ਚੰਡੀਗੜ੍ਹ, 10 ਦਸੰਬਰ (ਨਾਗਪਾਲ)– ਹਰਿਆਣਾ ਦੇ ਵਿਕਾਸ ਤੇ ਪੰਚਾਇਤੀ ਮੰਤਰੀ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਸਰਵਉਚ ਅਦਾਲਤ ਵੱਲੋਂ ਹਰਿਆਣਾ ਵਿਚ ਪੰਚਾਇਤੀ ਚੋਣ ਦੇ ਸਬੰਧੀ ਦਾਇਰ ਅਪੀਲ ’ਤੇ ਦਿੱਤੇ ਗਏ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਇਸ ਫੈਸਲੇ ਦੇ ਬਾਅਦ ਹੁਣ ਹਰਿਆਣਾ ਦੀਆਂ ਪੰਚਾਇਤਾਂ ਸਿੱਖਿਅਤ ਤੇ ਸਵੱਛ ਛਵੀ ਵਾਲੇ ਪ੍ਰਤੀਨਿਧਾਂ ਦੀਆਂ ਹੋਣਗੀਆਂ ਅਤੇ ਇਸ ਨਾਲ ਪਿੰਡਾਂ ਦੇ ਵਿਕਾਸ ਵਿਚ ਹੋਰ ਜਿਆਦਾ ਤੇਜੀ ਹੋਵੇਗੀ। ਸ੍ਰੀ ਧਨਖੜ ਅੱਜ ਨਵੀਂ ਦਿੱਲੀ ਵਿਚ ਸਰਵਉਚ ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਪ੍ਰਤੀਕ੍ਰਿਆ ਦੇ ਰਹੇ ਸਨ। ਇਕ ਪ੍ਰਸ਼ਨ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੋਵੇਗਾ ਜਿੱਥੋਂ ਦੀਆਂ ਪੰਚਾਇਤਾਂ ਸਿੱਖਿਅਤ ਹੋਣਗੀਆਂ। ਉਨ੍ਹਾਂ ਕਿਹਾ ਕਿ 29 ਅਜਿਹੇ ਕੰਮ ਹਨ ਜੋ ਪੰਚਾਇਤਾਂ ਆਪਣੇ ਪੱਧਰ ’ਤੇ ਕਰਵਾ ਸਕਦੀਆਂ ਹਨ। ਇਸ ਲਈ ਪੜ੍ਹੇ ਲਿਖੇ ਪ੍ਰਤੀਨਿਧ ਚੰਗੀ ਯੋਜਨਾ ਬਣਾ ਸਕਦੇ ਹਨ।



