ਅੰਮ੍ਰਿਤਸਰ, 23 ਅਕਤੂਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੀਤੇ ਦਿਨੀਂ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਾਸੀਆਂ ਨੂੰ ਮਤਭੇਦ ਭੁਲਾ ਕੇ ਅਮਨ ਸਦਭਾਵਨਾ ਬਣਾਈ ਰੱਖਣ ਅਤੇ ਭਾਈਚਾਰਿਆਂ ਦਰਮਿਆਨ ਗਲਤ ਫਹਿਮੀ ਪੈਦਾ ਕਰਨ ਵਾਲੇ ਅਨਸਰਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਪਿੰਡ ਮਾਦੋਕੇ ਬਰਾੜ ਵਿਖੇ ਪ੍ਰਧਾਨ ਸ: ਵੀਰ ਸਿੰਘ ਲੋਪੋਕੇ ਦੀ ਅਗਵਾਈ ਵਿੱਚ ਜ਼ਿਲ੍ਹਾ ਅਕਾਲੀ ਜਥਾ ਵੱਲੋਂ ਪਸ਼ਚਾਤਾਪ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਸੰਗਤਾਂ ਨੇ ਹਿੱਸਾ ਲਿਆ। ਉਪਰੰਤ ਅਕਾਲੀ ਦਲ ਦੇ ਜਨਰਲ ਸਕੱਤਰ ਅਤੇਪੰਜਾਬ ਦੇ ਲੋਕ ਸੰਪਰਕ ਤੇ ਮਾਲ ਮੰਤਰੀ ਸ ਬਿਕਰਮ ਸਿੰਘ ਮਜੀਠੀਆ, ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ, ਅਮਰਪਾਲ ਸਿੰਘ ਬੋਨੀ ਅਜਨਾਲਾ ਮੁੱਖ ਸੰਸਦੀ ਸਕੱਤਰ, ਜ਼ਿਲ੍ਹਾ ਪ੍ਰਧਾਨ ਸ: ਵੀਰ ਸਿੰਘ ਲੋਪੋਕੇ, ਸ: ਬਲਜੀਤ ਸਿੰਘ ਜਲਾਲ ਉਸਮਾ, ਰਾਜਮਹਿੰਦਰ ਸਿੰਘ ਮਜੀਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਮਨੁੱਖ ਜਿਸ ਸਤਿਗੁਰਾਂ ਦੀਆਂ ਬਖ਼ਸ਼ਿਸ਼ਾਂ ਨੂੰ ਹੀ ਮਾਣ ਰਿਹਾ ਹੈ ਉਸ ਦੀ ਕਿਸੇ ਤਰਾਂ ਦੀ ਬੇਅਦਬੀ ਮਨੁੱਖਤਾ ਲਈ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਸੰਸਾਰ ਗੁਰੂ ਪ੍ਰਮਾਤਮਾ ਦੇ ਹੁਕਮਾਂ ਨਾਲ ਚਲ ਰਿਹਾ ਹੈ ਅਤੇ ਗੁਰਬਾਣੀ ਸਰਬ ਸਾਂਝੀਵਾਲਤਾ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ। ਆਗੂਆਂ ਨੇ ਸਭ ਨੂੰ ਇਤਫ਼ਾਕ ਤੇ ਸੁਮੱਤ ਬਖਸ਼ਿਸ਼ ਕਰਨ ਦੀ ਅਰਦਾਸ ਬੇਨਤੀ ਕੀਤੀ । ਉਹਨਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਸਾਜ਼ਿਸ਼ਾਂ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਕਰਨ ਲਈ ਵੀ ਅਰਦਾਸ ਕੀਤੀ।



