ਵਾਸ਼ਿੰਗਟਨ ਡੀਸੀ, 7 ਦਸੰਬਰ (ਡਾ. ਗਿੱਲ)- ਮੈਰੀਲੈਂਡ ਗਵਰਨਰ ਐਡਮਨਿਸਟ੍ਰੇਸ਼ਨ ਵੱਲੋਂ ਦੁਪਹਿਰ ਭੋਜ ਅਮਰੀਕੀ ਫੌਜ ਦੇ ਅਧਿਕਾਰੀਆਂ ਨਾਲ ਕੀਤਾ ਗਿਆ, ਜਿਸ ਵਿੱਚ ਸਾਊਥ ਏਸ਼ੀਅਨ ਕਮਿਸ਼ਨਰ ਜਸਦੀਪ ਸਿੰਘ ਜੱਸੀ ਅਤੇ ਡਾਇਰੈਕਟਰ ਸਟੇਟ ਫਾਰ ਸੋਸ਼ਲ ਚੇਂਜ ਸਾਜਿਦ ਤਰਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਗਵਰਨਰ ਮੈਰੀਲੈਂਡ ਤਰਫੋਂ ਸਟੀਵ ਐਡਮ ਧਾਰਮਿਕ ਮਾਮਲਿਆਂ ਦੇ ਡਾਇਰੈਕਟਰ ਸ਼ਾਮਿਲ ਹੋਏ। ਜਿੱਥੇ ਇਸ ਮੀਟਿੰਗ ਵਿੱਚ ਆਰਮੀ ਜਰਨੈਲ ਫਰੈਂਕ ਮੁਥ ਅਤੇ ਕਰਨਲ ਬੈਨਜਾਮੈਨ ਗੈਰਨ ਨੇ ਸ਼ਿਰਕਤ ਕਰਕੇ ਦੱਸਿਆ ਕਿ ਨੌਜਵਾਨਾਂ ਨੂੰ ਆਪਣੇ ਭਵਿੱਖ ਲਈ ਆਰਮੀ ਦਾ ਲਾਹਾ ਲੈਣਾ ਚਾਹੀਦਾ ਹੈ ਜਿੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਆਰਮੀ ਵਿੱਚ ਪ੍ਰਵੇਸ਼ ਕਰਨ ਲਈ ਕਾਲਜ ਵਿੱਚ ਉਨ੍ਹਾਂ ਨੂੰ ਆਰਮੀ ਦੇ ਕੁਝ ਕੋਰਸਾਂ ਵਿੱਚ ਪ੍ਰਵੇਸ਼ ਕਰਨਾ ਪਵੇਗਾ, ਜਿਸ ਨਾਲ ਉਨ੍ਹਾਂ ਦੇ ਐਂਟਰੀ ਵਸੀਲੇ ਵਧ ਜਾਂਦੇ ਹਨ।ਜਸਦੀਪ ਸਿੰਘ ਜੱਸੀ ਨੇ ਦੱਸਿਆ ਕ ਉਨ੍ਹਾਂ ਨੇ ਆਪਣੀ ਕਮਿਊਨਿਟੀ ਬਾਰੇ ਅਤੇ ਉਨ੍ਹਾਂ ਦੀ ਆਰਮੀ ਪ੍ਰਤੀ ਦਿਲਚਸਪੀ ਸਬੰਧੀ ਜਾਣਕਾਰੀ ਦਿੱਤੀ। ਜਿੱਥੇ ਆਰਮੀ ਚੀਫ ਨੇ ਸਿੱਖਾਂ ਦੇ ਕਾਰਜਾਂ ਦੀ ਤਾਰੀਫ ਕੀਤੀ ਉਥੇ ਉਨ੍ਹਾਂ ਦੀ ਬਹਾਦਰੀ ਅਤੇ ਕੰਮਾਂ ਦੀ ਨਿਸ਼ਠਾ ਬਾਰੇ ਵਿਸ਼ੇਸ਼ ਜ਼ਿਕਰ ਕੀਤਾ। ਕਰਨਲ ਨੇ ਕਿਹਾ ਕਿ ਆਰਮੀ ਵਿੱਚ ਏਨੀਆਂ ਵਧੀਆ ਸੁਵਿਧਾਵਾਂ ਅਤੇ ਮੌਕੇ ਹਨ ਜੋ ਵਿਅਕਤੀ ਨੂੰ ਵਧੀਆ ਇਨਸਾਨ ਬਣਨ ਅਤੇ ਦੇਸ਼ ਪ੍ਰਤੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਸਾਜਿਦ ਤਰਾਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਰੁਝਾਨ ਆਰਮੀ ਵੱਲ ਵਧ ਰਿਹਾ ਹੈ ਅਤੇ ਉਹ ਇਸ ਪਾਸੇ ਪਹਿਲਕਦਮੀ ਕਰ ਰਹੇ ਹਨ। ਲੋੜ ਹੈ ਨੌਜਵਾਨਾਂ ਨੂੰ ਅਗਵਾਈ ਦੇ ਕੇ ਉਨ੍ਹਾਂ ਨੂੰ ਇਨ੍ਹਾਂ ਮੌਕਿਆਂ ਦਾ ਲਾਭ ਲੈਣ ਲਈ ਆਰਮੀ ਅਫਸਰਾਂ ਨਾਲ ਇੰਟਰਐਕਸ਼ਨ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਗਵਰਨਰ ਦੇ ਨੁਮਾਇੰਦੇ ਸਟੀਵ ਮੈਕ ਐਡਮ ਨੇ ਕਿਹਾ ਕਿ ਇਹ ਸੁਭਾਗ ਅਕਸਰ ਮਿਲਦਾ ਰਹਿੰਦਾ ਹੈ ਪਰ ਅੱਜ ਦੀ ਮੀਟਿੰਗ ਨੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਨੁਮਾਇੰਦਿਆਂ ਦੇ ਸ਼ੰਕੇ ਦੂਰ ਕਰਨ ਲਈ ਇੱਕ ਮੌਕਾ ਮਿਲਿਆ ਹੈ ਜਿਸ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਗੌਰਤਲਬ ਹੈ ਕਿ ਇਹ ਮੀਟਿੰਗ ਜਿੱਥੇ ਸਾਊਥ ਏਸ਼ੀਅਨਾਂ ਨੂੰ ਆਰਮੀ ਲਈ ਪ੍ਰੇਰਿਤ ਕਰਨ ਦਾ ਸੋਮਾ ਬਣੇਗੀ ਉਥੇ ਨੌਜਵਾਨ ਪੀੜ੍ਹੀ ਆਪਣੀ ਪਹਿਲੀ ਤਰਜੀਹ ਆਰਮੀ ਨੂੰ ਦੇਵੇਗੀ।


