ਵਰਜੀਨੀਆ, 7 ਅਕਤੂਬਰ (ਡਾ. ਗਿੱਲ)- ਪੰਥ ਦੀ ਸਿਰਮੌਰ ਮਰਹੂਮ ਸ਼ਖਸੀਅਤ ਸ. ਗੰਗਾ ਸਿੰਘ ਢਿੱਲੋਂ ਦੀ ਪਹਿਲੀ ਬਰਸੀ ਮਨਾਸਿਸ ਗੁਰੂ ਘਰ ਵਿਖੇ ਮਨਾਈ ਗਈ ਜਿੱਥੇ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਨੇ ਨਿਊਯਾਰਕ, ਕੈਲੀਫੋਰਨੀਆ, ਨਾਰਥ ਤੇ ਕੈਨੇਡਾ ਤੋਂ ਹਿੱਸਾ ਲਿਆ। ਜਿੱਥੇ ਸਹਿਜ ਪਾਠ ਦੇ ਭੋਗ ਉਪਰੰਤ ਉਨ੍ਹਾਂ ਦੇ ਭਰਾਤਾ ਸ. ਗੁਰਬਖਸ਼ ਸਿੰਘ ਢਿੱਲੋਂ ਨੇ ਸਟੇਜ ਦੀ ਵਾਗਡੋਰ ਸੰਭਾਲੀ ਅਤੇ ਸ. ਗੰਗਾ ਸਿੰਘ ਢਿੱਲੋਂ ਦੇ ਵੱਡੇ ਸਪੁੱਤਰ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਿਤਾ ਦੀ ਸ਼ਖਸੀਅਤ ’ਤੇ ਚਾਨਣਾ ਪਾਉਣ। ਵੱਡੇ ਕਾਕੇ ਇੰਦਰਜਸਬੀਰ ਸਿੰਘ ਨੇ ਕਿਹਾ ਕਿ ਅਰਦਾਸ ਵਿੱਚ ਜੋ ਵਿਛੜੇ ਗੁਰਧਾਮਾ ਬਾਰੇ ਕਿਹਾ ਜਾਂਦਾ ਹੈ ਉਹ ਕਾਰਜ ਮੇਰੇ ਪਿਤਾ ਨੇ ਕਰ ਵਿਖਾਇਆ ਅਤੇ ਅੱਜ ਅਰਦਾਸ ਵਿੱਚ ਤਰਮੀਮ ਕਰਨ ਦੀ ਲੋੜ ਹੈ ਕਿਉਂਕਿ ਵਿਛੜੇ ਗੁਰੂਧਾਮਾਂ ਦੀ ਸੇਵਾ ਵੀ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਹੈ ਅਤੇ ਗੁਰਧਾਮਾਂ ਦੀ ਸਾਂਭ-ਸੰਭਾਲ ਵੀ ਹੁਣ ਸਿੱਖ ਕੌਮ ਕਰ ਰਹੀ ਹੈ। ਉਨ੍ਹਾਂ ਆਈਆਂ ਸੰਗਤਾਂ ਦੀ ਹਾਜ਼ਰੀ ਨੂੰ ਕਬੂਲ ਕਰਦੇ ਹੋਏ ਕਿਹਾ ਕਿ ਅੱਜ ਦੀ ਹਾਜ਼ਰੀ ਵਿੱਚ ਉਹ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਅਤੇ ਉਨ੍ਹਾਂ ਦੇ ਹਰ ਪਹਿਲੂ ’ਤੇ ਫੁੱਲ ਚੜ੍ਹਾਏ।ਸ. ਗੁਰਬਖਸ਼ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਨੂੰ ਪ੍ਰਾਪਤ ਕਰਨ ਵਾਸਤੇ ਸ. ਗੰਗਾ ਸਿੰਘ ਜੀ ਦਾ ਪ੍ਰਮੁੱਖ ਯੋਗਦਾਨ ਸੀ ਪਰ ਅੱਜ ਲੋੜ ਹੈ ਸਿੱਖ ਕੌਮ ਨੂੰ ਅੱਗੇ ਆ ਕੇ ਇਨ੍ਹਾਂ ਦੀ ਬੇਹਤਰੀ ਲਈ ਅਤੇ ਸੰਗਤਾਂ ਲਈ ਸਹੂਲਤਾਂ ਮੁਹੱਈਆ ਕਰਵਾਉਣਾ। ਅਗਲੇ ਬੁਲਾਰੇ ਟਹਿਲ ਸਿੰਘ ਸਨ ਜਿਹੜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਹਨ, ਉਨ੍ਹਾਂ ਕਿਹਾ ਕਿ ਸ. ਗੰਗਾ ਸਿੰਘ ਨੇ ਇੱਕ ਮਿਸ਼ਨ ਦਿੱਤਾ ਹੈ ਜਿਸ ’ਤੇ ਪਹਿਰਾ ਦੇਣ ਲਈ ਸਿੱਖਾਂ ਨੂੰ ਅੱਗੇ ਆ ਕੇ ਉਸ ਨੂੰ ਉਨ੍ਹਾਂ ਦੇ ਆਖੇ ਮੁਤਾਬਿਕ ਸਿਰੇ ਚੜ੍ਹਾਉਣ ਦੀ ਜਿਸ ਲਈ ਉਨ੍ਹਾਂ ਵੱਲੋਂ ਉਲੀਕਿਆ ਲਿਟਰੇਚਰ ਲੋਕ ਹਿੱਤ ਲਈ ਲਾਈਬਰੇਰੀ ਦੀ ਮੰਗ ਕਰਦਾ ਹੈ ਜਿਸ ਲਈ ਫੈਸਲਾ ਲੈਣਾ ਅਤਿ ਜ਼ਰੂਰੀ ਹੈ। ਇਸ ਮੌਕੇ ਸ. ਜੀਤ ਸਿੰਘ ਨੇ ਕਿਹਾ ਕਿ ਕੌਮ ਹੀਰਿਆਂ ਦੀ ਪਹਿਚਾਣ ਨਹੀਂ ਕਰਦੀ ਸ. ਗੰਗਾ ਸਿੰਘ ਇੱਕ ਅਜਿਹਾ ਨਗੀਨਾ ਹੀਰਾ ਸੀ ਜਿਨ੍ਹਾਂ ਨੂੰ ਭਵਿੱਖ ਵਿੱਚ ਵਾਪਰਨ ਅਤੇ ਮੁਸ਼ਕਲ ਆਉਣ ਦਾ ਪਹਿਲਾਂ ਹੀ ਗਿਆਨ ਹੁੰਦਾ ਸੀ। ਅਜਿਹਾ ਵਿਰਲਾ ਹੀ ਕੋਈ ਸਮਝ ਸਕਦਾ ਹੈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਕਾਬਲੀਅਤ ਦੇ ਗਿਆਨ ਨੂੰ ਸਾਂਭਣ ਦੀ ਹੈ ਜਿਸ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਡਾ. ਰਜਿੰਦਰ ਸਿੰਘ ਨੇ ਕਿਹਾ ਕਿ ਉਹ ਅਜਿਹੇ ਵਿਦਾਤਾ ਸਨ ਜਿਨ੍ਹਾਂ ਨੇ ਆਪਣੇ ਮਿਸ਼ਨ ਨੂੰ ਪੂਰਿਆਂ ਹੀ ਨਹੀਂ ਕੀਤਾ ਸਗੋਂ ਸੇਧ ਵੀ ਦਿੱਤੀ ਹੈ, ਜਿਸ ਲਈ ਕੌਮ ਹਮੇਸ਼ਾ ਰਿਣੀ ਰਹੇਗੀ। ਕਰਤਾਰ ਸਿੰਘ ਨਾਰਥ ਕੈਰੋਲੀਨਾ ਨੇ ਕਿਹਾ ਕਿ ਸ. ਗੰਗਾ ਸਿੰਘ ਦਾ ਨਾਮ ਸਿੱਖ ਹਿਸਟਰੀ ਵਿੱਚ ਸੁਨਹਿਰੀ ਅੱਖਰਾਂ ਵਿੱਚ ਚਮਕੇਗਾ ਜਿਨ੍ਹਾਂ ਨੇ ਧਰਮ ਦੀ ਖਾਤਰ ਪੂਰੀ ਬਾਜ਼ੀ ਲਾ ਦਿੱਤੀ ਅਤੇ ਪਾਕਿਸਤਾਨ ’ਚ ਗੁਰੂਘਰਾਂ ਦਾ ਬੋਰਡ ਬਣਵਾ ਕੇ ਸੇਵਾ ਸੰਭਾਲ ਦੀ ਪਿਰਤ ਸਿੱਖਾਂ ਦੇ ਹਵਾਲੇ ਕਰ ਗਏ ਹਨ। ਉਜਾਗਰ ਸਿੰਘ ਬਾਵਾ ਜੋ ਉਨ੍ਹਾਂ ਦੇ ਨਿੱਜੀ ਸਹਿਯੋਗੀ ਸਨ ਉਨ੍ਹਾਂ ਨੇ ਸ. ਢਿੱਲੋਂ ਦੀਆਂ ਲਿਖਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿੱਖਾਂ ਦੀ ਪਾਕਿਸਤਾਨ ਵਿੱਚ ਪਹਿਚਾਣ ਬਣਾਉਣ ਵਿੱਚ ਗੰਗਾ ਸਿੰਘ ਦਾ ਅਹਿਮ ਰੋਲ ਸੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੌਰਤਲਬ ਹੈ ਕਿ ਸ. ਤਰਲੋਚਨ ਸਿੰਘ ਕੈਲੀਫੋਰਨੀਆ ਨੇ ਕਿਹਾ ਕਿ ਸ. ਗੰਗਾ ਸਿੰਘ ਨਾਮੁਕਿਮਨ ਨੂੰ ਮੁਮਕਿਨ ਕਰਨ ਵਾਲੀ ਸ਼ਖਸੀਅਤ ਸਨ, ਜਿਨ੍ਹਾਂ ਨੇ ਪਹਿਲੀ ਫੇਰੀ ਸਮੇਂ ਸਹਿਯੋਗੀਆਂ ਦੇ ਵੀਜ਼ੇ ਨੂੰ ਨਾਂਹ ਹੋਣ ਉਪਰੰਤ ਤੁਰੰਤ ਸੁਰਜੀਤ ਕਰਕੇ ਆਪਣੀ ਸ਼ਖਸੀਅਤ, ਹੋਂਦ ਅਤੇ ਅਸਰ ਦਾ ਪ੍ਰਗਟਾਵਾ ਕਰਕੇ ਬੁੱਧੀਜੀਵੀਆਂ ਦਾ ਮਨ ਜਿੱਤਿਆ, ਜਿਸ ਤੋਂ ਪ੍ਰੇਰਨਾ ਲੈ ਕੇ ਸਾਨੂੰ ਅਗਲੇ ਕਾਰਜਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ। ਦਵਿੰਦਰ ਸਿੰਘ ਬੱਬਰ ਨੇ ਕਿਹਾ ਕਿ ਉਨ੍ਹਾਂ ਦਾ ਅਤੁੱਟ ਹਿੱਸਾ ਹੋਣ ਦੇ ਨਾਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਕਾਨਫਰੰਸ ਕਰਵਾਈ ਜਾਵੇਗੀ, ਜਿੱਥੇ ਉਨ੍ਹਾਂ ਦੇ ਕਾਰਜਾਂ ਦੀ ਸਮੀਖਿਆ ਕਰਕੇ ਉਸ ਨੂੰ ਅੱਗੇ ਤੋਰਨ ਲਈ ਇੱਕ ਕਮੇਟੀ ਦਾ ਗਠਿਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਬਰਸੀ ਵੱਡੇ ਪੱਧਰ ’ਤੇ ਹਰ ਸਟੇਟ ਵਿੱਚ ਮਨਾ ਕੇ ਉਨ੍ਹਾਂ ਦੇ ਕਾਰਜਾਂ ਨੂੰ ਪੂਰਿਆਂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਏਨੀ ਸੂਖਮ ਅਤੇ ਮਹਾਨ ਬੁੱਧੀ ਵਾਲੀ ਸ਼ਖਸੀਅਤ ਤੋਂ ਏਨਾ ਕੁਝ ਸਿਖਿਆ ਹੈ ਜਿਸ ਦਾ ਜ਼ਿਕਰ ਕਰਨਾ ਕੋਈ ਸੌਖਾ ਨਹੀਂ ਹੈ। ਉਹ ਗੀਤਾ ਵਰਗੇ ਗ੍ਰੰਥਾਂ ਨੂੰ ਵੀ ਏਨੀ ਸੂਝ-ਬੂਝ ਨਾਲ ਵਿਚਾਰਦੇ ਸਨ ਜਿਸ ਦਾ ਕੋਈ ਸਾਨੀ ਬਣਨਾ ਨਾਮੁਮਕਿਨ ਹੈ। ਲੋੜ ਹੈ ਗੰਗਾ ਸਿੰਘ ਵਰਗੀ ਸ਼ਖਸੀਅਤ ਨੂੰ ਢੂੰਡਣ ਦੀ ਜੋ ਇੱਸ ਮਿਸ਼ਨ ਨੂੰ ਪੰਥ ਦੇ ਹਿੱਤਾਂ ਲਈ ਮਜ਼ਬੂਤ ਕਰ ਸਕੇ। ਡਾ. ਅਮਰਜੀਤ ਨੇ ਕਿਹਾ ਕਿ ਸਾਡੇ ਕੁਝ ਕਾਰਨਾਂ ਕਰਕੇ ਮਤਭੇਦ ਸਨ ਪਰ ਉਨ੍ਹਾਂ ਵੱਲੋਂ ਨਿਭਾਈ ਸੇਵਾ ਸਾਡੇ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਖਾਲਸਾ ਸੰਘਰਸ਼ ਨੂੰ ਉਨ੍ਹਾਂ ਨੇ ਪੜਾਅਵਾਰ ਐਸੇ ਮੁਕਾਮ ’ਤੇ ਖੜ੍ਹਾ ਕੀਤਾ ਹੈ ਜਿਸ ’ਤੇ ਪਹਿਰਾ ਦੇਣ ਦੀ ਲੋੜ ਹੈ। ਡਾ. ਸੁਰਿੰਦਰ ਸਿੰਘ ਗਿੱਲ ਉਘੇ ਪੱਤਰਕਾਰ ਨੇ ਕਿਹਾ ਕਿ ਦ੍ਰਿੜ ਇਰਾਦੇ ਵਾਲੀ ਐਸੀ ਸਿੱਖੀ ਸ਼ਖਸੀਅਤ ਸਾਹਮਣੇ ਸ਼ਰਧਾ ਨਾਲ ਸਿਰ ਝੁਕਦਾ ਹੈ ਜਿਨ੍ਹਾਂ ਨੇ ਵਿਛੜੇ ਗੁਰੂ ਘਰਾਂ ਦੀ ਸੇਵਾ ਪੰਥ ਨੂੰ ਸੌਂਪੀ ਹੈ ਉਨ੍ਹਾਂ ਸਿੱਖੀ ਦੇ ਦ੍ਰਿੜ ਇਰਾਦੇ ਨੂੰ ਕੁਝ ਸਤਰਾਂ ਰਾਹੀਂ ਬਿਆਨ ਕਰਕੇ ਉਨ੍ਹਾਂ ਦੇ ਨਾਮ ’ਤੇ ਟਰਸਟ ਬਣਾਉਣ ਲਈ ਅਪੀਲ ਕੀਤੀ ਜਿਸ ਲਈ ਸਹਿਮਤੀ ਵਾਸਤੇ ਮੀਟਿੰਗ ਸਦਣ ਲਈ ਕਮੇਟੀ ਨੂੰ ਅੰਤਿਮ ਰੂਪ ਦਿੱਤਾ। ਡਾ. ਗਿੱਲ ਨੇ ਕਿਹਾ ‘ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ। ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ। ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਏ ਰੂਪ ਸੰਸਾਰ ਵਿੱਚੋਂ।’ ਭਾਵ ਸਿੱਖੀ ਸਰੂਪ ਦੀ ਮਜ਼ਬੂਤੀ ਲਈ ਉਨ੍ਹਾਂ ਵੱਲੋਂ ਨਿਭਾਈ ਸੇਵਾ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ। ਜਿਸ ਲਈ ‘ਗੰਗਾ ਸਿੰਘ ਢਿੱਲੋਂ ਭਾਈਚਾਰਕ’ ਟਰਸਟ ਨੂੰ ਹੋਂਦ ਵਿੱਚ ਲਿਆਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਭਾਈ ਕੁਲਦੀਪ ਸਿੰਘ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸ਼ਬਦ ਉਨ੍ਹਾਂ ਦੀ ਸ਼ਖਸੀਅਤ ਨੂੰ ਸਮਰਪਿਤ ਪੜ੍ਹਿਆ ‘ਗੁਰਮੁਖ ਲਾਹਾ ਲੈ ਗਏ’ ਜੋ ਕਿ ਹੁਬਹੂ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਸ਼ਰਧਾਂਜਲੀ ਸੀ। ਭਾਈ ਕੇਹਰ ਸਿੰਘ ਵੱਲੋਂ ਸਮਾਪਤੀ ਕਰਕੇ ਧੰਨਵਾਦ ਦੇ ਲਈ ਹਰਭਜਨ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੂੰ ਸੱਦਾ ਦਿੱਤਾ ਜਿਨ੍ਹਾਂ ਨੇ ਬਹੁਤ ਹੀ ਡੂੰਘਾਈ ਅਤੇ ਦੂਰਅੰਦੇਸ਼ੀ ਨਾਲ ਸ. ਗੰਗਾ ਸਿੰਘ ਵੱਲੋਂ ਨਿਭਾਈ ਸੇਵਾ ਨੂੰ ਉਜਾਗਰ ਕੀਤਾ ਅਤੇ ਤੁਰੰਤ ਉਨ੍ਹਾਂ ਸਬੰਧੀ ਕੋਈ ਸੰਸਥਾ ਉਲੀਕਣ ਦਾ ਜ਼ਿਕਰ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤੇ। ਉਪਰੰਤ ਬੁੱਧੀਜੀਵੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਹਰਭਜਨ ਸਿੰਘ ਚਾਹਲ ਨੂੰ ਕੁਆਰਡੀਨੇਟਰ ਥਾਪ ਕੇ ਇਸ ਕਾਰਜ ਨੂੰ ਸਾਲਾਨਾ ਬਰਸੀ ਵਜੋਂ ਮਨਾਉਣ ਅਤੇ ਭਵਿੱਖ ਦੀਆਂ ਰੂਪ ਰੇਖਾ ਪ੍ਰਤੀ ਸ. ਗੰਗਾ ਸਿੰਘ ਢਿੱਲੋਂ ਨੂੰ ਉਜਾਗਰ ਕਰਨ ਸਬੰਧੀ ਕਿਹਾ ਗਿਆ। ਆਸ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਗੰਗਾ ਸਿੰਘ ਢਿੱਲੋਂ ਦੀਆਂ ਲਿਖਤਾਂ, ਲਿਟਰੇਚਰ ਅਤੇ ਕਾਰਜਾਂ ਦਾ ਉਲਥਾ ਇੱਕ ਲੜੀ ਵਿੱਚ ਪਰੋ ਕੇ ਇਸ ਨੂੰ ਸਾਲਾਨਾ ਬਰਸੀ ਦੇ ਰੂਪ ਵਿੱਚ ਹੋਂਦ ਵਜੋਂ ਲਿਆਂਦਾ ਜਾਵੇਗਾ। ਡਾ. ਗੁਰਬਖਸ਼ ਸਿੰਘ ਢਿੱਲੋਂ ਵੱਲੋਂ ਨਿਭਾਈ ਸਟੇਜ ਸੇਵਾ ਕਾਬਲੇ ਤਾਰੀਫ ਸੀ ਜਿਨ੍ਹਾਂ ਨੇ ਅਗਾਮੀ ਬਰਸੀ ਨਿਊਯਾਰਕ ਵਿਖੇ ਮਨਾਉਣ ਨੂੰ ਪ੍ਰਵਾਨ ਕੀਤਾ।



