ਵਾਸ਼ਿੰਗਟਨ ਡੀਸੀ, 3 ਅਕਤੂਬਰ (ਡਾ. ਗਿੱਲ)- ਕਮਿਊਨਿਟੀ ਨੂੰ ਜੋੜਣ ਅਤੇ ਮਜ਼ਬੂਤ ਕਰਨ ਲਈ ਇਹ ਜ਼ਰੂਰੀ ਹੈ ਕਿ ਮੀਡੀਆ ਉਸਾਰੂ ਭੁਮਿਕਾ ਨਿਭਾਵੇ। ਖਬਰਾਂ ਦੀ ਸੱਚਾਈ ਅਤੇ ਉਸ ਦੀ ਡੂੰਘਾਈ ਤੱਕ ਜਾਣਾ ਸਮੇਂ ਦੀ ਲੋੜ ਹੀ ਨਹੀਂ ਸਗੋਂ ਵਧੀਆ ਕਾਰਗੁਜ਼ਾਰੀ ਅਤੇ ਸਾਫ ਸੁਥਰੀ ਪੱਤਰਕਾਰੀ ਬਿਹਤਰ ਰੋਲ ਨਿਭਾਅ ਸਕਦੀ ਹੈ। ਪਰ ਅੱਜ ਕੱਲ੍ਹ ਖਬਰਾਂ ਨੂੰ ਤੋੜਮਰੋੜ ਕੇ ਲਿਖਣ ਦਾ ਅੰਦਾਜ਼ ਜਿੱਥੇ ਪੱਤਰਕਾਰ ਦੇ ਅਕਸ ’ਤੇ ਧੱਬਾ ਹੁੰਦਾ ਹੈ ਉਥੇ ਨਿਭਾਈ ਗਈ ਕਾਰਗੁਜ਼ਾਰੀ ਵੀ ਸਵਾਲੀਆ ਚਿੰਨ੍ਹ ਬਣ ਜਾਂਦੀ ਹੈ ਜਿਸ ਲਈ ਹਰ ਪੱਤਰਕਾਰ ਨੂੰ ਘਟਨਾ ਦੀ ਜਾਣਕਾਰੀ ਦੀ ਤਹਿ ਤੱਕ ਜਾ ਕੇ ਉਸ ਦੀ ਅਸਲੀਅਤ ਤੋਂ ਜਾਣੂ ਹੋ ਕੇ ਹੀ ਉਸ ਨੂੰ ਲਿਖਤੀ ਅੰਜ਼ਾਮ ਦੇਣਾ ਚਾਹੀਦਾ ਹੈ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਖਬਰ ਦੇ ਅਕਸ ਨੂੰ ਵਿਗਾੜਨ ਵਿੱਚ ਪੱਤਰਕਾਰ ਦੀ ਸ਼ਖਸੀਅਤ, ਜਾਤੀ ਅਤੇ ਪਿਛੋਕੜ ਖਬਰ ਵਿੱਚੋਂ ਸਹਿਜੇ ਹੀ ਨਜ਼ਰ ਆਉਂਦਾ ਹੈ ਜਿਸ ਲਈ ਜ਼ਰੂਰੀ ਹੈ ਕਿ ਨਿਰਪੱਖ, ਸੱਚਾਈ ਅਤੇਅਸਲੀਅਤ ਨੂੰ ਪੂਰਨ ਤੌਰ ’ਤੇ ਹੀ ਛਾਪਿਆ ਜਾਵੇ। ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਗਟਾਵਾ ਕੀਤਾ ਹੈ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਸਬੰਧੀ ਉਗਲਿਆ ਜ਼ਹਿਰ ਜਿੱਥੇ ਸਿੱਖਾਂ ਨੂੰ ਨੀਵਾਂ ਦਿਖਾਉਣ ਅਤੇ ਉਨ੍ਹਾਂ ਦੀ ਤਾਕਤ ਨੂੰ ਕਮਜ਼ੋਰ ਕਰਨ ਦਾ ਮਨਸੂਬਾ ਨਜ਼ਰ ਆਇਆ ਹੈ, ਕਿਉਂਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਕੇ ਸਿੱਖਾਂ ਨੂੰ ਇਸ ਨਾਲੋਂ ਤੋੜਨਾ ਚਾਹਿਆ ਪਰ ਇਸ ਦੀ ਉਸਾਰੀ ਕਰਕੇ ਸਿੱਖਾਂ ਨੇ ਇਸ ਦੀ ਮਰਿਆਦਾ ਅਤੇ ਸ਼ਕਤੀ ਨੂੰ ਕਾਇਮ ਰੱਖਿਆ। ਹੁਣ ਮਾਨਸਿਕ ਅਤੇ ਜਹਿਨੀਅਤ ਤੌਰ ’ਤੇ ਤੋੜਣ ਲਈ ਸਿੱਖਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ, ਜਦ ਕਿ ਸਿੱਖ ਵੱਡੀ ਤੋਂ ਵੱਡੀ ਗਲਤੀ ਦੀ ਮੁਆਫੀ ਦੇਣ ਦੇ ਹਾਮੀ ਹਨ। ਜੇਕਰ ਸ੍ਰੀ ਅਕਾਲ ਤਖਤ ਦੇ ਜੱਥੇਦਾਰਾਂ ਨੂੰ ਮਾਨਤਾ ਦਿੰਦੇ ਹਾਂ ਤਾਂ ਉਨ੍ਹਾਂ ਵੱਲੋਂ ਜਾਰੀ ਫੁਰਮਾਨ ਹਰ ਸਿੱਖ ਲਈ ਹੁਕਮ ਹੋਣਾ ਚਾਹੀਦਾ ਹੈ ਤਾਂ ਜੋ ਸਿੱਖ ਸੁਪਰੀਮ ਤਖਤ ਦੇ ਪਾਬੰਦ ਹੋ ਕੇ ਅਸੀਂ ਮਾਨਵਤਾ ਦੀ ਬੇਹਤਰੀ ਦੇ ਭਾਗੀਦਾਰ ਹੋ ਸਕੀਏ। ਕਿੰਤੂ, ਪ੍ਰੰਤੂ ਵੰਡੀਆਂ ਪਾ ਕੇ ਜਾਂ ਅਲਗ-ਅਲਗ ਤੂਤੀ ਵਜਾ ਕੇ ਅਸੀਂ ਸਿੱਖ ਆਪਣੀ ਅਹਿਮੀਅਤ ਘਟਾ ਰਹੇ ਹਾਂ। ਲੋੜ ਹੈ ਅਨੁਸ਼ਾਸਨ, ਏਕੇ ਅਤੇ ਫਰਾਖਦਿਲੀ ਦੀ, ਜਿਸ ਤੋਂ ਅਸੀਂ ਕੋਹਾਂ ਦੂਰ ਹਾਂ। ਭਲਾ ਦਸ ਸਕਦੇ ਹੋ ਕਿਹੜੇ ਜਥੇਦਾਰ ਨੂੰ ਅਸੀਂ ਸਵੀਕਾਰਦੇ ਹਾਂ ਅਤੇ ਕਿਸ ਨੂੰ ਅਸੀਂ ਲੰਬੀ ਟੇਕ ਦਿੱਤੀ ਹੈ। ਕੀ ਭਵਿੱਖ ਵਿੱਚ ਕੋਈ ਜਥੇਦਾਰ ਤੁਹਾਡੀਆਂ ਆਸਾਂ ’ਤੇ ਪੂਰਨ ਉਤਰੇਗਾ। ਇਸ ਲਈ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਬੰਦ ਹੋ ਕੇ ਜਥੇਦਾਰਾਂ ਵੱਲੋਂ ਕੀਤੀ ਕਾਰਗੁਜ਼ਾਰੀ ਨੂੰ ਪ੍ਰਸ਼ਨ ਚਿੰਨ੍ਹ ਬਣਾਉਣ ਦੀ ਬਜਾਏ ਬੁੱਧੀਜੀਵੀਆਂ ਦੀ ਕਮੇਟੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੰਮ ਸੌਖਾ ਕੀਤਾ ਜਾਵੇ ਅਤੇ ਜਿਨ੍ਹਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਕੋਈ ਫੈਸਲਾ ਸਿੱਖਾਂ ’ਤੇ ਲਾਗੂ ਕੀਤਾ ਜਾਵੇ ਜਿਸ ਨਾਲ ਅਜਿਹੀਆਂ ਸਥਿਤੀਆਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਰਹੀ ਗੱਲ ਪੱਤਰਕਾਰ ਭਾਈਚਾਰੇ ਦੀ ਜਿਸ ਨੂੰ ਸੂਝਬੂਝ ਤੋਂ ਇਲਾਵਾ ਕਮਿਊਨਿਟੀ ਨੂੰ ਜੋੜਣ ਅਤੇ ਉਸਾਰੂ ਬਣਾਉਣ ਲਈ ਸੁਝਾਵਾਂ ਦੀ ਝੜੀ ਲਗਾਈ ਜਾਵੇ ਨਾ ਕਿ ਕਿੰਤੂ-ਪ੍ਰੰਤੂ ਕਰਕੇ ਹਲਾਤਾਂ ਨੂੰ ਅਣਸੁਖਾਵਾਂ ਬਣਾਇਆ ਜਾਵੇ। ਇਹ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇਕਰ ਉਸਾਰੂ ਭੂਮਿਕਾ ਲਈ ਮੀਡੀਆ ਆਪਣੀ ਭੂਮਿਕਾ ਨਿਭਾਵੇ ਅਤੇ ਨਿੱਜ ਅਤੇ ਹਉਮੇ ਨੂੰ ਪਾਸੇ ਰੱਖ ਕੇ ਮੀਡੀਆ ਵਿਚਰੇ।



