ਮੋਗਾ 7 ਦਸੰਬਰ (ਪੰਜਾਬ ਟਾਇਮਜ਼ ਬਿਊਰੋ)– ਇੱਥੋਂ 15 ਕਿਲੋਮੀਟਰ ਦੂਰ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਸਿਮਰਨਸਰ ਸਾਹਿਬ ਪਾਤਸ਼ਾਹੀ ਛੇਵੀਂ , ਸੱਤਵੀਂ, ਨੌਵੀਂ ਵਿਖੇ ਸ਼੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਪਾਵਨ ਯਾਦ ’ਚ ਸਾਲਾਨਾ ਸ਼ਹੀਦੀ ਸਮਾਗਮ ਉਨਾਂ ਦੇ ਉਤ੍ਰਾਧਿਕਾਰੀ ‘ਡਾ. ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲੇ’ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਹੋਇਆ ਜਿੱਥੇ ਲੱਖਾਂ ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਨੇ ‘ਸੰਤ ਜੀ ’ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿ: ਜੋਗਿੰਦਰ ਸਿੰਘ ਜੀ ਵੇਦਾਂਤੀ ਨੇ ਸੰਬੋਧਨ ਕਰਦਿਆਂ ਆਖਿਆ ਕਿ 44 ਦੇ ਕਰੀਬ ਇਤਿਹਾਸਕ ਗੁਰਧਾਮਾਂ , ਹਸਪਤਾਲਾਂ ਤੇ ਵਿੱਦਿਅਕ ਸੰਸਥਾਵਾਂ ਦੀ ਕਾਰ ਸੇਵਾ ਕਰਵਾਉਣ ਵਾਲੇ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਸਿੱਖ ਆਜ਼ਾਦੀ ਸੰਘਰਸ਼ ਦੇ ਸ਼ਾਨਾਮੱਤੇ ਜਰਨੈਲ ਹਨ ਜਿਨ੍ਹਾਂ ਕਈ ਸੇਵਾਦਾਰਾਂ ਤੇ ਤਿੰਨ ਭਰਾਵਾਂ ਸਮੇਤ ਸ਼ਹਾਦਤ ਦਾ ਜਾਮ ਪੀ ਕੇ ਅਟੱਲ ਜੀਵਨ ਪੱਦਵੀ
ਪ੍ਰਾਪਤ ਕੀਤੀ ਅਤੇ ਹੁਣ ਵੀ ਉਹ ਆਪਣੇ ਉੱਤ੍ਰਾਧਿਕਾਰੀ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਦੇ ਰੂਪ ਵਿਚ ਖਾਲਸਾ ਪੰਥ ਦੀਆਂ ਬਹੁਮੁੱਲੀਆਂ ਅਤੇ ਬਹੁਪੱਖੀ ਸੇਵਾਵਾਂ ਨਿਭਾਅ ਰਹੇ ਹਨ । ਉਨ੍ਹਾਂ ਬਾਬਾ ਜੀ ਦੀ ਸੇਵਾ ਸਿਮਰਨ , ਕੁਰਬਾਨੀ , ਘਾਲਣਾ, ਪਰਉਪਕਾਰਾਂ , ਜੁਅਰਤ, ਦਲੇਰੀ ਅਤੇ ਧਰਮ ਹਿੱਤ ਮਰਨ ਚਾਓ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਆਖਿਆ ਕਿ ਸੰਤ ਬਾਬਾ ਚਰਨ ਸਿੰਘ ਜੀ ਦੀ ਮਹਾਨ ਘਾਲਣਾ ਅਤੇ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਦੇ ਭਾਰੀ ਪ੍ਰੇਮ ਦਾ ਸਦਕਾ ਲੱਖਾਂ ਸੰਗਤਾਂ ਦਾ ਲਾਮਿਸਾਲ ਇੱਕਠ ਹਰ ਸਾਲ ਹੀ ਜ਼ਿਆਦਾ ਹੋ ਕੇ ਨਵੇਂ ਕੀਰਤੀਮਾਨ ਸਥਾਪਤ ਕਰ ਰਿਹਾ ਹੈ । ਇਸ ਸਮੇਂ ਸ਼ਹੀਦੀ ਸਮਾਗਮ ’ਚ ਪੁੱਜੀਆਂ ਉੱਚ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਗੁਰਮਤਿ ਪ੍ਰਚਾਰ ਸੇਵਾਵਾਂ ਤੇ ਸੰਤ ਬਾਬਾ ਚਰਨ ਸਿੰਘ ਜੀ ਦੇ ਸ਼ਹਾਦਤ ਪ੍ਰਸੰਗ ਸੁਣਾਉਣ ’ਚ ਅਵੱਲ ਰਹਿਣ ਵਾਲੇ ਸ਼੍ਰੋਮਣੀ ਢਾਡੀ ਗਿ: ਬਲਦੇਵ ਸਿੰਘ ਐੱਮ ਏ ਦੇ ਜਥੇ ਨੂੰ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਵੱਲੋਂ ਗੁਰਮਤਿ ਪ੍ਰਚਾਰਕਾਂ ਨੂੰ ਉੱਤਸ਼ਾਹਿਤ ਕਰਨ ਹਿੱਤ ਇਕ ਬਹੁਮੁੱਲੀ ਕਾਰ ਨਾਲ ਸਨਮਾਨਿਤ ਕੀਤਾ ਗਿਆ । ਗਿ: ਬਲਦੇਵ ਐੱਮ ਏ ,ਗਿ:ਹਰਪਾਲ ਸਿੰਘ ਢੰਡ , ਗਿ: ਕੁਲਵੰਤ ਸਿੰਘ ਪੰਡੋਰੀ ਦੇ ਢਾਡੀ ਜਥਿਆਂ ਤੇ ਗਿ: ਸੁੱਚਾ ਸਿੰਘ ਡੇਰਾ ਪਠਾਣਾਂ ਦੇ ਕਵੀਸ਼ਰੀ ਜਥੇ ਆਦਿ ਨੇ ਵੀ ‘ ਬਾਬਾ ਜੀ ’ ਦੇ ਜੀਵਨ ਤੇ ਸ਼ਹਾਦਤ ਪ੍ਰਸੰਗ ਦੀਆਂ ਵਿਚਾਰਾਂ ਤੇ ਵਾਰਾਂ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸਮੇਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਡਰੋਲੀ ਆਗਮਨ ਦੇ ਇਤਿਹਾਸ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੇ ਜੀਵਨ ’ਤੇ ਦੋ ਵੱਖ ਵੱਖ ਕਿਤਾਬਚੇ ਵੀ ਸੰਗਤਾਂ ਵਿੱਚ ਵੰਡੇ ਗਏ। ਲÑੱਖਾਂ ਸੰਗਤਾਂ ਦੀ ਸਹੂਲਤ ਲਈ ਚਾਹ , ਜਲੇਬੀਆਂ ਮਠਿਆਈ, ਪ੍ਰਸ਼ਾਦਾ ¦ਗਰ , ਪਾਣੀ ਤੇ ਪਾਰਕਿੰਗ ਦੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ , ਬਾਬਾ ਪ੍ਰਤਾਪ ਸਿੰਘ ਲੰਙੇਆਣਾ , ਬਾਬਾ ਸਰਦਾਰਾ ਸਿੰਘ ਛਾਪੜੀ ਸਾਹਿਬ, ਬਾਬਾ ਤਰਸੇਮ ਸਿੰਘ ਜੰਡ ਸਾਹਿਬ , ਬਾਬਾ ਰਣਜੀਤ ਸਿੰਘ , ਜ: ਤੀਰਥ ਸਿੰਘ ਮਾਹਲਾ, ਜ: ਗੁਰਮੇਲ ਸਿੰਘ ਸੰਗਤਪੁਰਾ, ਕੈਪਟਨ ਹਰਚਰਨ ਸਿੰਘ ਰੋਡੇ,ਭਗਵੰਤ ਸਿੰਘ ਕੰਬੋਕੇ , ਗੁਰਬਖਸ਼ ਸਿੰਘ ਕਪੂਰੇ ,ਡਾ:ਸਤੀਸ਼ ਕੌੜਾ, ਡਾ:ਸਤੀਸ਼ ਕੋਛੜ,ਭਾਈ ਜੁਗਿੰਦਰ ਸਿੰਘ ਰਾਜਾਸਾਂਸੀ , ਸਰਪੰਚ ਰਤਨ ਸਿੰਘ ਤੇ ਭਾਈ ਤਲਵਿੰਦਰ ਸਿੰਘ ਪੰਡੋਰੀ ਰੋਮਾਣਾ ਆਦਿ ਨੇ ਹਾਜ਼ਰੀ ਭਰੀ । ਵਰਣਨਯੋਗ ਹੈ ਕਿ ਇਸ ਸ਼ਹੀਦੀ ਸਮਾਗਮ ’ਚ ਦੂਰ ਨੇੜੇ ਤੋਂ ਪੁਜੀਆਂ ਲੱਖਾਂ ਸੰਗਤਾਂ ਨੇ ਸਵੈ ਜਾਬਤੇ ’ਚ, ਸ਼ਾਂਤ ਚਿੱਤ ਹਾਜ਼ਰੀ ਭਰ ਕੇ ਆਪਣੇ ਮਹਿਬੂਬ ਮਹਾਂਪੁਰਸ਼ ਨੂੰ ਸ਼ਰਧਾ ਪੁਸ਼ਪ ਭੇਟਾ ਕੀਤੇ। ਇਸ ਦੌਰਾਨ ਲਗਾਏ ਗਏ 19 ਰੋਜ਼ਾ ਮੁਫ਼ਤ ਡਾਕਟਰੀ ਕੈਂਪ ’ਚ 17 ਹਜ਼ਾਰ ਤੋਂ ਵੱਧ ਮਰੀਜ਼ਾ ਦਾ ਨਿਰੀਖਣ ਕਰਕੇ ਮੁਫ਼ਤ ਦਵਾਈਆਂ ਦੀ ਸੇਵਾ ਕੀਤੀ ਗਈ। ਅਖੀਰ ਵਿੱਚ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਨੇ ਸਮਾਗਮ ’ਚ ਪੁੱਜੀਆਂ ਸੰਗਤਾਂ ਨੂੰ ਬਹੁਪੱਖੀ ਕੌਮੀ ਵਿਰਾਸਤ ਨੂੰ ਸੰਭਾਲਣ ਤੇ ਨਵੀਂ ਪਨੀਰੀ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦਾ ਸੱਦਾ ਦਿੰਦਿਆਂ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵੱਲੋਂ ਤਨ , ਮਨ , ਧਨ ਧਰਮ ਲੇਖੇ ਲਾ ਕੇ , ‘ ਪੰਥ ਵਸੈ ਮੈਂ ਉੱਜੜਾਂ’ ਦੇ ਸ੍ਰਵੋਤਮ ਗੁਰਮਤਿ ਆਦਰਸ਼ ਦੇ ਧਾਰਨੀ ਹੋਣ ਦੇ ਜੀਵਨ ਵੇਰਵੇ ਦੀ ਸੰਗਤਾਂ ਨਾਲ ਸਾਂਝ ਕੀਤੀ।



