ਖੰਨਾ, 21 ਨਵੰਬਰ (ਕੇ. ਐਲ. ਸਹਿਗਲ)- ਸਥਾਨਕ ਸੈਕਰਟ ਹਾਰਟ ਚਰਚ ਖੰਨਾ ਅਤੇ ਸਮਰਾਲਾ ਦੇ ਮਸੀਹੀ ਭਾਈਚਾਰੇ ਨੇ ਪੰਜਾਬ ਸੂਬੇ ਅਤੇ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਸ਼ੋਭਾ ਯਾਤਰਾ ਦਾ ਆਯੋਜਿਨ ਕੀਤਾ ਗਿਆ। ਅਜੋਕੇ ਸਮੇਂ ਵਿੱਚ ਪੰਜਾਬ ਅਤੇ ਵਿਸ਼ਵ ਵਿੱਚ ਵੱਧ ਰਹੀਆਂ ਹਿੰਸਕ ਘਟਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਸੀਹੀ ਭਾਈਚਾਰੇ ਨੇ ਇਹ ਸ਼ੋਭਾ ਯਾਤਰਾ ਕੱਢੀ। ਇਸ ਸ਼ੋਭਾ ਯਾਤਰਾ ਦਾ ਸ਼ੁਭ ਅਰੰਭ ਸਮਰਾਲਾ ਤੇ ਸੈਕਰਟ ਹਾਰਟ ਕੌਨਵੈਂਟ ਸਕੂਲ ਤੋਂ ਹੋਇਆ। ਸੰਗਤਾਂ ਟਰਾਲੀਆਂ ਵਿੱਚ ਬੈਠ ਕੇ ਪੰਜਾਬ ਦੀ ਸ਼ਾਤੀ ਲਈ ਖਾਸ ਪ੍ਰਾਰਥਨਾਵਾਂ ਕੀਤੀਆਂ। ਸ਼ੋਭਾ ਯਾਤਰਾ ਦਾ ਖੰਨਾ ਪਹੁੰਚਣ ’ਤੇ ਸੰਗਤਾਂ ਹੱਥਾਂ ਵਿੱਚ ਮੋਮਬੱਤੀ ਲੈ ਕੇ ਪੈਦਲ ਸ਼ੋਭਾ ਯਾਤਰਾ ਕੀਤੀ। ਸੈਕਰਡ ਹਾਰਟ ਚਰਚ ਖੰਨਾ ਦੇ ਬੈਂਡ ਗਰੁੱਪ ਅਤੇ ਨੌਜਵਾਨ ਸਭਾ ਨੇ ਇਸ ਸ਼ੋਭਾ ਯਾਤਰਾ ਨੂੰ ਹੋਰ ਵਧੀਆ ਬਣਾਇਆ। ਪੂਰੀ ਸ਼ੋਭਾ ਯਾਤਰਾ ਦੌਰਾਨ ਮਸੀਹੀ ਸੰਗਤਾਂ ਨੇ ਪ੍ਰਭੂ ਯਿਸੂ ਮਸੀਹੀ ਦੇ ਫੁਰਮਾਏ ਇਹਨਾਂ ਵਚਨਾਂ ’ਤੇ ਧਿਆਨਲਾਉਂਦੇ ਹੋਏ ਪ੍ਰਾਰਥਨਾ ਕੀਤੀ, ‘‘ਧੰਨ ਉਹ ਲੋਕ ਹਨ ਜੋ ਦੂਜਿਆਂ ਵਿੱਚ ਸ਼ਾਂਤੀ ਕਰਾਉਂਦੇ ਹਨ।’’ ਇਸ ਸ਼ੋਭਾ ਯਾਤਰਾ ਵਿੱਚ ਪ੍ਰਾਰਥਨਾ ਸਭਾ ਦੀ ਅਗਵਾਈ ਕਰਨ ਲਈ ਸਤਿਕਾਰਯੋਗ ਫਾਦਰ ਡੈਨੀਅਲ ਗਿੱਲ ਉਚੇਚੇ ਤੌਰ ’ਤੇ ਪੁੱਜੇ। ਸੈਕਰਡ ਹਰਟ ਚਰਚ ਖੰਨਾ ਅਤੇ ਸਮਰਾਲਾ ਦੇ ਇੰਚਾਰਜ ਫਾਦਰ ਰੋਬਿਨ ਆਜ਼ਾਦ ਨੇ ਪਾਕ ਯੂਖਰਿਸਤ ਸਾਲ ਦੇ ਸਮਾਪਤੀ ਸਮਾਰੋਹ ਦੇ ਸ਼ੁਭ ਅਵਸਰ ’ਤੇ ਇਸ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ। ਇਸ ਸ਼ੋਭਾ ਯਾਤਰਾ ਵਿੱਚ ਖੰਨਾ ਅਤੇ ਸਮਰਾਲਾ ਤੋਂ ਸਿਸਟਰ ਸਾਹਿਬਾਨ, ਬਾਬੂ ਮਾਰਟੀਨ ਅਤੇ ਅਮਿਤ ਪੀਟਰ, ਬਮਦਰ ਨਿਕਸਨ, ਚਰਚ ਕਮੇਟੀ, ਨੌਜਵਾਨ ਸਭਾ, ਮਰੀਅਮ ਸੈਨਾ ਨੇ ਵਿਸ਼ੇਸ਼ ਯੋਗਦਾਨ ਪਾਇਆ।



