਨ।ਫੁੱਟ ਪਾਉਣ ਵਾਲੇ ਅੰਗਰੇਜਾਂ ਨੂੰ ਤਾਂ ਪੰਜਾਬੀਆਂ ਨੇ ਕੱਢ ਦਿੱਤਾ, ਹੁਣ ਪਖੰਡੀ ਕੇਜਰੀਵਾਲ ਨੂੰ ਕੱਢਣਾ ਬਾਕੀ ਹੈ।ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਮਿਹਨਤੀ ਅਤੇ ਬਲੀਦਾਨ ਦੇਣ ਵਾਲੇ ਵਰਕਰਾਂ ਨੂੰ ਅਣਦੇਖਿਆ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਆਪਣੀ ਮਨ ਮਰਜੀ ਨਾਲ ਖਤਮ ਕੀਤੀਆਂ ਜਾ ਰਹੀਆਂ ਹਨ। ਅਕਾਲੀ ਭਾਜਪਾ ਸਰਕਾਰ ਤੇ ਵਿਅੰਗ ਕਸਦਿਆਂ ਕਿਹਾ ਕਿ ਪਾਣੀ ਵਿੱਚ ਬੱਸਾਂ ਚਲਾਉਣ ਵਾਲਾ ਅਤੇ ਹਵਾ ਵਿੱਚ ਮੱਛੀਆਂ ਉਡਾਉਣ ਵਾਲਾ ਪੰਜਾਬ ਵਿੱਚ ਝਾਤ ਮਾਰ ਕੇ ਵੇਖੇ ਜਿੰਨ੍ਹਾਂ ਮਾਵਾਂ ਦੇ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਧਸ ਗਏ ਅਤੇ ਆਪਣੀਆਂ ਜਵਾਨੀਆਂ ਖਤਮ ਕਰ ਬੈਠੇ ਹਨ।ਸੁਨਾਮ ਤੋਂ ਲਹਿਰਾ ਮੁੱਖ ਮਾਰਗ ਤੇ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਲੋਕ ਆਉਣ ਜਾਣ ਲਈ ਲੰਬਾ ਗੇੜ ਪਾ ਕੇ ਪਿੰਡਾਂ ਦੀਆਂ ਅੰਦਰੂਨੀ ਸੜਕਾਂ ਤੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਲਹਿਰਾਗਾਗਾ ਦੀ ਨੂੰਹ ਬਣ ਕੇ ਆਈ ਸੀ ਅਤੇ ਮਰਦੇ ਦਮ ਤੱਕ ਲਹਿਰਾ ਹਲਕੇ ਦਾ ਸਾਥ ਨਹੀਂ ਛੱਡਾਂਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਬੁਢਾਪਾ ਅਤੇ ਵਿਧਵਾ ਪੈਨਸ਼ਨ 2000 ਰੁਪਏ ਅਤੇ ਸ਼ਗਨ ਸਕੀਮ 51000 ਰੁਪਏ ਕਰ ਦਿੱਤੀ ਜਾਵੇਗੀ।ਕਿਸਾਨਾਂ, ਮਜ਼ਦੂਰਾਂ, ਵਪਾਰੀ ਵਰਗ ਦੇ ਬੈਂਕਾਂ ਦਾ ਕਰਜ਼ ਮੂਆਫ ਕਰ ਦਿੱਤਾ ਜਾਵੇਗਾ।ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਆਉਣ ਵਾਲੀਆਂ 2017 ਵਿਧਾਨ ਸਭਾ ਚੌਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਅਤੇ ਅਕਾਲੀਆਂ ਨੂੰ ਮੂੰਹ ਨਾ ਲਗਾਉਣ।ਇਸ ਮੌਕੇ ਈਸ਼ਰ ਕੋਚ, ਸਨਮੀਕ ਹੈਨਰੀ, ਰਾਜੇਸ਼ ਭੋਲਾ, ਪ੍ਰੇਮਪਾਲ ਅਲੀਸ਼ੇਰ, ਕਾਹਨ ਚੰਦ ਬਾਂਸਲ, ਸੰਜੀਵ ਹਨੀ, ਸੁਰੇਸ਼ ਠੇਕੇਦਾਰ, ਸੋਮ ਨਾਥ ਭੱਠੇ ਵਾਲੇ, ਜਸਵਿੰਦਰ ਰਿੰਪੀ, ਰਵਿੰਦਰ ਸ਼ਰਮਾ, ਰਵਿੰਦਰ ਰਿੰਕੂ, ਕ੍ਰਿਪਾਲ ਨਾਥਾ, ਮਾਲਵਾ ਜੋਨ 2 ਦੇ ਵਾਇਸ ਚੇਅਰਮੈਨ ਰਾਜ ਕੁਮਾਰ, ਜਿਲ੍ਹਾ ਚੇਅਰਮੈਨ ਮਲਕੀਤ ਸਿਘ ਬਿੱਲਾ, ਐਸ.ਸੀ. ਸੈੱਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਜਨਾਲ, ਸਸ਼ਪਾਲ ਰਟੌਲਾਂ, ਮਨਦੀਪ ਕਾਲੀਆ, ਵਰਿੰਦਰ ਵਿੱਕੀ ਆਦਿ ਹਾਜ਼ਰ ਸਨ।
ਲੋਕ ‘ਆਪ’ ਨੂੰ ਅਲਵਿਦਾ ਕਹਿ ਕੇ ਕਾਂਗਰਸ ਨਾਲ ਜੁੜ ਰਹੇ ਹਨ : ਭੱਠਲ



