ਜੇਮਜ਼ ਸਟੋਨ ਵੱਲੋਂ ਕਿੱਤਾਮੁਖੀ ਸਿੱਖਿਆ ਤੇ ਹੁਨਰ ਵਿਕਾਸ ਕੰਮਾਂ ਦੀ ਸ਼ਲਾਘਾ

ਡਾ. ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਉਪਰਾਲਿਆਂ ਬਾਰੇ ਦੱਸਿਆ ਜਲੰਧਰ/ਚੰਡੀਗੜ੍ਹ, 19 ਜਨਵਰੀ- ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਿਮਸ਼ਨ ਦੇ ਪੋਲੀਟੀਕਲ ਰਿਲੇਸ਼ਨ ਦੇ ਫਸਟ ਸੈਕਟਰੀ ਮਿਸਟਰ ਜੇਮਜ਼ ਸਟੋਨ ਵੱਲੋਂ ਅੱਜ ਇੇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਗਈ ਹੈ। ਕੈਨੇਡੀਅਨ ਹਾਈ ਕਮਿਸ਼ਨ ਦੇ ਪੰਜਾਬ ਦੌਰੇ ਦੌਰਾਨ ਮਿਸਟਰ ਸਟੋਨ ਵੱਲੋਂ ਡਾ.ਚੀਮਾ ਨਾਲ ਕੀਤੀ ਇਸ ਮੁਲਾਕਾਤ ਦੌਰਾਨ ਇਕ-ਦੂਜੇ ਨਾਲ ਜਾਣ-ਪਛਾਣ ਅਤੇ ਪੰਜਾਬ ਅਤੇ ਕੈਨੇਡਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮੁਲਾਕਾਤ ਦੌਰਾਨ ਡਾ.ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਅਤੇ ਨਵੇਂ ਉਪਰਾਲਿਆਂ ਦਾ ਜ਼ਿਕਰ ਕੀਤਾ। ਕਮਿਸ਼ਨ ਦੇ ਫਸਟ ਸੈਕਟਰੀ ਵੱਲੋਂ ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ, ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਿੱਤਾਮੁਖੀ ਕੋਰਸਾਂ ਨਾਲ ਜੋੜਨ ਦੇ ਉਪਰਾਿਲਆਂ ਦੀ ਵੀ ਸ਼ਲਾਘਾ ਕੀਤੀ ਗਈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਉਸਾਰਿਆ ਗਿਆ ਹੈ ਉਥੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦਿੰਦਿਆਂ ਵੋਕੇਸ਼ਨਲ ਸਿੱਖਿਆ ਅਤੇ ਖੇਡਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਸੂਬੇ ਦੀ ਆਰਥਿਕਤਾ ਬਾਰੇ ਵਿਚਾਰਾਂ ਕਰਦਿਆਂ ਡਾ.ਚੀਮਾ ਨੇ ਦੱਸਿਆ ਕਿ ਅੱਤਵਾਦ ਦੇ ਸਮੇਂ ਦੌਰਾਨ ਲੀਹੋ ਲੱਥੀ ਆਰਥਿਕਤਾ ਨੂੰ ਮੁੜ ਲੀਹ ’ਤੇ ਚਾੜ੍ਹਨ ਲਈ ਉਦਯੋਿਗਕ ਵਿਕਾਸ ਨੂੰ ਤਰਜੀਹ ਦਿੱਤੀ ਗਈ ਜਿਸ ਲਈ ਪੰਜਾਬ ਵਿੱਚ ਦੋ ਸਫਲ ਨਿਵੇਸ਼ਕ ਸੰਮੇਲਨ ਕਰਵਾਏ ਗਏ। ਨਿਵੇਸ਼ਕਾਂ ਨੂੰ ਖਿੱਚਣ ਲਈ ਸੂਬੇ ਵਿੱਚ ਵਾਧੂ ਬਿਜਲੀ ਪੈਦਾ ਕਰਨ ਵਾਸਤੇ ਨਵੇਂ ਪਾਵਰ ਪ੍ਰਾਜੈਕਟ ਲਗਾਏ ਅਤੇ ਚਾਰ ਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਪਹਿਲ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਸਦਭਾਵਨਾ ਸਥਾਪਤ ਕਰਨੀ ਹੈ। ਮਿਸਟਰ ਸਟੋਨ ਨੇ ਪੰਜਾਬ ਸਰਕਾਰ ਨੇ ਨਵੇਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੈਨੇਡਾ ਦੀ ਤਰੱਕੀ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਮੁਲਾਕਾਤ ਨਾਲ ਪੰਜਾਬ ਬਾਰੇ ਕਾਫੀ ਜਾਣਕਾਰੀ ਮਿਲੀ।



