ਵਰਜੀਨੀਆ, 26 ਅਕਤੂਬਰ (ਡਾ. ਗਿੱਲ)- ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਬੇਹਤਰੀ ਅਤੇ ਪਸ਼ਚਾਤਾਪ ਸਬੰਧੀ ਹੰਗਾਮੀ ਮੀਟਿੰਗ ਸ. ਸਤਪਾਲ ਸਿੰਘ ਬਰਾੜ ਦੀ ਸਰਪ੍ਰਸਤੀ ਹੇਠ ਬੁਲਾਈ ਗਈ ਜਿਸ ਵਿੱਚ ਮੈਰੀਲੈਂਡ ਵਰਜੀਨੀਆ ਅਤੇ ਵਾਸ਼ਿੰਗਟਨ ਡੀਸੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਸਹਿਯੋਗੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਹਰੇਕ ਨੇ ਪੰਜਾਬ ਦੇ ਹਾਲਾਤਾਂ ’ਤੇ ਚਿੰਤਾ ਪ੍ਰਗਟਾਈ ਅਤੇ ਇਸ ਦੀ ਬੇਹਤਰੀ ਲਈ ਸਲਾਹ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਦੀ ਸਮੀਖਿਆ ਕੀਤੀ ਗਈ। ਰਣਜੀਤ ਸਿੰਘ ਹੁੰਦਲ ਜਨਰਲ ਸਕੱਤਰ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ ਸਮੁੱਚੇ ਹਾਲਾਤਾਂ ’ਤੇ ਚਾਨਣਾ ਪਾਇਆ ਅਤੇ ਸਰਕਾਰ ਵੱਲੋਂ ਪੰਜਾਬ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਤਬਦੀਲ ਕਰਨ ਸਬੰਧੀ ਜ਼ਿਕਰ ਕੀਤਾ ਅਤੇ ਉਨ੍ਹਾਂ ਪਾਰਟੀ ਦੇ ਚੇਅਰਮੈਨ ਸਤਪਾਲ ਸਿੰਘ ਬਰਾੜ ਨੂੰ ਮੌਜੂਦਾ ਹਾਲਾਤਾਂ ਸਬੰਧੀ ਦਸਣ ਲਈ ਕਿਹਾ। ਸ. ਸਤਪਾਲ ਸਿੰਘ ਬਰਾੜ ਚੇਅਰਮੈਨ ਅਤੇ ਪਾਰਟੀ ਬੁਲਾਰੇ ਨੇ ਕਿਹਾ ਕਿ ਵੱਖੋ-ਵੱਖ ਏਜੰਸੀਆਂ ਵੱਲੋਂ ਘੁਸਪੈਠ ਕਰਕੇ ਹਾਲਾਤਾਂ ਨੂੰ ਵਿਚਾਰਿਆ ਗਿਆ, ਜਿਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕੱਠੇ ਹੋ ਕੇ ਸਰਕਾਰ ਦਾ ਸਹਿਯੋਗ ਦਈਏ ਤਾਂ ਜੋ ਉਹ ਸਾਰੀ ਸ਼ਕਤੀ ਲਗਾ ਕੇ ਪੰਜਾਬ ਨੂੰ ਮੁੜ ਆਮ ਵਰਗਾ ਤਬਦੀਲ ਕੀਤਾ ਜਾ ਸਕੇ।ਸ. ਬਰਾੜ ਨੇ ਖੁਸ਼ੀ ਪ੍ਰਗਟਾਈ ਕਿ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ 15 ਨਵੰਬਰ ਦਾ ਸਮਾਂ ਦਿੱਤਾ ਹੈ। ਜਿੱਥੇ ਸ. ਬਰਾੜ ਨੇ ਤਿੰਨ ਮਤਿਆਂ ਰਾਹੀਂ ਪਾਰਟੀ ਵਰਕਰਾਂ ਨੂੰ ਜਾਣੂ ਕਰਵਾਇਆ ਤੇ ਅਪੀਲ ਕੀਤੀ ਕਿ ਇਨ੍ਹਾਂ ਰਾਹੀਂ ਵਿਦੇਸ਼ੀ ਪੰਜਾਬੀਆਂ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਹੋ ਕੇ ਪੰਜਾਬ ਦੀ ਬੇਹਤਰੀ ’ਤੇ ਮੋਹਰ ਲਗਾਈ ਜਾਵੇ। ਪਹਿਲੇ ਮਤੇ ਰਾਹੀਂ ਗੁਰਦੁਆਰਾ ਗਿਆਨ ਸਾਗਰ ਵਿਖੇ ਪਸ਼ਚਾਤਾਪ ਵਜੋਂ ਅਖੰਡ ਪਾਠ ਕੀਤਾ ਜਾਵੇ ਅਤੇ ਅਕਾਲ ਪੁਰਖ ਤੋਂ ਸੇਧ ਲੈ ਕੇ ਅਗਲੇ ਪ੍ਰੋਗਰਾਮ ਨੂੰ ਉਲੀਕਿਆ ਜਾਵੇ ਤਾਂ ਜੋ ਪੰਜਾਬ ਬੇਹਤਰੀ ਵੱਲ ਵਧ ਸਕੇ। ਦੂਜਾ ਸਰਬਪਾਰਟੀ ਮੀਟਿੰਗ ਕਰਕੇ ਸੁਝਾਅ ਲਏ ਜਾਣ ਤਾਂ ਜੋ ਪੰਜਾਬ ਮੁੜ ਆਮ ਵਰਗਾ ਹੋ ਜਾਵੇ ਅਤੇ ਜਨਤਾ ਬੇਝਿਜਕ ਆਪਣੇ ਕੰਮਾਂਕਾਰਾਂ ਵਿੱਚ ਜੁਟ ਜਾਵੇ। ਤੀਜੇ ਮਤੇ ਰਾਹੀਂ ਪੈਨਲ ਵਿਚਾਰ-ਵਟਾਂਦਰਾ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਜਿਸ ਰਾਹੀਂ ਸਮੂਹ ਵਿਦੇਸ਼ੀ ਅਤੇ ਪੰਜਾਬ ਦੀ ਜਨਤਾ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਜਾ ਸਕੇ। ਹਰਬੰਸ ਸਿੰਘ ਸੰਧੂ ਪ੍ਰਧਾਨ ਮੈਰੀਲੈਂਡ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਤੇ ਚਿੰਤਾ ਪ੍ਰਗਟਾਈ ਅਤੇ ਅਪੀਲ ਕੀਤੀ ਕਿ ਸਰਕਾਰ ਨੂੰ ਸਹਿਯੋਗ ਦਿਓ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ। ਕੁਲਦੀਪ ਸਿੰਘ ਮੱਲਾ ਨੇ ਕਿਹਾ ਕਿ ਕੁਝ ਏਜੰਸੀਆਂ ਪੰਜਾਬ ਦੇ ਹਾਲਾਤਾਂ ਨਾਲ ਬੁਰੀ ਤਰ੍ਹਾਂ ਪੇਸ਼ ਆ ਰਹੀਆਂ ਹਨ, ਇਨ੍ਹਾਂ ਨੂੰ ਨੱਥ ਪਾਉਣ ਦੀ ਲੋੜ ਹੈ, ਜਿਸ ਲਈ ਪਾਰਟੀ ਦੀ ਮੀਟਿੰਗ ਅੱਜ ਅਹਿਮ ਯੋਗਦਾਨ ਪਾ ਰਹੀ ਹੈ। ਅਜੀਤ ਸਿੰਘ ਸਾਹੀ ਚੇਅਰਮੈਨ ਮੈਰੀਲੈਂਡ ਨੇ ਕਿਹਾ ਕਿ ਅਸੀਂ ਮਰਦੇ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਬੇਹਤਰੀ ਅਤੇ ਸਰਕਾਰ ਦੀਆਂ ਹਦਾਇਤਾਂ ’ਤੇ ਕੰਮ ਕਰਾਂਗੇ। ਅੱਜ ਲੋੜ ਹੈ ਕਿ ਅਸੀਂ ਇੱਕ ਮੰਚ ’ਤੇ ਇਕੱਠੇ ਹੋ ਕੇ ਸਰਕਾਰ ਦਾ ਸਾਥ ਦਈਏ। ਭਾਵੇਂ ਹਰੇਕ ਨੇ ਆਪਣੇ ਸੁਝਾਵਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟਾਈ ਅਤੇ ਭਵਿੱਖ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਖਤੀ ਨਾਲ ਪੇਸ਼ ਆਉਣ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਸਿੰਘ ਗਿੱਲ ਉਪ ਪ੍ਰਧਾਨ ਈਸਟ ਕੋਸਟ, ਗੁਰਪ੍ਰਤਾਪ ਸਿੰਘ ਯੂਥ ਅਕਾਲੀ ਨੇਤਾ ਬਖਸ਼ੀਸ਼ ਸਿੰਘ ਮੈਰੀਲੈਂਡ ਪ੍ਰਤਾਪ ਸਿੰਘ ਗਿੱਲ ਪ੍ਰਧਾਨ ਵਾਸ਼ਿੰਗਟਨ ਡੀਸੀ, ਜਸਪਾਲ ਸਿੰਘ, ਬੇਅੰਤ ਸਿੰਘ, ਮਨਜੀਤ ਸਿੰਘ ਸ਼ਾਹੀ, ਸੁਦਾਗਰ ਸਿੰਘ, ਹਰਬੰਸ ਸਿੰਘ, ਡਾ. ਸੁਖਪਾਲ ਸਿੰਘ ਧਨੋਆ, ਰਵੀ ਵੇਰਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਜਿਨ੍ਹਾਂ ਨੇ ਦੱਸਿਆ ਕਿ ਹਾਲਾਤ ਬੇਹਤਰੀ ਵੱਲ ਵਧ ਰਹੇ ਹਨ। ਲੋੜ ਹੈ ਠਰੰਮੇ ਤੋਂ ਕੰਮ ਲੈਣ ਦੀ ਜਿਸ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਸਤਬੀਰ ਸਿੰਘ ਸਰਪੰਚ ਬੁਰਜ ਜਵਾਹਰਕੇ ਜੋ ਅਮਰੀਕੇ ਦੌਰੇ ’ਤੇ ਹਨ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਹਾਲਾਤਾਂ ਦੀ ਬੇਹਤਰੀ ਸਬੰਧੀ ਦੱਸਿਆ। ਸਮੁੱਚੇ ਤੌਰ ’ਤੇ ਮੀਟਿੰਗ ਬਹੁਤ ਹੀ ਕਾਮਯਾਬ ਰਹੀ।


