ਰਾਮਪੁਰਾ ਫੂਲ, 9 ਅਕਤੂਬਰ (ਮਨਪ੍ਰੀਤ ਗਿੱਲ, ਜਸਵੰਤ ਦਰਦ, ਜੋਸਫ ਬੰਸਲ)- ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਸ਼ੁਰੂ ਕੀਤਾ ਰੇਲ ਰੋਕੋ ਪ੍ਰੋਗਰਾਮ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗੱਲਬਾਤ ਸਬੰਧੀ ਕੀਤੀ ਪੇਸ਼ਕਸ਼ ਨੂੰ ਸ਼ਰੇਆਮ ਗੁੰਮਰਾਹਕੁੰਨ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜ੍ਹਣ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਨੂੰ ਇੱਕ ਮਜ਼ਾਕ ਬਣਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ੍ਰ: ਬਾਦਲ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੱਚਮੁੱਚ ਹੀ ਗੰਭੀਰ ਹਨ ਤਾਂ ਉਹ ਕੇਂਦਰ ਸਰਕਾਰ ’ਤੇ ਦਬਾਅ ਬਣਾ ਕੇ ਬਰਬਾਦ ਹੋਈ ਫਸਲ ਬਦਲੇ ਢੁਕਵਾਂ ਮੁਆਵਜਾ ਦਿਵਾਉਣ ਵਿੱਚ ਪਹਿਲਕਦਮੀ ਕਰਨ। ਉਕਤ ਆਗੂਆਂ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਗੈਰ-ਜਿੰਮੇਵਾਰਨਾਂ ਬਿਆਨਬਾਜ਼ੀ ਦੀ ਨਿੰਦਾ ਕਰਦਿਆਂ ਕਿਹਾ
ਕਿ ਬਾਦਲ ਪਰਿਵਾਰ ਕਿਸਾਨਾਂ ਦੇ ਜਖ਼ਮਾਂ ’ਤੇ ਨਮਕ ਛਿੜਕਣ ਦੀ ਬਜਾਏ ਉਨ੍ਹਾਂ ਦੇ ਦਰਦ ਦਾ ਹੱਲ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਵੇ। ਇਸ ਮੋਕੇ ਬੋਲਦਿਆਂ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਭਾਕਿਯੂ ਕਰਾਂਤੀਕਾਰੀ ਦੇ ਸੂਬਾ ਪ੍ਰਧਾਜਨ ਸੁਰਜੀਤ ਸਿੰਘ ਫੂਲ, ਭਾਕਿਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨਥਾਣਾ ਨੇ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਨਰਮਾ ਪੱਟੀ ਨੂੰ ਉਜਾੜਣ ਵਿੱਚ ਸਰਕਾਰ ਦੀਆਂ ਕਥਿਤ ਭ੍ਰਿਸ਼ਟ ਨੀਤੀਆਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿਹਾ ਕਿ ਮਿਲਾਵਟਖੋਰੀ ਦੇ ਅਸਲ ਦੋਸ਼ੀਆਂ ਨੂੂੰ ਕਾਬੂ ਕਰਨ ਦੀ ਥਾਂ ਦੇ ਸਰਕਾਰ ਉਨ੍ਹਾਂ ਦੇ ਬਚਾਅ ਵਿੱਚ ਲੱਗੀ ਹੋਈ ਹੈ, ਜਿਸ ਕਾਰਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸ਼ਰੇਆਮ ਨੰਗਾ ਹੋਇਆ ਹੈ।
ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਭੂੰਦੜ, ਸੁਖਦੇਵ ਸਿੰਘ ਜਵੰਧਾ, ਬੇਅੰਤ ਸਿੰਘ ਜੇਠੂਕੇ, ਅਮਰੀਕ ਸਿੰਘ ਸਿਵੀਆਂ, ਬਸੰਤ ਸਿੰਘ ਕੋਠਾਗੁਰੂ, ਬਲਜੀਤ ਸਿੰਘ ਪੂਹਲਾ, ਦਰਸ਼ਨ ਸਿੰਘ ਮਾਇਸਰਖਾਨਾ, ਸੁਰਮੁਖ ਸਿੰਘ ਸੇਲਬਰਾਹ, ਸੁਰਮੁਖ ਸਿੰਘ ਸਿੱਧੂ, ਪ੍ਰਸ਼ੋਤਮ ਸਿੰਘ ਮਹਿਰਾਜ, ਸੁਰਜੀਤ ਸਿੰਘ ਭੁੱਚੋ, ਸੁਖਵਿੰਦਰ ਸਿੰਘ ਫੂਲੇਵਾਲਾ, ਸੁਖਦੇਵ ਸਿੰਘ ਨਥਾਣਾ, ਸੁਖਪਾਲ ਸਿੰਘ ਖਿਆਲੀਵਾਲਾ, ਦਰਬਾਰਾ ਸਿੰਘ ਫੂਲੇਵਾਲਾ, ਜਗਸੀਰ ਸਿੰਘ ਕੋਟੜਾ, ਤੀਰਥ ਸਿੰਘ ਕੋਠਾ ਗੁਰੂ ਆਦਿ ਨੇ ਸੰਬੋਧਨ ਕੀਤਾ।



