ਨਵੀਂ ਦਿੱਲੀ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਚਾਰੇ ਪਾਸਿਉਂ ਦਬਾਅ ਦੇ ਦਰਮਿਆਨ ਰੱਖਿਆ ਮੰਤਰੀ ਏ.ਕੇ.ਐਂਟੋਨੀ ਨੇ ਪੁੰਛ ਵਿੱਚ ਹੋਏ ਹਮਲੇ ਸਬੰਧੀ ਆਪਣਾ ਬਿਆਨ ਬਦਲ ਲਿਆ ਹੈ। ਰੱਖਿਆ ਮੰਤਰੀ ਨੇ ਅੱਜ ਸੰਸਦ ਵਿੱਚ ਮੰਨਿਆ ਕਿ ਚੱਕਾਂ ਦਾ ਬਾਗ ਚੌਕੀ ਉੱਪਰ ਹੋਇਆ ਹਮਲਾ, ਜਿਸ ਵਿੱਚ 5 ਜਵਾਨ ਸ਼ਹੀਦ ਹੋ ਗਏ ਸਨ, ਪਾਕਿਸਤਾਨੀ ਫੌਜ ਵੱਲੋਂ ਹੀ ਕੀਤਾ ਗਿਆ ਸੀ। ਐਂਟੋਨੀ ਨੇ ਸੰਸਦ ਵਿੱਚ ਕਿਹਾ, ”ਮੇਰਾ ਪਹਿਲਾ ਬਿਆਨ ਪ੍ਰਾਪਤ ਹੋਏ ਤੱਥਾਂ ਉੱਪਰ ਅਧਾਰਿਤ ਸੀ।

ਬਾਅਦ ਵਿੱਚ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ ਵੱਲੋਂ ਇਲਾਕੇ ਦਾ ਦੌਰਾ ਕਰਕੇ ਜਾਣਕਾਰੀ ਹਾਸਿਲ ਕੀਤੀ ਗਈ। ਹੁਣ ਸਾਫ਼ ਹੋ ਗਿਆ ਹੈ ਕਿ ਹਮਲਾ ਪਾਕਿਸਤਾਨੀ ਫੌਜ ਦੀ ਸਪੈਸ਼ਲ ਯੁਨਿਟ ਨੇ ਕੀਤਾ ਸੀ। ਪਾਕਿ ਫੌਜ ਸਿੱਧੇ ਤੌਰ ‘ਤੇ ਭਾਰਤੀ ਫੌਜੀਆਂ ਦੀ ਹੱਤਿਆ ਵਿੱਚ ਸ਼ਾਮਿਲ ਸੀ। ਉਸ ਦੇ ਸਹਿਯੋਗ ਦੇ ਨਾਲ ਕੋਈ ਹਮਲਾ ਨਹੀਂ ਹੋ ਸਕਦਾ।”ਰੱਖਿਆ ਮੰਤਰੀ ਐਂਟੋਨੀ ਦੇ ਬਿਆਨ ਵਿੱਚ ਅੱਜ ਤਿੱਖੇ ਤੇਵਰ ਨਜ਼ਰ ਆਏ। ਉਨ੍ਹਾਂ ਨੇ ਕਿਹਾ, ”ਪਾਕਿਸਤਾਨ ਸਾਡੇ ਨਾਲ ਸਬੰਧਾਂ ਨੂੰ ਹਲਕੇ ਵਿੱਚ ਨਾ ਲਵੇ। ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅਸੀਂ ਐੱਲ.ਓ.ਸੀ. ਦੀ ਸੁਰੱਖਿਆ ਲਈ ਪ੍ਰਤੀਬੱਧ ਹਾਂ।”ਐਂਟੋਨੀ ਦੇ ਤਾਜਾ ਬਿਆਨ ‘ਤੇ ਵਿਰੋਧੀ ਧਿਰ ਨੇ ਵੀ ਤਸੱਲੀ ਪ੍ਰਗਟ ਕੀਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਸਾਨੂੰ ਖੁਸ਼ੀ ਹੈ ਕਿ ਰੱਖਿਆ ਮੰਤਰੀ ਨੇ ਆਪਣੀ ਗਲਤੀ ਸੁਧਾਰ ਲਈ ਹੈ। ਮੈਂ ਉਨ੍ਹਾਂ ਲੋਕਾਂ ਨੂੰ ਦਸ ਦੇਣਾ ਚਾਹੁੰਦੀ ਹਾਂ ਜਿਹੜੇ ਇਹ ਕਹਿ ਰਹੇ ਸਨ ਕਿ ਅਸੀਂ ਇਸ ਮਾਮਲੇ ਉੱਪਰ ਸਿਆਸਤ ਕਰ ਰਹੇ ਹਾਂ। ਅਸੀਂ ਸਿਆਸਤ ਨਹੀਂ ਕਰ ਰਹੇ ਸੀ। ਅਸੀਂ ਚਾਹੁੰਦੇ ਸੀ ਕਿ ਰੱਖਿਆ ਮੰਤਰੀ ਆਪਣੀ ਗਲਤੀ ਵਿੱਚ ਸੁਧਾਰ ਕਰਨ। ਪੂਰਾ ਸਦਨ ਇੱਕ ਆਵਾਜ ਵਿੱਚ ਉਨ੍ਹਾਂ ਦੇ ਇਸ ਬਿਆਨ ਦਾ ਸਮਰਥਨ ਕਰਦਾ ਹੈ।
ਪਾਕਿਸਤਾਨੀ ਫੌਜ ਨੇ ਹੀ ਕੀਤਾ ਹਮਲਾ



