Skip to content
Independent perspectives. Global stories.
BREAKING

ਪਠਾਨਕੋਟ ਹਮਲਾ: ਪਾਕਿਸਤਾਨੀ ਜਾਂਚ ਟੀਮ ਭਾਰਤ ਤੋਂ ਹੋਰ ਸਬੂਤ ਮੰਗੇਗੀ

Share this story

nawab

ਜਾਂਚ ਟੀਮ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ

ਲਾਹੌਰ, 1 ਫਰਵਰੀ (ਪੀ. ਟੀ. ਲਾਇਵ)- ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼੍ਰੀ ਨਵਾਜ਼ ਸ਼ਰੀਫ ਵੱਲੋਂ ਪਠਾਨਕੋਟ ਏਅਰਬੇਸ ‘ਤੇ ਹਮਲੇ ਦੀ ਜਾਂਚ ਰਿਪੋਰਟ ਜਲਦ ਪੇਸ਼ ਕਰਨ ਦੇ ਦਾਅਵੇ ਦੇ ਬਾਵਜੂਦ ਇਸ ਦੀ ਜਾਂਚ ਕਰ ਰਹੀ ਪਾਕਿਸਤਾਨ ਦੀ ਟੀਮ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਰਹੀ। ਜਾਂਚ ਟੀਮ ਨੇ ਭਾਰਤ ਤੋਂ ਇਸ ਸਬੰਧੀ ਹੋਰ ਸਬੂਤ ਮੰਗਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਭਾਰਤ ਨੇ ਇਹ ਦੋਸ਼ ਲਾਇਆ ਸੀ ਕਿ ਪਠਾਨਕੋਟ ਹਮਲੇ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਸ਼ਾਮਿਲ ਸਨ। ਪਾਕਿਸਾਨ ਦੇ ਇੱਕ ਪ੍ਰਸਿੱਧ ਅਖਬਾਰ ਡਾਨ ਵੱਲੋਂ ਛਾਪੀ ਗਈ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜਾਂਚ ਟੀਮ ਭਾਰਤ ਵੱਲੋਂ ਮੁਹੱਈਆ ਕਰਵਾਏ ਗਏ ਸਬੂਤਾਂ ਨੂੰ ਨਾਕਾਫੀ ਮੰਨ ਰਹੀ ਹੈ ਅਤੇ ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਕੋਈ ਸਿੱਟਾ ਕੱਢਣ ਲਈ ਤਿਆਰ ਨਹੀਂ। ਇੱਕ ਦਿਨ ਪਹਿਲਾਂ ਹੀ ਸ਼੍ਰੀ ਨਵਾਜ਼ ਸ਼ਰੀਫ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਹਮਲੇ ਸਬੰਧੀ ਪਾਕਿਸਤਾਨ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਜਲਦ ਹੀ ਮੁਕੰਮਲ ਹੋ ਜਾਵੇਗੀ ਅਤੇ ਇਸ ਦੀ ਰਿਪੋਰਟ ਭਾਰਤ ਸਰਕਾਰ ਨੂੰ ਦੇ ਦਿੱਤੀ ਜਾਵੇਗੀ। ਪਾਕਿਸਤਾਨ ਦੀ ਸਰਕਾਰ ਨੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਸਬੰਧਿਤ ਦੋਸ਼ੀਆਂ ਖਿਲਾਫ ਕਾਰਵਾਈ ਦਾ ਵੀ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਹੈ। ਨਵੀਂ ਰਿਪੋਰਟ ਤੋਂ ਇਹ ਪਤਾ ਲਗਦਾ ਹੈ ਕਿ ਜਾਂਚ ਟੀਮ ਅਤੇ ਪਾਕਿਸਤਾਨ ਸਰਕਾਰ ਦਰਮਿਆਨ ਤਾਲਮੇਲ ਦੀ ਕਮੀ ਹੈ। ਪਾਕਿਸਤਾਨੀ ਜਾਂਚ ਟੀਮ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਮੁਹੱਈਆ ਕਰਵਾਏ ਗਏ ਸਬੂਤ ਅਤੇ ਫੋਨ ਨੰਬਰਾਂ ਨਾਲ ਇਸ ਘਟਨਾ ਦੀ ਸਾਜ਼ਿਸ਼ ਬਾਰੇ ਕਿਸੇ ਸਿੱਟੇ ‘ਤੇ ਪਹੁੰਚਣਾ ਮੁਸ਼ਕਿਲ ਹੈ, ਕਿਉਂਕਿ ਇਹ ਨੰਬਰ ਅਣਅਧਿਕਾਰਿਤ ਤੌਰ ‘ਤੇ ਵਰਤੇ ਗਏ ਸਨ। ਜਾਂਚ ਟੀਮ ਚਾਹੁੰਦੀ ਹੈ ਕਿ ਭਾਰਤ ਸਰਕਾਰ ਹੋਰ ਠੋਸ ਸਬੂਤ ਮੁਹੱਈਆ ਕਰਵਾਏ ਤਾਂ ਜੋ ਦੋਸ਼ੀ ਅੱਤਵਾਦੀਆਂ ਖਿਲਾਫ ਕਾਰਵਾਈ ਆਰੰਭੀ ਜਾ ਸਕੇ। ਇੱਥੇ ਜ਼ਿਕਰਯੋਗ ਹੈ ਸ੍ਰੀ ਸ਼ਰੀਫ ਨੇ ਪਠਾਨਕੋਟ ਹਮਲੇ ਦੀ ਜਾਂਚ ਲਈ ਪਾਕਿ ਪੰਜਾਬ ਦੇ ਅੱਤਵਾਦ ਵਿਰੋਧੀ    ਵਿਭਾਗ (ਸੀਟੀਡੀ) ਦੇ ਵਧੀਕ ਮਹਾ ਨਿਰਦੇਸ਼ਕ ਰਾਏ ਤਾਹਿਰ ਦੀ ਅਗਵਾਈ ਹੇਠ 6 ਮੈਂਬਰੀ ਟੀਮ ਦਾ ਗਠਨ ਕਤਾ ਸੀ। ਤਾਂ ਜੋ ਇਸ ਗੱਲ ਦੀ ਜਾਂਚ ਕੀਤੀ ਜਾ ਸਕੇ ਕਿ ਪਠਾਨਕੋਟ ਅੱਤਵਾਦੀ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਸੀ।ਇਸ ਜਾਂਚ ਟੀਮ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਮੁਢਲੀ ਜਾਂਚ ਤੋਂ ਬਾਅਦ ਇਸ ਟੀਮ ਵੱਲੋਂ ਭਾਰਤ ਦਾ ਵੀ ਦੌਰਾ ਕੀਤਾ ਜਾਣਾ ਹੈ। ਸ਼ਨੀਵਾਰ ਨੂੰ ਸ਼੍ਰੀ ਨਵਾਜ਼ ਸ਼ਰੀਫ ਨੇ ਲਾਹੌਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਉਸ ਦੇ ਨਤੀਜੇ ਛੇਤੀ ਹੀ ਜਨਤਕ ਕਰ ਦਿੱਤੇ ਜਾਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਜੋ ਵੀ ਤੱਥ ਹੋਣਗੇ ਉਹ ਸਾਹਮਣੇ ਰੱਖੇ ਜਾਣਗੇ। ਆਪਣੇ ਬਿਆਨ ਵਿੱਚ ਉਨ੍ਹਾਂ ਨੇ ਸਖਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਸੀ ਕਿ ਇਸ ਹਮਲੇ ਵਿੱਚ ਸ਼ਾਮਿਲ ਅਨਸਰਾਂ ਦਾ ਪਰਦਾਫਾਸ਼ ਕਰਨ ਲਈ ਪਾਕਿਸਤਾਨ ਸਰਕਾਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਜਾਂਚ ਟੀਮ ਦੇ ਰੁਖ ਤੋਂ ਪਤਾ ਲਗਦਾ ਹੈ ਕਿ ਹਾਲੇ ਇਹ ਮਾਮਲੇ ਹੋਰ ਲੰਬਾ ਚੱਲੇਗਾ।

WRITTEN BY