ਜਸਟਿਨ ਟਰੂਡੋ ਬਣਨਗੇ ਨਵੇਂ ਪ੍ਰਧਾਨ ਮੰਤਰੀ
ਟੋਰਾਂਟੋ, 20 ਅਕਤੂਬਰ- ਕੈਨੇਡਾ ‘ਚ ਬੀਤੇ ਕੱਲ੍ਹ 42ਵੀਂ ਸੰਸਦ ਚੁਣੀ ਗਈ ਜਿਸ ਵਿੱਚ ਲਿਬਰਲ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਅਤੇ ਕੁਲ 338 ਵਿੱਚੋਂ 184 ਸੀਟਾਂ ‘ਤੇ ਲਿਬਰਲ ਉਮੀਦਵਾਰ ਜੇਤੂ ਰਹੇ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ 99 ਸੀਟਾਂ ਅਤੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ 44 ਸੀਟਾਂ ਮਿਲੀਆਂ। ਕਿਊਬਕ ਤੋਂ ਖੇਤਰੀ ਪਾਰਟੀ, ਬਲਾਕ ਕਿਊਬਕ ਨੇ 10 ਅਤੇ ਗਰੀਨ ਪਾਰਟੀ ਨੇ 1 ਸੀਟ ਜਿੱਤੀ ਹੈ।2011 ‘ਚ ਲਿਬਰਲ ਪਾਰਟੀ 36 ਸੀਟਾਂ ਜਿੱਤ ਕੇ ਹਾਊਸ ਆਫ ਕਾਮਨਜ਼ (ਲੋਕ ਸਭਾ) ‘ਚ ਤੀਸਰੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ ਸੀ ਪਰ 2015 ‘ਚ 148 ਸੀਟਾਂ ਦਾ ਵਾਧਾ ਕਰਕੇ ਦੇਸ਼ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਕੈਨੇਡਾ ‘ਚ ਕੋਈ ਰਾਜਨੀਤਕ ਪਾਰਟੀ ਚਾਰ ਸਾਲਾਂ
‘ਚ ਏਨੀ ਵੱਡੀ ਜਿੱਤ ਦਰਜ ਨਹੀਂ ਕਰਵਾ ਸਕੀ। ਕਮਾਲ ਦੀ ਗੱਲ ਇਹ ਹੈ ਕਿ ਦੇਸ਼ ਦੇ ਸਾਰੇ ਪ੍ਰਾਂਤਾਂ ’ਚ ਕਿਤੇ ਨਾ ਕਿਤੇ ਲਿਬਰਲ ਉਮੀਦਵਾਰਾਂ ਨੇ ਜਿੱਤਾਂ ਦੇ ਝੰਡੇ ਜ਼ਰੂਰ ਗੱਡੇ ਹਨ ਪਰ ਕਿਊਬਕ ਅਤੇ ਉਂਟਾਰੀਓ ਲਿਬਰਲ ਪਾਰਟੀ ਦੀ ਬਹੁਤੀ ਚੜ੍ਹਤ ਰਹੀ ਜਦ ਕਿ ਦੇਸ਼ ਦੇ ਪੂਰਬੀ ਰਾਜਾਂ ਦੀਆਂ ਸਾਰੀਆਂ ਸੀਟਾਂ ’ਤੇ ਲਿਬਰਲ ਉਮੀਦਵਾਰਾਂ ਦੀ ਜਿੱਤ ਹੋਈ ਹੈ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਆਪਣੀ ਕੰਜ਼ਰਵੇਟਿਵ ਪਾਰਟੀ ਦੀ ਹਾਰ ਮੰਨ ਲਈ ਹੈ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਟੈਲੀਫੋਨ ‘ਤੇ ਜਿੱਤ ਦੀ ਵਧਾਈ ਦਿੱਤੀ।ਹਾਰਪਰ ਨੇ ਆਪਣੀ ਪਾਰਟੀ ਦੇ ਆਗੂ ਵਜੋਂ ਸੇਵਾਮੁਕਤ ਹੋਣ ਦਾ ਐਲਾਨ ਵੀ ਕਰ ਦਿੱਤਾ ਹੈ ਜਦ ਕਿ ਕੈਲਗਰੀ ਹੈਰੀਟੇਜ ਹਲਕੇ ਤੋਂ ਉਹ ਨਿਕਟ ਵਿਰੋਧੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾ ਕੇ ਲਗਾਤਾਰ 7ਵੀਂ ਵਾਰ ਪਾਰਲੀਮੈਂਟ ਮੈਂਬਰ ਚੁਣੇ ਗਏ ਹਨ।ਦੇਸ਼ ਭਰ ਵਿੱਚ 1792 ਉਮੀਦਵਾਰਾਂ ਚੋਣ ਮੈਦਾਨ ਵਿੱਚ ਸਨ।67 ਪ੍ਰਤੀਸ਼ੱਤ ਵੋਟਾਂ ਪੋਲ ਹੋਈਆਂ ਅਤੇ 1997 ਤੋਂ ਬਾਅਦ ਇਹ ਸਭ ਤੋਂ ਵੱਧ ਪੋਲਿੰਗ ਹੈ।ਹਾਰਪਰ ਦੀ ਕੈਬਨਿਟ ‘ਚੋਂ ਵਿੱਤ ਮੰਤਰੀ, ਇਮੀਗ੍ਰੇਸ਼ਨ ਮੰਤਰੀ, ਵਾਤਾਵਰਣ ਮੰਤਰੀ, ਖੇਡ ਮੰਤਰੀ, ਬਹੁ-ਸਭਿਆਚਾਰਕ ਮਾਮਲਿਆਂ ਦੇ ਰਾਜ ਮੰਤਰੀ ਅਤੇ ਕੁਝ ਸੰਸਦੀ ਸਕੱਤਰ ਵੀ ਆਪਣੀਆਂ ਸੀਟਾਂ ਨਹੀਂ ਬਚਾ ਸਕੇ। ਜਸਟਿਨ ਟਰੂਡੋ ਨੇ ਆਪਣੀ ਜਿੱਤ ਦੀ ਖੁਸ਼ੀ ਵਿੱਚ ਬੋਲਦਿਆਂ ਆਖਿਆ ਕਿ ਇਸ ਚੋਣ ਵਿੱਚ ਕੈਨੇਡਾ ਦੇ ਲੋਕਾਂ ’ਚ ਵੰਡੀਆਂ ਪਾਉਣ ਵਾਲ਼ੀ ਰਾਜਨੀਤੀ ਦੀ ਹਾਰ ਹੋਈ ਹੈ ਅਤੇ ਲੋਕਾਂ ਨੇ ‘ਬਿੱਗ ਚੇਂਜ‘ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਾਸੀਆਂ ਨੂੰ ਇਕਮੁੱਠ ਰੱਖਣਾ ਪ੍ਰਧਾਨ ਮੰਤਰੀ ਦਾ ਫਰਜ਼ ਹੁੰਦਾ ਹੈ ਅਤੇ ਉਹ ਆਪਣੇ ਇਸ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਉਂਟਾਰੀਓ ’ਚ ਟੋਰਾਂਟੋ ਅਤੇ ਨਾਲ ਲੱਗਦੇ ਸ਼ਹਿਰਾਂ ‘ਚ ਲਿਬਰਲ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕਰਵਾਈਆਂ ਹਨ ਅਤੇ 2011 ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਤੋਂ ਹਾਰੀਆਂ ਸੀਟਾਂ ਮੁੜ ਜਿੱਤ ਲਈਆਂ ਹਨ।ਕੈਨੇਡਾ ਦੀ ਪਾਰਲੀਮੈਂਟ ’ਚ ਦਸਤਾਧਾਰੀਆਂ ਸਮੇਤ ਪੰਜਾਬੀ ਸਾਂਸਦਾਂ ਦੀ ਹਾਜ਼ਰੀ ’ਚ ਵਾਧਾ ਹੋਇਆ ਹੈ ਅਤੇ ਉਂਟਾਰੀਓ ਤੋਂ ਪੌਣੀ ਦਰਜਣ ਪੰਜਾਬੀ ਅਤੇ ਪੰਜਾਬਣਾਂ (ਸਾਰੇ ਲਿਬਰਲ) ਸਫਲ ਰਹੇ ਹਨ। ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ ‘ਚ ਸਾਰੀਆਂ (5) ਸੀਟਾਂ ਲਿਬਰਲ ਪਾਰਟੀ ਦੀ ਝੋਲੀ ਵਿੱਚ ਪਾਈਆਂ ਹਨ। ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸਾਰੀਆਂ ਸੀਟਾਂ ਤੋਂ ਪੰਜਾਬੀ ਉਮੀਦਵਾਰ ਜਿੱਤੇ ਹਨ।ਬਰੈਂਪਟਨ ਵਾਸੀਆਂ ਤੋਂ ਮਿਲੇ ਭਰਵੇਂ ਹੁੰਗਾਰੇ ਦਾ ਜ਼ਿਕਰ ਸ੍ਰੀ ਟਰੂਡੋ ਨੇ ਆਪਣੀ ਜਿੱਤ ਦੇ ਭਾਸ਼ਣ ਵਿੱਚ ਵੀ ਕੀਤਾ।ਬਰੈਂਪਟਨ-ਸੈਂਟਰ ਤੋਂ ਖੇਡ ਮੰਤਰੀ ਬਲ ਗੋਸਲ ਨੂੰ ਹਰਾ ਕੇ ਰਮੇਸ਼ਵਰ ਸੰਘਾ ਨੇ ਜਿੱਤ ਹਾਸਿਲ ਕੀਤੀ ਹੈ।ਬਰੈਂਪਟਨ-ਨਾਰਥ ਤੋਂ ਰੂਬੀ ਸਹੋਤਾ ਨੇ ਸੰਸਦੀ ਸਕੱਤਰ ਪਰਮ ਗਿੱਲ ਨੂੰ ਕਰਾਰੀ ਮਾਤ ਦਿੱਤੀ ਹੈ।ਬਰੈਂਪਟਨ ਈਸਟ ਤੋਂ ਰਾਜ ਗਰੇਵਾਲ, ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਅਤੇ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਜਿੱਤ ਹਾਸਿਲ ਕੀਤੀ ਹੈ। ਬਰੈਂਪਟਨ ਨਾਲ ਲੱਗਦੇ ਮਿਸੀਸਾਗਾ-ਮਾਲਟਨ ਹਲਕੇ ਤੋਂ ਨਵਦੀਪ ਸਿੰਘ ਬੈਂਸ ਦੀ ਸ਼ਾਨਦਾਰ ਜਿੱਤ ਹੋਈ ਹੈ।ਮਿਸੀਸਾਗਾ-ਸਟਰੀਟਸਵਿੱਲ ਤੋਂ ਗਗਨ ਸਿਕੰਦ, ਸਕਾਰਬਰੋ ਸੈਂਟਰ ਤੋਂ ਸਲਮਾ ਜ਼ਹੀਦ, ਵਾਟਰਲੂ ਤੋਂ ਬਰਦੀਸ਼ ਚੱਗੜ ਅਤੇ ਕਿਚਨਰ ਸੈਂਟਰ ਤੋਂ ਰਾਜ ਸੈਣੀ ਜਿੱਤੇ ਹਨ। ਅਲਬਰਟਾ ‘ਚ ਕੈਲਗਰੀ ਵਿਖੇ 1968 ਤੋਂ ਬਾਅਦ ਪਹਿਲੀ ਵਾਰ ਲਿਬਰਲ ਪਾਰਟੀ ਜਿੱਤ ਨਸੀਬ ਹੋਈ ਹੈ ਅਤੇ ਪ੍ਰਾਂਤ ‘ਚੋਂ ਤਿੰਨ ਪੰਜਾਬੀ ਜਿੱਤੇ ਹਨ।ਕੈਲਗਰੀ ਸਕਾਈਵਿਊ ਹਲਕੇ ਤੋਂ ਲਿਬਰਲ ਪਾਰਟੀ ਦੇ ਦਰਸ਼ਣ ਕੰਗ ਨੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ। ਐਡਮਿੰਟਨ ਮਿਲਵੁੱਡ ਤੋਂ ਕੰਜ਼ਰਵੇਟਿਵ ਪਾਰਟੀ ਦੇ (ਬਹੁ-ਸਭਿਆਚਾਰਕ ਮੰਤਰੀ) ਟਿਮ ਉਪਲ ਨੂੰ ਲਿਬਰਲ ਪਾਰਟੀ ਦੇ ਅਮਰਜੀਤ ਸੋਹੀ ਨੇ ਹਰਾ ਦਿੱਤਾ ਹੈ ਜਦ ਕਿ ਕੰਜ਼ਰਵੇਟਿਵ ਦੀਪਕ ਓਬਰਾਏ ਨੇ ਕੈਲਗਰੀ ਈਸਟ ਤੋਂ ਜਿੱਤ ਹਾਸਿਲ ਕਰ ਲਈ ਹੈ। ਬ੍ਰਿਟਿਸ਼ ਕੋਲੰਬੀਆ ’ਚ ਸੁੱਖ ਧਾਲੀਵਾਲ ਦੀ ਜੱਤ ਨਾਲ ਪੰਥਕ ਹਲਕਿਆਂ ’ਚ ਖੁਸ਼ੀ ਦੀ ਲਹਿਰ ਹੈ।ਸ. ਧਾਲੀਵਾਲ ਨੇ ਸਰੀ ਨਿਊਟਨ ਹਲਕੇ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੀ ਸਾਂਸਦ ਜਿਨੀ ਸਿਮਸ ਨੂੰ 11909 ਵੋਟਾਂ ਦੇ ਫਰਕ ਨਾਲ ਹਰਾਇਆ ਹੈ।ਸਰੀ ਸੈਂਟਰ ਤੋਂ ਰਣਦੀਪ ਸਰਾਏ ਨੇ ਐਨ.ਡੀ.ਪੀ. ਸਾਂਸਦ ਜਸਬੀਰ ਸੰਧੂ ਨੂੰ ਹਰਾਇਆ ਹੈ।ਵੈਨਕੋਵਰ ਸਾਊਥ ਹਲਕੇ ‘ਚ ਲਿਬਰਲ ਪਾਰਟੀ ਦੇ ਵੱਡੀ ਲੀਡ ਨਾਲ ਹਰਜੀਤ ਸੱਜਣ ਜਿੱਤੇ ਹਨ। ਮਿਸ਼ਨ-ਮੇਟਸਕੀ-ਫਰੇਜ਼ਰ ਹਲਕੇ ਤੋਂ ਜਤਿੰਦਰ (ਜਤੀ) ਸਿੱਧੂ ਨੂੰ ਜੇਤੂ ਐਲਾਨਿਆ ਗਿਆ ਹੈ।



