ਪਟਨਾ, 12 ਅਕਤੂਬਰ (ਪੀ. ਟੀ. ਲਾਇਵ)- ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਲੱਗਭਗ 57 ਫੀਸਦੀ ਵੋਟਰਾਂ ਨੇ 583 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ’ਚ ਬੰਦ ਕਰ ਦਿੱਤੀ। ਕਿਸੇ ਵੀ ਥਾਂ ਤੋਂ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਪ੍ਰਤੱਖ ਹੈ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਚੌਕਸੀ ਏਨੀ ਜ਼ਬਰਦਸਤ ਰੱਖੀ ਗਈ ਕਿ ਮਤਦਾਨ ਵਿੱਚ ਅੜਿੱਕਾ ਪਾਉਣ ਵਾਲੇ 100 ਤੋਂ ਵਧ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਬਿਹਾਰ ਦੇ ਕੁੱਲ 243 ਵਿਧਾਨ ਸਭਾ ਹਲਕਿਆਂ ਵਿੱਚ 5 ਪੜਾਵਾਂ ਵਿੱਚ ਹੋਣ ਵਾਲੇ ਮਤਦਾਨ ਦੇ ਪਹਿਲੇ ਗੇੜ ਵਿੱਚ 10 ਜ਼ਿਲ੍ਹਿਆਂ ਦੀਆਂ 49 ਵਿਧਾਨ ਸਭਾ ਸੀਟਾਂਲਈ ਅੱਜ ਵੋਟਾਂ ਪਾਈਆਂ ਗਈਆਂ। ਮਤਦਾਨ ਦੇ ਪ੍ਰਤੀ ਲੋਕਾਂ ਵਿੱਚ ਸਵੇਰ ਤੋਂ ਹੀ ਉਤਸ਼ਾਹ ਦੇਖਿਆ ਗਿਆ। ਦਿਨ ਚੜ੍ਹਦੇ ਇਹ ਉਤਸ਼ਾਹ ਵਧਦਾ ਗਿਆ। ਪੇਂਡੂ ਇਲਾਕਿਆਂ ਵਿੱਚ ਮਤਦਾਨ ਕੇਂਦਰਾਂ ’ਚ ਔਰਤਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਨੌਜਵਾਨਾਂ ਨੇ ਵੀ ਮਤਦਾਨ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਚੋਣ ਕਮਿਸ਼ਨ ਅਨੁਸਾਰ ਤਕਰੀਬਨ 57 ਫੀਸਦੀ ਮਤਦਾਨ ਦੀ ਸੂਚਨਾ ਹੈ। 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਵਿਧਾਨ ਸਭਾ ਸੀਟਾਂ ਲਈ 51 ਫੀਸਦੀ ਮਤਦਾਨ ਦਰਜ ਕੀਤਾ ਗਿਆ ਸੀ। ਅਪਰ ਮੁੱਖ ਚੋਣ ਅਧਿਕਾਰੀ ਆਰ ਲਕਸ਼ਮਣ ਦੇ ਅਨੁਸਾਰ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਕਿਤਿਓਂ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਅੱਤ ਨਕਸਲ ਪ੍ਰਭਾਵਿਤ 9 ਵਿਧਾਨ ਸਭਾ ਹਲਕਿਆਂ (ਸਿਕੰਦਰਾ, ਜਮੁਈ, ਝਾਝਾ, ਚਕਾਈ, ਗੋਵਿੰਦਪੁਰ, ਰਜੋਲੀ, ਸੂਰਿਆਗੜ੍ਹ, ਜਮਾਲਪੁਰ, ਤਾਰਾਪੁਰ) ਵਿੱਚ 3 ਵਜੇ ਤੱਕ, ਜਦਕਿ ਨਕਸਲ ਪ੍ਰਭਾਵਿਤ 4 ਹੋਰ ਹਲਕਿਆਂ (ਬੇਲਹਰ, ਕਟੋਰੀਆ, ਬੇਲਦੋਰ, ਅਲੋਲੀ) ਵਿੱਚ ਸ਼ਾਮ 4 ਵਜੇ ਤੱਕ ਵੋਟਾਂ ਪਈਆਂ। ਬਾਕੀ 36 ਸੀਟਾਂ ਉ¤ਤੇ ਮਤਦਾਨ ਲਈ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ। ਵੋਟਰਾਂ ਨੇ ਕਤਾਰਾਂ ਵਿੱਚ ਖੜ੍ਹੇ ਹੋ ਕੇ ਅਨੁਸ਼ਾਸਨ ਨਾਲ ਮਤਦਾਨ ’ਚ ਹਿੱਸਾ ਲਿਆ। ਕਮਿਸ਼ਨ ਵੱਲੋਂ ਐਲਾਨੇ ਗਏ ਆਦਰਸ਼ ਮਤਦਾਨ ਕੇਂਦਰ ਉ¤ਤੇ ਮੇਲੇ ਵਰਗਾ ਮਾਹੌਲ ਰਿਹਾ। ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਇਨ੍ਹਾਂ ਮਤਦਾਨ ਕੇਂਦਰਾਂ ਨੂੰ ਗੁਬਾਰਿਆਂ ਅਤੇ ਫੁੱਲਾਂ ਨਾਲ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ ਸੀ। ਪਹਿਲੇ ਗੇੜ ਵਿੱਚ ਕਈ ਵੱਡੇ ਨੇਤਾਵਾਂ ਦਾ ਵਕਾਰ ਦਾਅ ’ਤੇ ਹੈ। ਜਿਨ੍ਹਾਂ ਵਿੱਚ ਸਮਸਤੀਪੁਰ ਜ਼ਿਲ੍ਹਾ ਦੇ ਸਰਾਏਰੰਜਣ ਵਿਧਾਨ ਸਭਾ ਖੇਤਰ ਤੋਂ ਸੂਚਨਾ ਅਤੇ ਪ੍ਰਸਾਰਨ ਅਤੇ ਜਲ ਸਰੋਤਾਂ ਬਾਰੇ ਮੰਤਰੀ ਵਿਜੇ ਚੌਧਰੀ ਅਤੇ ਕਲਿਆਣਪੁਰ (ਰਿਜ਼ਰਵ) ਤੋਂ ਲੋਕ ਜਨ ਸ਼ਕਤੀ ਪਾਰਟੀ ਸੁਪਰੀਮੋ ਰਾਮ ਵਿਲਾਸ ਪਾਸਵਾਨ ਦੇ ਭਤੀਜੇ ਪ੍ਰਿੰਸ ਰਾਜ ਸ਼ਾਮਿਲ ਹਨ।



