ਚੰਡੀਗੜ੍ਹ, 3 ਨਵੰਬਰ (ਵੱਖ-ਵੱਖ ਪੱਤਰਕਾਰਾਂ ਦੁਆਰਾ)- ਬਰਗਾੜੀ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੇ ਭੋਗ ਮੌਕੇ ਹੋਈ ਪੰਥਕ ਕਨਵੈਨਸ਼ਨ ਵੱਲੋਂ ਕੀਤੇ ਐਲਾਨ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਸਿੱਖ ਸੰਗਤਾਂ ਨੇ ਪ੍ਰਮੁੱਖ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਅਤੇ ਚੌਕਾਂ ਦੇ ਕਿਨਾਰੇ ਖੜ੍ਹ ਕੇ ਕਾਲੀਆਂ ਝੰਡੀਆਂ ਹੱਥਾਂ ਵਿੱਚ ਫੜ੍ਹ ਕੇ ਸ਼ਾਂਤਮਈ ਰੋਸ ਵਿਖਾਵਾ ਕੀਤਾ। ਇਸ ਨੂੰ ਸੰਗਤ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਪੰਥਕ ਧਿਰਾਂ ਇਸ ਐਕਸ਼ਨ ਦੀ ਸਫਲਤਾ ਤੋਂ ਬਾਅਦ ਹੁਣ 10 ਨਵੰਬਰ ਨੂੰ ਸੱਦੇ ਗਏ ਸਰਬੱਤ ਖਾਲਸਾ ਦੀ ਤਿਆਰੀ ਵਿੱਚ ਜੁਟ ਗਏ ਹਨ। ਪ੍ਰਮੁੱਖ ਸਿੱਖ ਪ੍ਰਚਾਰਕਾਂ ਅਤੇ ਸਿੱਖ ਆਗੂਆਂ ਨੇ ਸੰਗਤਾਂ ਨੂੰ ਸਰਬੱਤ ਖਾਲਸਾ ਵਿੱਚ ਪੁਹੰਚਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਸਰਕਾਰ ਵੱਲੋਂ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਦਿੱਤੇ ਜਾਣ ਅਤੇ ਦੋ ਭਰਾਵਾਂ ਦੀ ਰਿਹਾਈ ਦੇ ਬਾਵਜੂਦ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਿੱਖ ਜਥੇਬੰਦੀਆਂ ਅਤੇ ਸੰਗਤਾਂ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨਾਲਸਹਿਮਤੀ ਨਹੀਂ ਬਣ ਸਕੀ। ਰੋਸ ਪ੍ਰਗਟਾਵਾ ਕਰ ਰਹੀਆਂ ਸੰਗਤਾਂ ਨੇ ਹੱਥਾਂ ਵਿੱਚ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਵਿਚੱ ਗੋਲੀਬਾਰੀ ਦੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਫੌਰੀ ਕਾਰਵਾਈ ਦੇ ਨਾਲ-ਨਾਲ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਫੜੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਕੁਝ ਥਾਵਾਂ ’ਤੇ ਬਾਪੂ ਸੂਰਤ ਸਿੰਘ ਖਾਲਸਾ ਦੇ ਪੋਸਟਰ ਤੇ ਬੈਨਰ ਵੀ ਲਗਾਏ ਗਏ ਸਨ। ਸਰਬੱਤ ਖਾਲਸਾ ਦੇ ਹੱਕ ਵਿੱਚ ਵੀ ਇਸ ਮੌਕੇ ’ਤੇ ਬੈਨਰ ਲੱਗੇ ਦੇਖੇ ਗਏ। ਦਿਲਚਸਪ ਗੱਲ ਇਹ ਹੈ ਕਿ ਸੰਗਤ ਨੇ ਬਿਲਕੁਲ ਸ਼ਾਂਤਮਈ ਅਤੇ ਚੁੱਪ ਰਹਿ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ। ਕਿਧਰੇ ਵੀ ਕੋਈ ਨਾਅਰੇਬਾਜ਼ੀ ਜਾਂ ਭਾਸ਼ਣ ਨਹੀਂ ਹੋਇਆ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ, ਬੱਚੇ ਅਤੇ ਬੀਬੀਆਂ ਵੀ ਸ਼ਾਮਿਲ ਸਨ। ਪ੍ਰਦਰਸ਼ਨ ਵਿੱਚ ਗੈਰ ਦਸਤਾਰਧਾਰੀ ਨੌਜਵਾਨਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ’ਤੇ ਪੁਲਿਸ ਵੱਲੋਂ ਜ਼ਬਰਦਸਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪ੍ਰਦਰਸ਼ਨ ਕਾਰੀਆਂ ਨੇ ਕਿਧਰੇ ਵੀ ਆਵਾਜਾਈ ਵਿੱਚ ਦਖ਼ਲ ਨਹੀਂ ਦਿੱਤਾ। ਨਾ ਹੀ ਕਿਸੇ ਆਉਣ-ਜਾਣ ਵਾਲੇ ਨੂੰ ਪ੍ਰੇਸ਼ਾਨ ਕੀਤਾ ਗਿਆ।



