ਚੰਡੀਗੜ੍ਹ, 26 ਅਕਤੂਬਰ (ਪੀ. ਟੀ.)- ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਭਵਿੱਖੀ ਪੀੜ੍ਹੀਆਂ ਲਈ ਸੰਭਾਲਣ ਵਾਸਤੇ ਆਪਣੀ ਵਚਨਬੱਧਤਾ ਨੂੰ ਦਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ, ਜੰਗ-ਏ-ਆਜ਼ਾਦੀ ਯਾਦਗਾਰ, ਜੰਗੀ ਯਾਦਗਾਰ ਅਤੇ ਰਾਮ ਤੀਰਥ ਮੰਦਰ ਅਗਲੇ ਸਾਲ ਦੇਸ਼ ਨੂੰ ਸਮਰਪਤ ਕਰਨ ਦਾ ਐਲਾਨ ਕੀਤਾ ਹੈ। ਅੱਜ ਏਥੇ ਮੁੱਖ ਮੰਤਰੀ ਦਫਤਰ ਵਿਖੇ ਇਨ੍ਹਾਂ ਸ਼ਾਨੇਮੱਤੇ ਪ੍ਰੋਜੈਕਟਾਂ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਸੱਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਬਾਦਲ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਇਹ ਪ੍ਰੋਜੈਕਟ ਨਿਰਧਾਰਤ ਸਮੇਂ ਵਿੱਚ ਮੁਕੰਮਲ ਹੋ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂਪ੍ਰੋਜੈਕਟਾਂ ਦਾ ਦੇਸ਼, ਖਾਸ ਕਰ ਸੂਬੇ ਲਈ ਬਹੁਤ ਮਹੱਤਵ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ 180 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਸ੍ਰੀ ਵਾਲਮੀਕਿ ਤੀਰਥ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਹੋਵੇਗੀ। ਜ¦ਧਰ ਜਿਲ੍ਹੇ ਦੇ ਕਰਤਾਰਪਰ ਵਿਖੇ ਬਣਾਈ ਜਾ ਰਹੀ ਜੰਗ-ਏ-ਆਜ਼ਾਦੀ ਯਾਦਗਾਰ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ 250 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬੀਆਂ ਵੱਲੋਂ ਦੇਸ਼ ਦੇ ਆਜਾਦੀ ਸੰਘਰਸ਼ ਦੌਰਾਨ ਦਿੱਤੀਆਂ ਗਈਆਂ ਲਾਮਿਸਾਲ ਕੁਰਬਾਨੀਆਂ ਨੂੰ ਉਜਾਗਰ ਕਰੇਗਾ। ਸ. ਬਾਦਲ ਨੇ ਕਿਹਾ ਕਿ ਇਹ ਪ੍ਰੋਜੈਕਟ ਦੇਸ਼ ਦੇ ਉਨ੍ਹਾਂ ਮਹਾਨ ਸੂਰਬੀਰਾਂ ਨੂੰ ਸੂਬਾ ਸਰਕਾਰ ਵੱਲੋਂ ਨਿਮਾਣੀ ਜਹੀ ਭੇਟ ਹੋਵੇਗਾ। ਮੁੱਖ ਮੰਤਰੀ ਨੇ ਅਫ਼ਸਰਾਂ ਨੂੰ ਨਿਰਦੇਸ਼ ਦਿੱਤਾ ਕਿਹਾ ਉਹ ਅੰਮ੍ਰਿਤਸਰ ਵਿਖੇ ਉਸਾਰੇ ਜਾ ਰਹੀ ਜੰਗੀ ਯਾਦਗਾਰ ਦੇ ਕੰਮ ਵਿੱਚ ਵੀ ਤੇਜੀ ਲਿਆਉਣ ਤਾਂ ਜੋ ਇਹ ਪ੍ਰੋਜੈਕਟ ਦੇਸ਼ ਵਾਸੀਆਂ ਨੂੰ ਸਮਰਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 130 ਕਰੋੜ ਦੀ ਲਾਗਤ ਨਾਲ ਉਸਾਰੇ ਜਾ ਰਹੇ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਪੰਜਾਬੀਆਂ ਵੱਲੋਂ ਫੌਜ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਨਿਭਾਈ ਗਈ ਲਾਮਿਸਾਲ ਭੂਮਿਕਾ ਨੂੰ ਉਜਾਗਰ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਕ ਸ੍ਰੀ ਐਸ.ਕੇ. ਸੰਧੂ, ਪ੍ਰੁੱਖ ਸਕੱਤਰ (ਵਿੱਤ) ਸ੍ਰੀ ਡੀ.ਪੀ.ਰੈਡੀ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਸ੍ਰੀ ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਕ ਸੈਰ ਸਪਾਟਾ ਸ੍ਰੀਮਤੀ ਅੰਜਲੀ ਭਾਵੜਾ, ਐਮ. ਡੀ. ਪੀ ਆਈ ਡੀ ਬੀ ਸ੍ਰੀ ਏ ਵੇਨੂਪ੍ਰਸਾਦ, ਸਕੱਤਰ ਸਥਾਨਿਕ ਸਰਕਾਰ ਸ੍ਰੀ ਵਿਕਾਸ ਪ੍ਰਤਾਪ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੌਏ ਕੁਮਾਰ ਸ਼ਰਮਾ, ਸੀ ਏ ਪੁੱਡਾ ਸ੍ਰੀ ਮਨਵੇਸ਼ ਸਿੰਘ ਸੰਧੂ ਹਾਜ਼ਰ ਸਨ।



