ਜਲੰਧਰ/ਚੰਡੀਗੜ੍ਹ, 7 ਅਕਤੂਬਰ- ਪੰਜਾਬ ਸਰਕਾਰ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਹੁਨਰ ਵਿਕਾਸ ਅਤੇ ਦਿਹਾਤੀ ਬੈਂਕਿੰਗ ਵਰਗੀਆਂ ਸੁਵਿਧਾਵਾਂ ਸੂਬੇ ਦੇ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ ਖੇਤਰਾਂ ਵਿੱਚ ਤਾਲਮੇਲ ਲਈ ਕਦਮ ਵਧਾਏ ਜਾ ਰਹੇ ਹਨ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਪ੍ਰਤੀਨਿਧੀਆਂ ਨਾਲ ਅੱਜ ਇਥੇ ਹੋਈ ਇਕ ਮੀਟਿੰਗ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬੈਂਕ ਨੂੰ ਸੂਬੇ ਵਿੱਚ 25 ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ’ਤੇ ਧਿਆਨ ਕੇਂਦਰਿਤ ਕਰਨ ਉਤੇ ਕਿਹਾ। ਇਸ ਤੋਂ ਇਲਾਵਾ ਬੈਂਕ ਅਧਿਕਾਰੀਆਂ ਨਾਲ ਸੂਬੇ ਦੇ ਸੇਵਾ ਕੇਂਦਰਾਂ ਵਿੱਚ 250 ਸ਼ਾਖਾਵਾਂ ਖੋਲ੍ਹਣ ਸਬੰਧੀ ਵੀ ਗੰਭੀਰਤਾ ਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਤਾਲਮੇਲ ਦਾ ਦੋਹਰਾ ਮਕਸਦ ਦਿਹਾਤੀ ਖੇਤਰਾਂ ਦੇ ਨੌਜਵਾਨਾਂ ਨੂੰ ਜਿੱਥੇ ਹੁਨਰ ਵਿਕਾਸ ਦੇ ਖੇਤਰ ਵਿੱਚ ਅੱਗੇ ਲਿਆਉਣਾ ਹੈ ਉਥੇ ਗੁਣਵੱਤਾ ਭਰਪੂਰ ਬੈਂਕਿੰਗ ਸੁਵਿਧਾਵਾਂ ਪ੍ਰਦਾਨ ਕਰਨਾ ਵੀ ਹੈ। ਉਪ ਮੁੱਖ ਮੰਤਰੀਵੱਲੋਂ ਬੈਂਕ ਅਧਿਕਾਰੀਆਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲ ਦੇ ਹਿੱਸੇ ਵਜੋਂ ਇਹ 25 ਹੁਨਰ ਵਿਕਾਸ ਕੇਂਦਰ ਅਤੇ ਬੈਂਕ ਸ਼ਾਖਾਵਾਂ ਖੋਲ੍ਹਣ ਲਈ ਕਿਹਾ ਗਿਆ। ਹਰੇਕ ਕੇਂਦਰ ਵਿੱਚ 1000 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਤਰ੍ਹਾਂ ਸਾਲ ਭਰ ਵਿੱਚ 25 ਹਜ਼ਾਰ ਨੌਜਵਾਨ ਹੁਨਰਮੰਦ ਬਣਨਗੇ। ਬੈਂਕ ਦੇ ਕਾਰਜਕਾਰੀ ਨਿਰਦੇਸ਼ਕ (ਰਿਟੇਲ ਬੈਂਕਿੰਗ) ਸ੍ਰੀ ਰਾਜੀਵ ਸੱਭਰਵਾਲ ਨੇ ਉਪ ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਕੇਂਦਰਾਂ ਤੋਂ ਹੁਨਰ ਦੀ ਸਿਖਲਾਈ ਲੈਣ ਵਾਲੇ ਸਮੂਹ ਨੌਜਵਾਨਾਂ ਨੂੰ ਜ਼ਾਹਰਾ ਤੌਰ ਉਤੇ ਨੌਕਰੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਉਦਯੋਗ, ਵਣਜ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ.ਔਜਲਾ, ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਸ੍ਰੀ ਆਰ.ਕੇ.ਵਰਮਾ ਅਤੇ ਆਈ.ਸੀ.ਆਈ.ਸੀ.ਆਈ. ਦੇ ਸੰਯੁਕਤ ਜਨਰਲ ਮੈਨੇਜਰ-ਜ਼ੋਨਲ ਮੁਖੀ ਸ੍ਰੀ ਵਿਸ਼ਾਲ ਬੱਤਰਾ ਵੀ ਮੌਜੂਦ ਸਨ।



