ਅੰਮ੍ਰਿਤਸਰ, 3 ਅਕਤੂਬਰ (ਸੁਨੀਲ ਗੁਪਤਾ)- ਧਾਰਮਿਕ ਅਤੇ ਇਤਿਹਾਸਕ ਨਗਰੀ ਅੰਮ੍ਰਿਤਸਰ ਨੇ ਅੱਜ ਉਸ ਸਮੇਂ ਰਿਕਾਰਡ ਇਕੱਠ ਦੀ ਗਵਾਹੀ ਭਰੀ ਜਦੋਂ ਸਥਾਨਕ ਖ਼ਾਲਸਾ ਕਾਲਜ ਵਿਖੇ 40 ਸਕੂਲਾਂ ਦੇ 10 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਇਕੱਠਿਆਂ ਨਸ਼ਿਆਂ ਖਿਲਾਫ਼ ਵਿਸ਼ਵ ਪੱਧਰੀ ਸੁਨੇਹਾ ਦਿੰਦਿਆਂ ਇਸ ਅਲਾਮਤ ਦੇ ਜੜ੍ਹੋਂ ਖ਼ਾਤਮੇ ਦਾ ਅਹਿਦ ਲਿਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਰ-ਸਰਕਾਰੀ ਸੰਸਥਾ ਦੇ ਇਸ ਸਾਂਝੇ ਉੱਦਮ ਨਾਲ ਅੰਮ੍ਰਿਤਸਰ ਨੂੰ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਦਰਜ ਕਰਵਾਉਣ ਦਾ ਇਹ ਇਕ ਸ਼ਾਨਦਾਰ ਉਪਰਾਲਾ ਸਾਬਿਤ ਹੋਇਆ ਜਿਸ ਦਾ ਉਦੇਸ਼ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨਾ ਸੀ। ਵੱਖ-ਵੱਖ ਸਕੂਲਾਂ ਦੇ ਪੀਲੀਆਂ ਟੀ-ਸ਼ਰਟਾਂ ਵਿਚ ਸਜੇ 10 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੇ ਇਸ ਅਨੋਖੇ ਇਕੱਠ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ‘ਸ਼ੇਕ ਯੋਅਰ ਲੈਗਸ, ਕੀਪ ਅਵੇ ਫਰਾਮ ਡਰੱਗਸ’ ਦੇ ਨਾਅਰੇ ਨਾਲ ਪ੍ਰੇਰਿਤ ਇਸਜਾਗਰੂਕਤਾ ਪ੍ਰੋਗਰਾਮ ਦੌਰਾਨ ‘ਕਰੋ ਇਰਾਦਾ, ਪੱਕਾ ਵਾਅਦਾ, ਆਜ ਨਸ਼ਾ ਤੁਮ ਛੋੜੋਗੇ’ ਗੀਤ ਵੀ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਦੇਣ ਦੇ ਨਾਲ-ਨਾਲ ਨਸ਼ਾ-ਮੁਕਤ ਜੀਵਨ ਜੀਊਣ ਦੀ ਸਹੁੰ ਵੀ ਚੁੱਕੀ ਅਤੇ ਇਸ ਪ੍ਰੋਗਰਾਮ ਨੂੰ ਇਤਿਹਾਸਕ ਬਣਾ ਦਿੱਤਾ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਸੁਚੱਜੀ ਅਗਵਾਈ ਅਤੇ ਦੇਖ-ਰੇਖ ਹੇਠ ਖ਼ਾਲਸਾ ਕਾਲਜ ਦੀ ਗਰਾਊਂਡ ਵਿਚ ਬੜੇ ਹੀ ਵਧੀਆ ਅਤੇ ਯੋਜਨਾਬੱਧ ਢੰਗ ਨਾਲ ਕਰਵਾਏ ਗਏ ਇਸ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ 5 ਮਿੰਟ ਤੱਕ ਤਾਲ ਨਾਲ ਤਾਲ ਮਿਲਾ ਕੇ ਡਾਂਸ ਕਰਦਿਆਂ ਇਕ ਦਿਲਕਸ਼ ਪੇਸ਼ਕਾਰੀ ਦਿੱਤੀ। ਇਸ ਪੇਸ਼ਕਾਰੀ ਦੇ ਲੇਖੇ-ਜੋਖੇ ਲਈ 200 ਤੋਂ ਵੱਧ ਜੱਜ ਵੀ ਮੌਜੂਦ ਰਹੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ. ਬਿਸ਼ਨ ਸਿੰਘ ਬੇਦੀ ਅਤੇ ਗੈਰ-ਸਰਕਾਰੀ ਸੰਸਥਾ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਸਟੇਜ ਤੋਂ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ। ਇਸ ਪੂਰੇ ਪ੍ਰੋਗਰਾਮ ਨੂੰ ਸਫਲਤਾਪੂਰਕ ਨੇਪਰੇ ਚੜ੍ਹਾਉਣ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਖਿਲਾਫ਼ ਪਹਿਲਾਂ ਤੋਂ ਹੀ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2012 ਵਿਚ ਮੁੰਬਈ ਵਿਖੇ 4428 ਬੱਚਿਆਂ ਨੇ ਇਕੱਠਿਆਂ ਡਾਂਸ ਪੇਸ਼ਕਾਰੀ ਦੇ ਕੇ ਗਿਨੀਜ਼ ਰਿਕਾਰਡ ਬਣਾਇਆ ਸੀ। ਇਸ ਮੌਕੇ ਡਾ. ਤਰੁਨਦੀਪ ਕੌਰ ਆਈ ਆਰ ਐਸ ਪਤਨੀ ਡਿਪਟੀ ਕਮਿਸ਼ਨਰ, ਖ਼ਾਲਸਾ ਕਾਲਜ ਦੇ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ, ਸ੍ਰੀ ਰਾਜ ਲੂਥਰਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ, ਐਸ. ਡੀ. ਐਮ-1 ਸ੍ਰੀ ਰੋਹਿਤ ਗੁਪਤਾ, ਐਸ. ਡੀ. ਐਮ-2 ਸ੍ਰੀ ਰਾਜੇਸ਼ ਸ਼ਰਮਾ, ਐਸ. ਡੀ. ਐਮ ਬਾਬਾ ਬਕਾਲਾ ਸ੍ਰੀ ਵਿਮਲ ਸੇਤੀਆ, ਐਸ. ਡੀ. ਐਮ ਅਜਨਾਲਾ ਸ੍ਰੀ ਸੁਰਿੰਦਰ ਸਿੰਘ, ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ, ਏ. ਸੀ. ਪੀ ਟ੍ਰੈਫਿਕ ਡਾ. ਬਾਲ ਕਿਸ਼ਨ ਸਿੰਗਲਾ, ਸ੍ਰੀ ਪੰਕਜ, ਮੈਡਮ ਪ੍ਰੀਤੀ, ਮੈਡਮ ਨਿਕਿਤਾ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲ ਸਟਾਫ ਹਾਜ਼ਰ ਸੀ।



