Skip to content
Independent perspectives. Global stories.
BREAKING

ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਪ੍ਰਸ਼ਾਸ਼ਨ ਦੀ ਨੱਕ ਹੇਠ ਹੋ ਰਹੇ ਨੇ ਨਜਾਇਜ਼ ਕਬਜ਼ੇ

Share this story

ਰਾਮਪੁਰਾ ਫੂਲ 6 ਦਸੰਬਰ (ਮਨਪ੍ਰੀਤ ਗਿੱਲ)- ਸਬ-ਤਹਿਸੀਲ ਬਾਲਿਆਂਵਾਲੀ ਕੰਪਲੈਕਸ ਵਿਖੇ ਪ੍ਰਸ਼ਾਸ਼ਨ ਦੀ ਨੱਕ ਹੇਠ ਨਜਾਇਜ ਕਬਜ਼ੇ ਕੀਤੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਬ-ਤਹਿਸੀਲ ਕੰਪਲੈਕਸ ਵਿਖੇ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਨਜਾਇਜ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਇਥੇ ਬਣਾਈਆਂ ਜਾ ਰਹੀਆਂ ਦੁਕਾਨਾਂ ਲਈ ਕਿਸੇ ਕਿਸਮ ਦੀ ਸਿਕਉਰਿਟੀ ਨਹੀਂ ਭਰੀ ਗਈ ਹੈ। ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਇਹ ਜਗ੍ਹਾ ਬਾਲਿਆਂਵਾਲੀ ਦੇ ਸੀ.ਐਚ.ਸੀ. ਹਸਪਤਾਲ ਨੂੰ ਪੰਚਾਇਤ ਵਲੋਂ ਲੀਜ ‘ਤੇ ਦਿੱਤੀ ਗਈ ਸੀ। ਪਰ ਬਾਲਿਆਂਵਾਲੀਨਗਰ ਦੇ ਸਬ-ਤਹਿਸੀਲ ਬਣਨ ਪਿਛੋਂ ਇਹ ਜਗ੍ਹਾ ਸਬ-ਤਹਿਸੀਲ ਕੰਪਲੈਕਸ ਲਈ ਦੇ ਦਿੱਤੀ ਗਈ। ਜਦ ਇਸ ਜਗ੍ਹਾ ‘ਤੇ ਕਬਜਿਆਂ ਸਬੰਧੀ ਸੀ.ਐਚ.ਸੀ. ਹਸਪਤਾਲ ਬਾਲਿਆਂਵਾਲੀ ਦੇ ਐਸ.ਐਮ.ਓ ਨਰਿੰਦਰ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਪੰਚਾਇਤ ਨੇ ਤਹਿਸੀਲ ਕੰਪਲੈਕਸ ਲਈ ਦਿੱਤੀ ਹੋਈ ਹੈ, ਸੋ ਹੁਣ ਇਸ ਮਾਮਲੇ ਦਾ ਕੋਈ ਸਬੰਧ ਸਿਹਤ ਵਿਭਾਗ ਨਾਲ ਨਹੀਂ ਹੈ। ਇਨ੍ਹਾਂ ਦੁਕਾਨਾਂ ਰਾਹੀਂ ਜਗ੍ਹਾ ‘ਤੇ ਨਜਾਇਜ ਕਬਜਾ ਕਰਨ ਬਾਰੇ ਜਦ ਫਾਰਮਾਂ ਦੇ ਠੇਕੇਦਾਰ ਰਾਜਕੁਮਾਰ ਰਾਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਿਰਫ ਇਕ ਦੁਕਾਨ ਹੈ। ਬਾਕੀ ਦੁਕਾਨਾਂ ਜਿਸ ਨੇ ਵੀ ਬਣਾਈਆਂ ਹਨ, ਉਨ੍ਹਾਂ ਦੇ ਨਾਮ ਨਾਇਬ ਤਹਿਸੀਲਦਾਰ ਦੇ ਧਿਆਨ ‘ਚ ਹਨ। ਇਸ ਸਬੰਧੀ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਗੁਰਮੇਲ ਸਿੰਘ ਨੇ ਪਹਿਲਾਂ ਕਿਹਾ ਕਿ ਹਾਲੇ ਇਹ ਜਗ੍ਹਾ ਸਬ-ਤਹਿਸੀਲ ਦੇ ਨਾਮ ਨਹੀਂ ਹੋਈ। ਪਰ ਜਦ ਦੁਬਾਰਾ ਉਨ੍ਹਾਂ ਤੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਦਿਨਾਂ ‘ਚ ਹੀ ਇਹ ਨਜਾਇਜ ਕਬਜਾ ਛੁੜਵਾ ਲਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ। ਕਬਜਾ ਕਰਨ ਵਾਲਿਆਂ ਦੇ ਨਾਵਾਂ ਦੀ ਜਾਣਕਾਰੀ ਸਬੰਧੀ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੇ, ਪਰ ਇਹ ਕਿਹਾ ਕਿ ਇਕ ਕਿਸੇ ਵਕੀਲ ਦਾ ਚੈਂਬਰ ਹੈ। ਜਦ ਉਨ੍ਹਾਂ ਤੋਂ ਪੁੱਛਿਆ ਕਿ ਕਿਹੜੇ ਨਿਯਮਾਂ ਮੁਤਾਬਿਕ ਉਨ੍ਹਾਂ ਇਹ ਚੈਂਬਰ ਅਲਾਟ ਕੀਤਾ ਹੈ ਤਾਂ ਫਿਰ ਉਹ ਕੋਈ ਸਾਫ ਉਤਰ ਨਾ ਦੇ ਸਕੇ। ਇਸ ਸਬੰਧੀ ਨਗਰ ਪੰਚਾਇਤ ਬਾਲਿਆਂਵਾਲੀ ਦੇ ਪ੍ਰਧਾਨ ਸੁਖਪਾਲ ਸਿੰਘ ਹੈਪੀ ਨੇ ਕਿਹਾ ਕਿ ਇਹ ਸਥਾਨ ਸਬ-ਤਹਿਸੀਲ ਕੋਲ ਹੈ ਤੇ ਜਿੰਮੇਵਾਰੀ ਵੀ ਨਾਇਬ ਤਹਿਸੀਲਦਾਰ ਦੀ ਹੈ। ਇਸ ਮਾਮਲੇ ਬਾਰੇ ਐਸ.ਡੀ.ਐਮ. ਮੌੜ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਨ੍ਹਾਂ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੁਝ ਦਿਨਾਂ ‘ਚ ਕਾਰਵਾਈ ਨਾ ਕੀਤੀ ਗਈ ਤਾਂ ਉਹ ਖੁਦ ਸਖਤ ਐਕਸ਼ਨ ਲੈਣਗੇ ਪਰ ਕਿਸੇ ਕਿਸਮ ਦੀ ਨਜਾਇਜ਼ ਉਸਾਰੀ ਨਹੀਂ ਹੋਣ ਦੇਣਗੇ।

WRITTEN BY