Skip to content
Independent perspectives. Global stories.
BREAKING

ਹਰਸਿਮਰਤ ਨੇ ਵਿਦੇਸ਼ੀ ਧਰਤੀ ‘ਤੇ ਸਿੱਖਾਂ ਨਾਲ ਹੁੰਦੀ ਧੱਕੇਸ਼ਾਹੀ ਦੇ ਮਾਮਲੇ ‘ਤੇ ਕੇਂਦਰ ਦੇ ਨਰਮ ਰੁਖ ‘ਤੇ ਕਾਂਗਰਸ ਨੂੰ ਕੋਸਿਆ

Share this story

ਨਵੀਂ ਦਿੱਲੀ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਵਿਦੇਸ਼ੀ ਧਰਤੀ ‘ਤੇ ਸਿੱਖਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਧਾਰਮਿਕ ਵਿਤਕਰੇ ਪ੍ਰਤੀ ਭਾਰਤ ਸਰਕਾਰ ਵੱਲੋਂ ਅਪਣਾਏ ਗਏ ਨਰਮ ਵਤੀਰੇ ‘ਤੇ ਸਵਾਲ ਕਰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਵਿੱਚ ਬੋਲਦਿਆਂ ਪ੍ਰਸ਼ਨ ਕਾਲ ਰੱਦ ਕਰਨ ਦਾ ਮਤਾ ਰੱਖਿਆ।
ਮਤੇ ‘ਤੇ ਬੋਲਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਵਿਸ਼ਵ ਵਿੱਚ ਅੱਜ ਆਏ ਦਿਨ ਸਿੱਖ ਆਪਣੇ ਪਹਿਰਾਵੇ ਕਾਰਨ ਗਲਤ ਪਛਾਣ ਕਾਰਨ ਨਫ਼ਰਤ ਦਾ ਸ਼ਿਕਾਰ ਹੋ ਰਹੇ ਹਨ।
harsimratkaurbadal
ਉਨ੍ਹਾਂ ਕਿਹਾ ਕਿ ਵਿਸਕਾਨਸਿਨ ਵਿਖੇ ਜਦੋਂ ਸਿੱਖ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸੀ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰਕੇ ਕਈਆਂ ਨੂੰ ਮਾਰ ਦਿੱਤਾ। ਇਸੇ ਤਰ੍ਹਾਂ ਫਰਾਂਸ ਵਿੱਚ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਨਹੀਂ ਦਿੱਤਾ ਗਿਆ। ਹੁਣ ਇਸ ਤਰ੍ਹਾਂ ਹੀ ਇਟਲੀ ਦੇ ਏਅਰਪੋਰਟਾਂ ‘ਤੇ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੂੰ ਰੋਮ ਏਅਰਪੋਰਟ ‘ਦੇ ਜ਼ਲੀਲ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਵਿੱਚ ਇਟਾਲੀਅਨ ਏਅਰਪੋਰਟ ‘ਤੇ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਗੋਲਫਰ ਜੀਵ ਮਿਲਖਾ ਸਿੰਘ ਦੇ ਕੋਚ ਸ.ਅਮ੍ਰਿਤਇੰਦਰ ਸਿੰਘ ਨੂੰ ਮਿਲਾਨ ਏਅਰਪੋਰਟ ਦੇ ਸਟਾਫ ਵੱਲੋਂ ਉਥੇ ਪਹੁੰਚਣ ਦੇ ਨਾਲ ਨਾਲ ਉਥੋਂ ਵਾਪਸ ਰਵਾਨਾ ਹੋਣ ‘ਤੇ ਵੀ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਜੈਟ ਏਅਰਵੇਜ਼ ਦੇ ਕੈਪਟਨ ਧੂਪੀਆ ਨੂੰ ਮਿਲਾਨ ਤੋਂ ਦਿੱਲੀ ਦੀ ਫਲਾਇਟ 141 ਦੀ ਉਡਾਣ ਭਰਨ ਮੌਕੇ ਸੁਰੱਖਿਆ ਕਾਰਨਾਂ ਲਈ ਦਸਤਾਰ ਉਤਾਰਨ ਲਈ ਕਿਹਾ ਗਿਆ। ਇਸ ਤਰ੍ਹਾਂ ਹੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਕੀਤਾ ਗਿਆ। ਉਨ੍ਹਾਂ ਵੱਲੋਂ ਦਸਤਾਰ ਉਤਾਰਨ ਤੋਂ ਮਨ੍ਹਾਂ ਕਰਨ ‘ਤੇ ਉਨ੍ਹਾਂ ਨੂੰ 24 ਘੰਟੇ ਤੱਕ ਏਅਰਪੋਰਟ ‘ਤੇ ਬਿਠਾਈ ਰੱਖਿਆ।ਦਸਤਾਰ ਨੂੰ ਸਿੱਖ ਧਰਮ ਦਾ ਇਕ ਮਹੱਤਵਪੂਰਨ ਚਿੰਨ੍ਹ ਦੱਸਦਿਆਂ ਸ੍ਰੀਮਤੀ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ‘ਤੇ ਦਬਾਅ ਪਾਉਣ ਕਿ ਉਹ ਏਅਰਪੋਰਟਾਂ ‘ਤੇ ਸੁਰੱਖਿਆ ਦੇ ਨਾਂ ‘ਤੇ ਸਿੱਖਾਂ ਦੀ ਦਸਤਾਰ ਦੀ ਬੇਅਦਬੀ ਨਾ ਕਰਨ।ਉਨ੍ਹਾਂ ਕਿਹਾ ਕਿ ਅੰਤਰਾਸ਼ਟਰੀ ਕਾਨੂੰਨ ਮੁਤਾਬਕ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਨਹੀਂ ਕਿਹਾ ਜਾ ਸਕਦਾ ਪਰ ਇਟਲੀ ਵਿੱਚ ਇਸ ਤਰ੍ਹਾਂ ਕਈ ਵਾਰ ਕੀਤਾ ਜਾ ਚੁੱਕਾ ਹੈ। ਇਹ  ਉਸ ਸਮੇਂ ਹੋਰ ਵੀ ਦੁਖਦਾਇਕ ਹੁੰਦਾ ਹੈ ਜਦੋਂ ਸਿੱਖ ਇਸਦਾ ਵਿਰੋਧ ਕਰਦੇ ਹਨ ਪਰ ਕੂਟਨੀਤਕ ਪੱਧਰ ‘ਤੇ ਕੁਝ ਵੀ ਨਹੀਂ ਹੁੰਦਾ।ਸ੍ਰੀਮਤੀ ਬਾਦਲ ਨੇ ਕਿਹਾ ਕਿ ਸਿੱਖਾਂ ਸਮੇਤ ਹੋਰਨਾਂ ਧਾਰਮਿਕ ਅਕੀਦਿਆਂ ਨੂੰ ਮੰਨਣ ਵਾਲੇ ਨਾਗਰਿਕਾਂ ‘ਤੇ ਕੀਤੇ ਜਾਂਦੇ ਧਾਰਮਿਕ ਵਿਤਕਰੇ ਬਾਰੇ ਸਖ਼ਤ ਕੂਟਨੀਤਿਕ ਯਤਨ ਤੇਜ਼ ਕਰਨ ਦੀ ਅਪੀਲ ਕੀਤੇ।

WRITTEN BY