ਤਲਵੰਡੀ ਸਾਬੋ, 19 ਸਤੰਬਰ (ਰਾਮ ਰੇਸ਼ਮ ਨਥੇਹਾ)- ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ‘ਜਪੁਜੀ ਸਾਹਿਬ’ ਨੂੰ ਪਾਕਿਸਤਾਨ ਵਿੱਚ ਸਿੱਖਿਆ ਸਿਲੇਬਸ ਵਿੱਚ ਸ਼ਾਮਿਲ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਨਾ ਕੇਵਲ ਪਾਕਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਬੱਚੇ ਸਗੋਂ ਗੈਰ ਸਿੱਖ ਵਿਦਿਆਰਥੀ ਵੀ ਪਵਿੱਤਰ ਬਾਣੀ ਨਾਲ ਜੁੜ ਸਕਣਗੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਦੇ ਮੁੱਖ ਅਸਥਾਨ ਗੁ:ਦੇਗਸਰ ਬੇਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਦਮਦਮਾ ਸਾਹਿਬ ਤੋਂ ਜਾਰੀ ਪ੍ਰੈੱਸ ਬਿਆਨ ਰਾਂਹੀ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚਲੀਆਂ ਦੋ ਯੂਨੀਵਰਸਿਟੀਆਂ ਪੰਜਾਬ ਯੁਨੀਵਰਸਿਟੀ ਲਾਹੌਰ ਅਤੇ ਨੈਸ਼ਨਲ ਯੁੂਨੀਵਰਸਿਟੀ ਆਫ ਮਾਡਰਨ ਲੈਂਗਵੇਜਜ ਇਸਲਾਮਾਬਾਦ ਦੇ ਪੰਜਾਬੀ ਐੱਮ.ਏ ਦੇ ਨਵੇਂ ਸਿਲੇਬਸ ਵਿੱਚ ‘ਜਪੁਜੀ ਸਾਹਿਬ’ ਨੂੰ ਸ਼ਾਮਿਲ ਕੀਤਾ ਗਿਆ ਹੈ।ਇਹੀ ਨਹੀ ਸਗੋਂ ਪੰਜਾਬ ਸਕੂਲ ਬੋਰਡ ਲਾਹੌਰ ਵੱਲੋਂ ਸਕੂਲੀ ਸਿਲੇਬਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਸਬੰਧੀ ਪੜਾਈ ਕਰਵਾਏ ਜਾਣ ਨੂੰ ਮੰਜੂਰੀ ਦੇਣਾ ਇੱਕ ਬਹੁਤ ਵਧੀਆ ਕਦਮ ਹੈ ਅਤੇ ਇਸ ਨਾਲ ਜਿੱਥੇ ਸਮੁੱਚੇ ਪਾਕਿਸਤਾਨੀ ਸਿੱਖਾਂ ਨੂੰ ਸਨਮਾਨ ਮਿਲਿਆ ਹੈ ਉੱਥੇ ਸਮੁੱਚੇ ਦੁਨੀਆਂ ਦੇ ਸਿੱਖ ਉਕਤ ਦੋਵਾਂ ਯੂਨੀਵਰਸਿਟੀਆਂ ਦੇ ਨਾਲ ਨਾਲ ਪੰਜਾਬ ਸਕੂਲ ਬੋਰਡ ਲਾਹੌਰ ਦਾ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪਾਕਿਸਤਾਨ ਵਿੱਚ ਰਹਿੰਦੇ ਗੈਰ ਸਿੱਖਾਂ ਨੂੰ ਸਿੱਖ ਧਰਮ ਬਾਰੇ ਜਾਨਣ ਦਾ ਮੌਕਾ ਮਿਲੇਗਾ।
ਇੱਕ ਵੱਖਰੇ ਬਿਆਨ ਰਾਂਹੀ ਬੁੱਢਾ ਦਲ ਮੁਖੀ ਨੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ ਵਿੱਚ ਸਥਾਪਿਤ ਕਰਨ ਨੂੰ ਵੀ ਇੱਕ ਵਧੀਆ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਫਰਾਂਸ ਦੇ ਲੋਕ ਸਿੱਖਾਂ ਦੇ ਧਾਰਮਿਕ ਵਿਰਸੇ ਬਾਰੇ ਜਾਣ ਸਕਣਗੇ ਅਤੇ ਅਜਿਹੇ ਬੁੱਤ ਲਾਉਣ ਨਾਲ ਵਿਦੇਸ਼ੀ ਲੋਕਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣੂੰ ਕਰਵਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਹੁੰਦੇ ਨਸਲੀ ਹਮਲਿਆਂ ਤੋਂ ਬਚਾਇਆ ਜਾ ਸਕਦਾ ਹੈ।
‘ਜਪੁਜੀ ਸਾਹਿਬ’ ਨੂੰ ਪਾਕਿਸਤਾਨ ਵਿੱਚ ਸਿੱਖਿਆ ਸਿਲੇਬਸ ਵਿੱਚ ਸ਼ਾਮਿਲ ਕਰਨਾ ਸ਼ਲਾਘਾਯੋਗ ਕਦਮ’



