Skip to content
Independent perspectives. Global stories.
BREAKING

ਕਾਂਗਰਸ ਵੱਲੋਂ 2017 ਦੀਆਂ ਚੋਣਾਂ ਲਈ ਤਿਆਰੀ ਸ਼ੁਰੂ

Share this story

ਬਠਿੰਡਾ, 12 ਅਕਤੂਬਰ, (ਬਸੰਤ ਸਿੰਘ ਅਗਰੋਈਆ)- 2017 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਵਰਕਰਾਂ ਨੂੰ ਬੂਥ ਪੱਧਰ ’ਤੇ ਲਾਮਬੰਦ ਕਰਨ ਲਈ ਸਰਗਰਮੀਆਂ ਦਿਨੋਂ-ਦਿਨ ਤੇਜ਼ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਸਾਬਕਾ ਮੰਤਰੀ ਸ. ਹਰਮੰਦਰ ਸਿੰਘ ਜੱਸੀ ਨੇ ਬੀਤੇ ਦਿਨ ਸ਼ਹਿਰ ਬਠਿੰਡਾ ਦੇ 50 ਵਾਰਡਾਂ ਦੇ ਕਾਂਗਰਸੀ ਵਰਕਰਾਂ, ਲੀਡਰਾਂ ਦੀ ਅਗਵਾਈ ਵਿੱਚ ਬੂਥ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਉਨ੍ਹਾਂ ਨੂੰ ਆਉਂਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਵਿੱਢਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸ.ਜੱਸੀ ਵੱਲੋਂ ਵਰਕਰਾਂ ਨੂੰ ਵੋਟਰ ਲਿਸਟਾਂ ਦੇਕੇ ਹਦਾਇਤ ਦਿੱਤੀ ਕਿ ‘‘ਕੱਲ੍ਹੀ-ਕੱਲ੍ਹੀ ਵੋਟ ’ਤੇ ਨਿਗਾਹ ਮਾਰੋ’’ ਤਾਂ ਜੋ ਜਾਲ੍ਹੀ ਬਣੀਆਂ ਵੋਟਾਂ ਕਟਵਾਈਆਂ ਜਾਣ ਜਿਸ ਵਿੱਚ ਵੋਟਰ ਦੀ ਬਦਲੀ, ਲੜਕੀਆਂ ਦੇ ਵਿਆਹ ਵਾਲੀਆਂ ਵੋਟਾਂ ਵੀ ਸ਼ਾਮਲ ਹਨ। ਸ. ਜੱਸੀ ਨੇ ਐਲਾਨਕੀਤਾ ਕਿ ਸ਼ਹਿਰ ਵਿੱਚ ‘‘ਇੱਕ ਵੀ’’ ਜਾਲ੍ਹੀ ਵੋਟ ਨਹੀਂ ਬਨਣ ਦਿੱਤੀ ਜਾਵੇਗੀ ਅਤੇ ਨਜਾਇਜ਼ ਬਣੀਆਂ ਵੋਟਾਂ ਕਟਵਾਈਆਂ ਜਾਣਗੀਆਂ। ਉਨ੍ਹਾਂ ਨਗਰ ਨਿਗਮ ਬਠਿੰਡਾ ਅਤੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਿਗਮ ਨੁਮਾਇੰਦਿਆਂ, ਅਫਸਰਾਂ ਦੀ ਮਿਲੀ ਭੁਗਤ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਕਿਉਂਕਿ ਸ਼ਹਿਰ ਵਿੱਚ ਬਿਨਾ ਨਕਸ਼ਾ ਪਾਸ ਤਿੰਨ ਹਜਾਰ ਤੋਂ ਵੱਧ ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਚੁੱਕੀਆਂ ਹਨ ਜਿਹਨਾਂ ਦੇ ਕੋਈ ਨਕਸ਼ਾ ਫੀਸ ਨਹੀਂ ਭਰਾਈ ਗਈ। ਇਸ ਮਾਮਲੇ ਦੀ ਕਾਂਗਰਸ ਪਾਰਟੀ ਉਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ ਕਿਉਂਕਿ ਇਮਾਰਤਾਂ ਦੇ ਨਿਰਮਾਣ ਨਾਲ ਕਰੋੜਾਂ ਰੁਪਏ ਦੀ ਘਲਪੇਬਾਜੀ ਹੌਈ ਹੈ। ਜੇਕਰ ਪੰਜਾਬ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਤਾਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਫਾਇਦਾ ਵੀ ਹੋਵੇਗਾ। ਉਹਨਾਂ ਸ਼ਹਿਰ ਵਿੱਚ ਡਾਵਾਂ ਡੋਲ ਹੋਈ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ 60 ਦਿਨਾਂ ਵਿੱਚ 32 ਲੁੱਟ ਖੋਹ ਦੀਆਂ ਵਾਰਦਾਤਾਂ, ਸ਼ਰੇਆਮ ਫਾਇਰਿੰਗ ਕਰਕੇ ਗੈਸ ਏਜੰਸੀ ਦੇ ਕਰਿੰਦਿਆਂ ਤੋਂ ਕੈਸ਼ ਖੋਹਣ ਦੀ ਕੋਸ਼ਿਸ਼ ਇਹ ਸਾਬਤ ਕਰਦੀ ਹੈ ਕਿ ਪੁਲਿਸ ਦੇ ਸੁਰੱਖਿਆ ਪ੍ਰਬੰਧ ਕਾਗਜਾਂ ਤੱਕ ਹੀ ਸੀਮਤ ਹਨ ਤੇ ਪੁਲਿਸ ਸਿਰਫ ‘‘ਬਾਦਲ ਪਰਿਵਾਰ ਦੇ ਰੂਟ’’ ਲਾਉਣ ਜੋਗੀ ਹੀ ਰਹਿ ਗਈ ਹੈ। ਉਹਨਾਂ ਪੁਲਿਸ ਤੇ ਕਾਰਗੁਜਾਰੀ ਤੇ ਸਵਾਲ ਖੜ੍ਹੇ ਕਰਦਿਆਂ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਬਠਿੰਡਾ ਦੇ ਆਈਜੀ, ਡੀਆਈਜੀ ਅਤੇ ਐਸਐਸਪੀ ਇੱਕੋ ਦਿਨ ਵਿੱਚ ਬਦਲੇ ਹੋਣ। ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਕਿਸਾਨ ਹਿੱਤਾਂ ਦਾ ਧਿਆਨ ਹੁੰਦਾ ਤਾਂ ਉਹ ਨੁਕਸਾਨੀਆਂ ਫਸਲਾਂ ਲਈ ਤੁਰੰਤ ਯੋਗ ਮੁਆਵਜ਼ੇ ਦਾ ਐਲਾਨ ਕਰਦੀ ਪਰ ਬਾਦਲ ਸਾਹਿਬ ਤਾਂ ਕਿਸਾਨਾਂ ਦੇ ਸੰਘਰਸ਼ ਰਾਹੀਂ ਮੋਦੀ ਨੂੰ ਡਰਾਉਣ ਵਿੱਚ ਲੱਗੇ ਹੋਏ ਹਨ ਪਰ ਮੁੱਖ ਮੰਤਰੀ ਸਾਹਿਬ ਨੂੰ ਇਸ ਪਾਸੇ ਧਿਆਨ ਨਹੀਂ ਕਿ 60 ਦਿਨਾਂ ਵਿੱਚ 50 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਖੇਤੀਬਾੜੀ ਡਾਇਰੈਕਟਰ ਦੀ ਗ੍ਰਿਫਤਾਰੀ ਨੂੰ ਸਿਆਸੀ ਡਰਾਮੇਬਾਜੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਸਾਹਿਬ ਕਿਸਾਨ ਹਿੱਤਾਂ ਦੀ ਰਾਖੀ ਕਰਨਾ ਚਾਹੁੰਦੇ ਹਨ ਤਾਂ ਤੁਰੰਤ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਅਤੇ ਤੋਤਾ ਸਿੰਘ ਨੂੰ ਬਰਖਾਸਤ ਕਰਕੇ ਪੁਲਿਸ ਹਵਾਲੇ ਕਰਨ। ਇਸ ਮੌਕੇ ਜਿਲ੍ਹਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਜਨਰਲ ਸੈਕਟਰੀ ਰੁਪਿੰਦਰ ਬਿੰਦਰਾ, ਇਕਬਾਲ ਢਿੱਲੋਂ, ਜੀਤ ਮੱਲ, ਹਰੀ ਓਮ, ਰੌਕੀ ਸ਼ਰਮਾ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਬਲਦੇਵ ਆਕਲੀਆ, ਜਗਮੀਤ ਸਿੰਘ, ਵਿਜੇ ਗੋਇਲ, ਵਿਜੇ ਵਸ਼ਿਸ਼ਟ ਆਦਿ ਦੇ ਨਾਲ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜਰ ਸਨ।

WRITTEN BY