ਵਾਸ਼ਿੰਗਟਨ ਡੀਸੀ, 1 ਨਵੰਬਰ- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਵੱਖ-ਵੱਖ ਜਥੇਬੰਦੀਆਂ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਮਿਲਣੀ ਕਰਨ ਉਪਰੰਤ ਇੱਕ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ੀ ਸਿੱਖ ਮਸਲਿਆਂ ਦੇ ਹੱਲ ਲਈ ਸਰਕਾਰ ਦੀ ਸ਼ਮੂਲੀਅਤ ਤੁਰੰਤ ਚਾਹੁੰਦੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਅਕਸ ਬੇਹਤਰ ਹੋ ਸਕੇ, ਕਿਉਂਕਿ ਹਾਲ ਦੀ ਘੜੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨਾ ਦੇ ਬਰਾਬਰ ਹੈ। ਚੋਣਵੀਆਂ ਸੰਸਥਾਵਾਂ ਦੇ ਮੁਖੀਆਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਬਰਗਾੜੀ ਦੇ ਦੋ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਨਵੇਂ ਡੀਜੀਪੀ ਦੀ ਸਰਪ੍ਰਸਤੀ ਵਿੱਚ ਗਠਿਤ ਐਸਆਈਟੀ ਦੇ ਅਧੀਨ ਅਸਲ ਦੋਸ਼ੀਆਂ ਨੂੰ ਕਾਬੂ ਕਰਕੇ ਸੰਗਤਾਂ ਦੇ ਹਿਰਦੇ ਸ਼ਾਂਤ ਕਰਨੇ ਸਮੇਂ ਦੀ ਮੰਗ ਹੈ। ਦੂਸਰਾ ਜਿਨ੍ਹਾਂ ਪੁਲਿਸ ਵਾਲਿਆਂ ਵੱਲੋਂ ਨਿਹੱਥੇ ਸਿੰਘਾਂ ’ਤੇ ਗੋਲੀ ਚਲਾਈ ਗਈ ਹੈ ਉਨ੍ਹਾਂ ਦੇ ਨਾਮ ਨਸ਼ਰ ਕਰਕੇ ਉਨ੍ਹਾਂ ’ਤੇ ਕੇਸ ਦਰਜ ਕਰਨਾ ਅਤੀ ਜ਼ਰੂਰੀ ਹੈ। ਤੀਜਾਮੌਜੂਦਾ ਸਿੰਘ ਸਾਹਿਬਾਨ ਨੂੰ ਤੁਰੰਤ ਫਾਰਗ ਕਰਕੇ ਉਨ੍ਹਾਂ ਦੀ ਜਗ੍ਹਾ ਨਵੇਂ ਸਿੰਘ ਸਾਹਿਬਾਨ ਦੀ ਨਿਯੁਕਤੀ ਕਰਕੇ ਇਨ੍ਹਾਂ ਤਿੰਨਾਂ ਸਿੰਘ ਸਾਹਿਬਾਨਾਂ ਨੂੰ ਤਲਬ ਕਰਕੇ ਸਜ਼ਾ ਲਗਾਈ ਜਾਵੇ। ਉਪਰੋਕਤ ਤਿੰਨਾਂ ਮੰਗਾਂ ਨੂੰ ਜੇਕਰ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਲਾਗੂ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਮਾਹੌਲ ਨੂੰ ਮੋੜਾ ਪੈ ਜਾਵੇਗਾ ਅਤੇ ਵਿਦੇਸ਼ਾਂ ਵਿੱਚ ਅਕਲੀ ਅਹੁਦੇਦਾਰਾਂ ਦੀ ਪੁੱਛਗਿੱਛ ਰਹਿ ਸਕਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਬਹਾਲ ਹੋ ਸਕਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੀਆਂ ਨਜ਼ਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹਮੇਸ਼ਾ ਰੜਕਦੇ ਰਹਿਣਗੇ, ਕਿਉਂਕਿ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਵਿਦੇਸ਼ੀਆਂ ਦਾ ਕੁਝ ਨਹੀਂ ਸਵਾਰਿਆ ਅਤੇ ਨਾ ਹੀ ਅਕਾਲੀ ਅਹੁਦੇਦਾਰ ਦਸ ਸਕੇ ਹਨ ਕਿ ਸਰਕਾਰ ਨੇ ਵਿਦੇਸ਼ੀਆਂ ਦਾ ਕੋਈ ਮਸਲਾ ਹੱਲ ਕੀਤਾ ਹੈ। ਇਸ ਸਬੰਧੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਵੀਡੀਓ ਕਾਨਫਰੰਸਾਂ ਕਰਾਉਣ ਦੀ ਤਿਆਰੀ ਵਿੱਚ ਸੀ ਪਰ ਮਾਹੌਲ ਖਰਾਬ ਹੋਣ ਕਰਕੇ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ ਹੈ। ਇਸ ਲਈ ਜਰੂਰੀ ਹੈ ਕਿ ਤਿੰਨ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਪ੍ਰਵਾਸੀਆਂ ਦਾ ਮਨ ਜਿੱਤਿਆ ਜਾਵੇ ਅਤੇ ਵਿਦੇਸ਼ੀ ਅਕਾਲੀ ਅਹੁਦੇਦਾਰਾਂ ਦੇ ਰੁਤਬੇ ਨੂੰ ਧਿਆਨ ਰੱਖਦੇ ਨਿਵਾਜ਼ਿਆ ਜਾਵੇ ਜੋ ਸਮੇਂ ਦੀ ਮੰਗ ਹੈ।



