ਚੰਡੀਗੜ੍ਹ, 8 ਦਸੰਬਰ (ਪੀ. ਟੀ.)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ ਨੂੰ ਲਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਪ੍ਰੀਖਿਆ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਟੀ.ਈ.ਟੀ.-1 ਅਤੇ 2 ਦੇਣ ਵਾਲੇ ਕੁੱਲ 1,73,975 ਵਿਦਿਆਰਥੀਆਂ ਲਈ ਬਣਾਏ 333 ਪ੍ਰੀਖਿਆ ਸੈਂਟਰਾਂ ਦੀ ਸਖਤ ਸੁਰੱਖਿਆ ਪ੍ਰਬੰਧਾਂ ਲਈ ਸਿੱਖਿਆ ਵਿਭਾਗ ਨੇ ਸਬੰਧਤ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਸਥਾਪਤ ਕਰ ਲਿਆ ਹੈ ਅਤੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਕੋਈ ਔਖਿਆਈ ਨਹੀਂ ਆਉਣ ਦਿੱਤੀ ਜਾਵੇਗੀ। ਇਹ ਖੁਲਾਸਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼ ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਵੀਡਿਓ ਕਾਨਫਾਰਸਿੰਗ ਰਾਹੀਂ ਮੀਟਿੰਗ ਉਪਰੰਤ ਕੀਤੀ। ਡਾ.ਚੀਮਾ ਨੇ ਸਿੱਖਿਆ ਅਤੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਇਹ ਵੀਡਿਓ ਕਾਨਫਾਰਸਿੰਗ ਰਾਹੀਂ ਮੀਟਿੰਗ ਇਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਦੇ ਕਮੇਟੀ ਰੂਮ ਵਿਖੇ ਕੀਤੀ।ਡਾ.ਚੀਮਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਟੀ.ਈ.ਟੀ. ਦੀ ਅਹਿਮੀਅਤ ਨੂੰ ਦੇਖਦਿਆਂ ਅੱਜ ਵੀਡਿਓ ਕਾਨਫਾਰਸਿੰਗ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡੀ.ਸੀਜ਼ ਅਤੇ ਐਸ.ਐਸ.ਪੀਜ਼ ਤੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਟੈਸਟ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕਰਦਿਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਵਾਰ ਕੁੱਲ 1,73,975 ਵਿਦਿਆਰਥੀ ਟੀ.ਈ.ਟੀ. ਦੀ ਪ੍ਰੀਖਿਆ ਦੇਣਗੇ ਜਿਨ੍ਹਾਂ ਵਿੱਚੋਂ 39195 ਵਿਦਿਆਰਥੀ ਟੀ.ਈ.ਟੀ.-1 ਅਤੇ 1,34,780 ਵਿਦਿਆਰਥੀ ਟੀ.ਈ.ਟੀ.-2 ਪ੍ਰੀਖਿਆ ਦੇਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾ ਰਹੇ ਇਸ ਟੈਸਟ ਲਈ ਸੂਬੇ ਭਰ ਵਿੱਚ 333 ਸੈਂਟਰ ਬਣਾਏ ਗਏ ਹਨ। 13 ਦਸੰਬਰ ਨੂੰ ਹੋਣ ਵਾਲੇ ਇਸ ਟੈਸਟ ਵਿੱਚੋਂ ਟੀ.ਈ.ਟੀ.-1 ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ ਜਦੋਂ ਕਿ ਟੀ.ਈ.ਟੀ.-2 ਦੀ ਪ੍ਰੀਖਿਆ ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਵਿਸ਼ੇਸ਼ ਵਿਦਿਆਰਥੀਆਂ (ਅੰਗਹੀਣ) ਨੂੰ ਦੋਵੇਂ ਇਮਤਿਹਾਨਾਂ ਲਈ 50-50 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਟੀ.ਈ.ਟੀ.-1 ਪ੍ਰੀਖਿਆ 103 ਸੈਂਟਰਾਂ ਅਤੇ ਟੀ.ਈ.ਟੀ.-2 ਪ੍ਰੀਖਿਆ 333 ਸੈਂਟਰਾਂ ਵਿੱਚ ਹੋਵੇਗੀ। ਟੈਸਟ ਦੌਰਾਨ ਸਾਰੇ ਸੈਂਟਰਾਂ ਦੀ ਵੀਡਿਓਗ੍ਰਾਫੀ ਕੀਤੀ ਜਾਵੇਗੀ ਜਿਸ ਸਬੰਧੀ ਅੱਜ ਸਾਰੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।



