Skip to content
Independent perspectives. Global stories.
BREAKING

ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਾਰਜਕਾਲ ‘ਚ ਰਿਕਾਰਡ ਘਪਲੇ ਹੋਏ : ਸੁਖਬੀਰ ਬਾਦਲ

Share this story

ਫਿਰੋਜਪੁਰ 10 ਅਗਸਤ (ਗੁਰਬਚਨ ਸੋਨੂੰ) ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਵਿੱਚ ਹੋਏ ਰਿਕਾਰਡ ਤੋੜ ਘਪਲਿਆਂ ਨੇ ਪੂਰੀ ਦੁਨੀਆਂ ਵਿੱਚ ਦੇਸ਼ ਦਾ ਨਾਮ ਬਦਨਾਮ ਕੀਤਾ ਹੈ, ਤੇ ਰਾਬਰਟ ਵਡੇਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਜੀਰ ਤੇ ਆਗੂ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਕਾਂਗਰਸੀਆਂ ਦੇ ਇਨ੍ਹਾਂ ਰਿਕਾਰਡ ਘਪਲਿਆਂ ਕਾਰਨ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਬਦਨਾਮ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਹੱਥ ਦੇਸ਼ ਦੇ ਅੰਦਰੂਨੀ ਤੇ ਬਾਹਰੀ ਹਿੱਤ ਸੁਰੱਖਿਅਤ ਨਹੀਂ ਹਨ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਲਿਆਉਣ ਤਾਂ ਜੋ ਦੇਸ਼ ਨੂੰ ਇੱਕ ਤਾਕਤਵਰ ਪ੍ਰਧਾਨ ਮੰਤਰੀ ਮਿਲ ਸਕੇ ।
sukhbirsinghbadal
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰੋਜਪੁਰ ਜ਼ਿਲ੍ਹੇ ਦੇ ਨਵੇਂ ਚੁਣੇ ਸਰਪੰਚਾਂ -ਪੰਚਾਂ ਨੂੰ ਸਹੁੰ ਚੁਕਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਪੱਤਰਕਾਰਾਂ ਵੱਲੋਂ ਰਾਬਰਟ ਵਾਡਰਾ ਵੱਲੋਂ ਹਰਿਆਣਾ ਵਿੱਚ ਹੋਏ ਜਮੀਨ ਦੇ ਘੁਟਾਲੇ ਵਿੱਚ ਦੋਸ਼ੀ ਪਾਏ ਜਾਣ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਸ: ਬਾਦਲ ਨੇ ਕਿਹਾ ਕਿ ਰਾਬਰਟ ਵਾਡਰਾ ਹੀ ਨਹੀਂ ਪੂਰੀ ਕਾਂਗਰਸ ਹੀ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਦੀ ਅਗਵਾਈ ਵਾਲੀ ਸਰਕਾਰ ਦਾ ਪ੍ਰਧਾਨ ਮੰਤਰੀ ਇੱਕ ਕਮਜੋਰ ਪ੍ਰਧਾਨ ਮੰਤਰੀ ਹੈ ਜਿਸ ਨਾਲ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਖਤਰੇ ਵਿੱਚ ਰਹਿੰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਵਿੱਚ ਕੋਈ ਵੀ ਫੈਸਲਾ ਸਖਤੀ ਨਾਲ ਲਾਗੂ ਕਰਨ ਦੀ ਯੋਗਤਾ ਨਹੀਂ ਹੈ ।ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਪਿੰਡਾਂ ਤੇ ਸ਼ਹਿਰਾਂ ਦੇ ਮਾਸਟਰ ਪਲਾਨ ਤਿਆਰ  ਕਰਕੇ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਰੋਜਪੁਰ ਜਿਲ੍ਹੇ ਦਾ ਮਾਸਟਰ ਪਲਾਨ ਤਿਆਰ ਕਰਕੇ ਇਸ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ ਜਿਸ ਤਹਿਤ ਅੰਮ੍ਰਿਤਸਰ ਤੋ ਬਠਿੰਡਾ- ਗੰਗਾਨੰਗਰ ਸੜਕ ਨੂੰ ਚਾਰ ਲਾਈਨ ਬਣਾਉਣ ਦੀ ਮਨਜੂਰ ਹੋ ਚੁੱਕੀ ਹੈ ਅਤੇ ਪੰਜਾਬ ਦੀਆਂ ਸਾਰੀਆਂ ਸੜਕਾਂ 4/6 ਲਾਈਨ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਗਲੇ ਚਾਰ ਮਹੀਨਿਆਂ ਵਿੱਚ ਰਾਜ ਦੀਆਂ ਸੜਕਾਂ ਦੀ ਮੁਰੰਮਤ ਤੇ 1700 ਕਰੋੜ ਰੁਪਏ ਖਰਚ ਕੀਤੇ ਜਾਣਗੇ । ਪੱਤਰਕਾਰਾਂ ਵੱਲੋਂ ਪਿੰਡਾਂ ਵਿੱਚ ਗਲੀਆਂ-ਨਾਲੀਆਂ ਛੇਤੀ ਖਰਾਬ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ: ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਸਾਰੀਆਂ ਗਲੀਆਂ-ਨਾਲੀਆਂ ਕੰਕਰੀਟ ਦੀਆਂ ਬਣਾਈਆਂ ਜਾਣਗੀਆਂ। ਸ: ਬਾਦਲ ਨੇ ਕਿਹਾ ਕਿ ਰਾਜ ਦੇ ਸਾਰੇ ਪਿੰਡਾਂ ਦਾ ਸਰਵ-ਪੱਖੀ ਵਿਕਾਸ ਕਰਨ ਅਤੇ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਆਉਂਦੇ 3 ਸਾਲਾਂ ਵਿੱਚ 13 ਹਜ਼ਾਰ ਪਿੰਡਾਂ ਤੇ 24 ਹਜਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਸੜਕਾਂ, ਸਟਰੀਟ ਲਾਈਟਾਂ, ਸਕੂਲਾਂ, ਗਲੀਆਂ ਨਾਲੀਆਂ ਅਤੇ ਹੋਰ ਮੁਢਲੀਆ ਸਹੂਲਤਾਂ ਉਪਲੱਬਧ ਹੋ ਸਕਣ ਇਸ ਲਈ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮਿਉਂਸੀਪਲ ਕਮੇਟੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਰਾਟਾਂ ਦਾ ਹਰੇਕ ਛੇ ਮਹੇਨੇ ਬਾਅਦ ਕਿਸੇ ਬਾਹਰਲੀ ਕੰਪਨੀ ਤੋਂ ਆਡਿਟ ਕਰਵਾਇਆ ਜਾਵੇਗਾ ਅਤੇ ਉਹ ਇਹ ਸਰਟੀਫਿਕੇਟ ਦੇਣਗੇ ਕਿ ਦਿੱਤੀ ਗਈ ਗਰਾਂਟ ਸਹੀ ਕੰਮਾਂ ਤੇ ਹੀ ਖਰਚ ਹੋਈ ਹੈ। ਪੱਤਰਕਾਰਾਂ ਵੱਲੋਂ ਮੱਲਾਂਵਾਲਾ ਵਿਖੇ ਐਸ.ਆਈ. ਜਗਦੇਵ ਸਿੰਘ ਵੱਲੋ ਕੀਤੇ ਬਹਾਦਰੀ ਦੇ ਕੰਮ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ; ਬਾਦਲ ਨੇ ਕਿਹਾ ਕਿ ਐਸ.ਆਈ. ਜਗਦੇਵ ਸਿੰਘ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ ਅਤੇ ਉਸ ਨੂੰ ਫੌਰੀ ਤੌਰ ਤੇ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ।ਸ: ਬਾਦਲ ਨੇ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਦੌਰਾਨ 40 ਹਜਾਰ ਕਰੋੜ ਵਾਲੇ ਥਰਮਲ ਪਲਾਂਟ ਚਾਲੂ ਹੋ ਜਾਣਗੇ ਅਤੇ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਜਾਵੇਗਾ ਜਿਥੇ ਸਰਪਲਸ ਬਿਜਲੀ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀਆ ਸਰਕਾਰਾਂ ਦੇ ਰਾਜ ਵਿੱਚ ਹੀ ਸੂਬੇ ਦੇ ਲੋਕਾਂ ਨੂੰ ਸ਼ਗਨ ਸਕੀਮ, ਆਟਾ ਦਾਲ ਸਕੀਮ, ਧਰਮਸ਼ਾਲਾਂ ਦਾ ਨਿਰਮਾਣ, ਗਲੀਆ-ਨਾਲੀਆ, ਛੱਪੜਾ ਦੀ ਸਫ਼ਾਈ ਅਤੇ ਪੀਣ ਵਾਲੇ ਸਾਫ਼ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਗਈਆ। ਉਹਨਾ ਕਿਹਾ ਕਿ ਆਸ਼ੀਰਵਾਦ ਸਕੀਮ ਤਹਿਤ ਗਰੀਬ ਵਰਗ ਦੇ ਨਰਸਿੰਗ, ਤਕਨੀਕੀ ਅਤੇ ਪੋਲੀਟੈਕਨੀਕਲ ਕਾਲਜ਼ਾਂ ਵਿੱਚ ਪੜ੍ਹ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ 10 ਵੀਂ ਜਮਾਤ ਵਿੱਚ 80 ਫੀਸਦੀ ਅੰਕ ਲੈਣ ਵਾਲੇ ਗਰੀਬ ਵਿਦਿਆਰਥੀਆਂ ਨੂੰ 11ਵੀਂ ਅਤੇ 12ਵੀਂ ਜਮਾਤ ਦੀ ਸਿੱਖਿਆ ਲਈ 30 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਜਾਵੇਗਾ ਅਤੇ +1 ਤੇ +2 ਦੀ ਲੜਕੀਆਂ ਨੂੰ ਮੁੜ ਸਾਈਕਲ ਦਿੱਤੇ ਜਾਣਗੇ।ਇਸ ਮੌਕੇ ਸ: ਬਾਦਲ ਨੇ ਫਿਰੋਜਪੁਰ ਜ਼ਿਲ੍ਹੇ ਦੇ ਨਵੇਂ ਚੁਣੇ ਗਏ 821 ਸਰਪੰਚਾਂ ਤੇ 4560 ਪੰਚਾਂ ਨੂੰ ਆਹੁਦੇ ਦੀ ਸਹੁੰ ਚੁਕਾਉਂਦੇ ਹੋਏ ਕਿਹਾ ਕਿ ਤੁਹਾਨੂੰ ਲੋਕਾਂ ਨੇ ਜਿੱਤਾ ਕੇ ਇੱਕ ਵੱਡੀ ਜਿੰਮੇਵਾਰੀ ਸੌਂਪੀ ਹੈ ਅਤੇ ਹੁਣ ਤੁਹਾਡੀ ਜਿੰਮੇਵਾਰੀ ਹੈ ਕਿ ਤੁਸੀਂ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਦੇ ਹੋਏ ਪਿੰਡਾਂ ਦੇ ਵਿਕਾਸ ਕਾਰਜ ਬਿਨਾਂ ਭੇਦ ਭਾਵ ਦੇ ਕਰਵਾਉ।
ਇਸ ਮੌਕੇ ਉਪ ਮੁੱਖ ਮੰਤਰੀ  ਨੂੰ ਜੀ ਆਇਆਂ ਕਹਿੰਦਿਆਂ ਸਿੰਚਾਈ ਮੰਤਰੀ  ਸ: ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਵੱਡੇ ਪ੍ਰੋਜੈਕਟ ਉਲੀਕੇ ਜਾ ਰਹੇ ਹਨ ਅਤੇ ਅਗਲੇ ਸਾਲ ਤੋਂ ਪੰਜਾਬ ਅੰਦਰ ਬਿਜਲੀ ਦੇ ਕੱਟ ਨਹੀਂ ਲੱਗਣਗੇ। ਉਨ੍ਹਾਂ ਦੱਸਿਆ ਕਿ ਰਾਜ ਦੀਆਂ ਨਹਿਰਾਂ ਦੀ ਸਫਾਈ ਅਤੇ ਮਜਬੂਤੀ ਲਈ ਇੱਕ ਹਜਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਅਗਲੇ ਤਿੰਨ ਸਾਲਾਂ ਵਿੱਚ ਸਿੰਚਾਈ ਵਿਵਸਥਾ ਦੇ ਵੀਨੀਕਰਨ ਲਈ 2700 ਕਰੋੜ ਖਰਚ ਕਰਨ ਦੀ ਸਰਕਾਰ ਵੱਲੋਂ ਮਨਜੂਰੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ 462 ਕਰੋੜ ਰੁਪਏ ਨਹਿਰਾਂ ਦੀ ਰੀਲਾਈਨਿੰਗ ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਹਿਰਾਂ ਦੀ ਸਾਫ ਸਫਾਈ, ਕੰਢਿਆਂ ਦੀ ਮਜਬੂਤੀ, ਰਜਵਾਹਿਆਂ ਅਤੇ ਬਰਸਾਤੀ ਸੂਇਆਂ ਆਦਿ ਦੀ ਸਾਫ ਸਫਾਈ ਲਈ 2000 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜੂਰੀ ਮਿਲ ਚੁੱਕੀ ਹੈ।
ਇਸ ਮੌਕੇ ਪੰਚਾਇਤੀ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਬੋਲਦਿਆਂ ਜਿੱਤੇ ਹੋਏ ਸਰਪੰਚਾਂ ਤੇ ਪੰਚਾਂ ਨੂੰ ਕਿਹਾ ਕਿ ਉਹ ਵਿਕਾਸ  ਸਕੀਮਾਂ ਦਾ ਲਾਭ ਪਿੰਡਾਂ ਵਿੱਚ ਪਹੁੰਚਾਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਕੰਮ ਦੇ ਅਧਾਰ ਤੇ ਪ੍ਰਤੀਨਿਧੀਆਂ ਨੂੰ ਚੁਨਣ ਦਾ ਰਿਕਾਰਡ ਬਣਾਇਆ ਹੈ ਅਤੇ ਹੁਣ ਚੁਣੇ ਗਏ ਸਰਪੰਚਾਂ ਪੰਚਾਂ ਦੀ ਜਿੰਮੇਵਾਰੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ। ਸ: ਰੱਖੜਾ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਲਈ ਆਧੁਨਿਕ ਪਖਾਨੇ ਬਣਾਏ ਜਾ ਰਹੇ ਹਨ ਅਤੇ ਹਰੇਕ ਪਿੰਡ ਵਿੱਚ ਇਹ ਬਣਾਏ ਜਾਣਗੇ।
ਇਸ ਮੌਕੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਵਾਲੀ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ ਅਤੇ ਇਸੇ ਵਿਕਾਸ ਕੰਮਾਂ ਨੂੰ ਵੇਖਦੇ ਹੋਏ ਲੋਕਾਂ ਨੇ ਰਾਜ ਅੰਦਰ ਮੁੜ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਬਣਾਈ ਹੈ। ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀਆਂ ਤੇ ਹੁਣ ਪੰਚਾਇਤੀ ਚੋਣਾਂ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿੰਨੀ ਭਾਰੀ ਮਾਤਰਾ ਵਿੱਚ ਜਿਤਾਇਆ ਹੈ ਉਸ ਤੋਂ ਸਾਫ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ।ਇਸ ਮੌਕੇ ਮੈਂਬਰ ਲੋਕ ਸਭਾ ਸ: ਸ਼ੇਰ  ਸਿੰਘ ਘੁਬਾਇਆ, ਵਿਧਾਇਕ ਸ: ਜੋਗਿੰਦਰ  ਸਿੰਘ ਜਿੰਦੂ, ਸ: ਹਰੀ ਸਿੰਘ ਜੀਰਾ, ਐਸ.ਜੀ.ਪੀ.ਸੀ. ਮੈਂਬਰ ਸ: ਸਤਪਾਲ ਸਿੰਘ ਤਲਵੰਡੀ ਭਾਈ, ਸ: ਵਰਦੇਵ ਸਿੰਘ ਮਾਨ (ਨੋਨੀ ਮਾਨ), ਸਾਬਕਾ ਸੰਸਦੀ ਸਕੱਤਰ ਸ਼੍ਰੀ ਸੁਖਪਾਲ ਸਿੰਘ ਨੰਨੂ, ਸ: ਰਵਿੰਦਰ ਸਿੰਘ ਸੰਧੂ (ਬੱਬਲ), ਕਮਿਸ਼ਨਰ ਫਿਰੋਜਪੁਰ/ਫਰੀਦਕੋਟ ਡਵੀਜਨ ਸ਼੍ਰੀ ਵੀ.ਕੇ. ਸ਼ਰਮਾ, ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਨਾਰੰਗ, ਐਸ.ਐਸ.ਪੀ. ਸ: ਵਰਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ: ਅਰਵਿੰਦ ਪਾਲ ਸਿੰਘ ਸੰਧੂ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ: ਅਮਰੀਕ ਸਿੰਘ, ਸ: ਦਰਸ਼ਨ ਸਿੰਘ ਸ਼ੇਰਖਾਂ ਐਸ.ਜੀ.ਪੀ.ਸੀ. ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂ, ਵਰਕਰ ਅਤੇ ਪਿੰਡਾਂ ਦੇ ਜਿੱਤੇ ਹੋਏ ਸਰਪੰਚ ਤੇ ਪੰਚ ਹਾਜਰ ਸਨ।

WRITTEN BY