ਨਿਊਯਾਰਕ, 30 ਸਤੰਬਰ (ਪੀ. ਟੀ.)- ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਸੰਘ ਦੇ ਹੈ¤ਡਕੁਆਰਟਰ ਅੱਗੇ ਸੰਗਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਪ੍ਰਧਾਨ ਸ. ਸੁਰਜੀਤ ਸਿੰਘ ਕੁਲਾਰ ਅਤੇ ਕਨਵੀਨਰ ਸ. ਬੂਟਾ ਸਿੰਘ ਖੜੋਦ ਦੀ ਅਗਵਾਈ ਹੇਠ ਹੋਏ ਰੋਸ ਮੁਜ਼ਾਹਰੇ ਤੋਂ ਬਾਅਦ ਇਸੇ ਤਰ੍ਹਾਂ ਅਗਲੇ ਦਿਨ ਕੈਲੇਫੋਰਨੀਆ ਦੇ ਸ਼ਹਿਰ ਸੈਨਹੋਜੇ ਵਿੱਚ ਸੈਪ ਦੇ ਸਾਹਮਣੇ ਸ਼੍ਰੀ ਨਰਿੰਦਰ ਮੋਦੀ ਦੀ ਆਮਦ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਥਕ ਧਿਰਾਂ ਅਤੇ ਗੁਰਦੁਆਰਾ ਕਮੇਟੀਆਂ ਦੇ ਆਗੂਆਂ ਵੱਲੋਂ 3000 ਤੋਂ ਵਧ ਸੰਗਤਾਂ ਨੇ ਲੱਗਭਗ 5 ਘੰਟੇ ‘ਮੋਦੀ ਗੋ ਬੈਕ, ਖਾਲਿਸਤਾਨ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਮਰ ਰਹਿਣ, ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ’ ਆਦਿ ਨਾਅਰਿਆਂ ਨਾਲ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਜੀਤ ਸਿੰਘ ਆਲੋਅਰਖ, ਸੀਨੀਅਰ ਮੀਤ ਪ੍ਰਧਾਨ ਯੂਐਸਏ ਸ. ਤਰਸੇਮ ਸਿੰਘ, ਪੈਨਲ ਮੈਂਬਰ ਸ. ਦਰਸ਼ਨ ਸਿੰਘ ਸੰਧੂ, ਯੁਨਾਇਟਿਡ ਅਕਾਲੀ ਦਲ ਦੇ ਸ. ਜੋਗਾ ਸਿੰਘ ਅਤੇ ਸ. ਦਵਿੰਦਰਸਿੰਘ ਆਦਿ ਆਗੂਆਂ ਦੀ ਅਗਵਾਈ ਹੇਠ ਹੋਏ ਇਸ ਰੋਸ ਮੁਜ਼ਾਹਰੇ ਵਿੱਚ ਆਗੂਆਂ ਦਾ ਤਰਕ ਸੀ ਕਿ ਹਿੰਦੋਸਤਾਨ ਵਿੱਚ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਸਿੱਖ ਕੌਮ ਦੀ ਹੋਈ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਣਾ, ਸਿੱਖ ਕੌਮ ਲਈ ਆਜ਼ਾਦ ਸਟੇਟ (ਖਾਲਿਸਤਾਨ) ਦੀ ਮੰਗ ਨੂੰ ਲੈ ਕੇ ਉਹ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋਏ ਹਨ। ਇਨ੍ਹਾਂ ਆਗੂਆਂ ਸ੍ਰੀ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ਦਾ ਕਾਰਨ ਦੱਸਦਿਆਂ ਇਹ ਕਿਹਾ ਕਿ ਸ੍ਰੀ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਮੁਸਲਿਮ ਕੌਮ ਦੀ ਨਸਲਕੁਸ਼ੀ ਕੀਤੀ ਅਤੇ ਗੁਜਰਾਤ ਦੇ ਕੱਛ ਇਲਾਕੇ ਵਿੱਚ ਸਿੱਖ ਜ਼ਿਮੀਂਦਾਰਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਹੁਣ ਜਦੋਂ ਸ੍ਰੀ ਮੋਦੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਬਣੇ ਹਨ ਤਾਂ ਦੇਸ਼ ਵਿਚਲੀਆਂ ਘੱਟ ਗਿਣਤੀ ਕੌਮਾਂ ’ਤੇ ਜਬਰ ਸ਼ੁਰੂ ਹੋ ਗਿਆ ਹੈ ਤੇ ਉਨ੍ਹਾਂ ਨੂੰ ਆਪਣੇ ਹੱਕ ਹਕੂਕਾਂ ਤੋਂ ਵਾਂਝੇ ਕਰਨ ਦੇ ਯਤਨ ਹੋ ਰਹੇ ਹਨ। ਹਿੰਦੋਸਤਾਨ ਵਿੱਚ ਹਿੰਦੂ-ਬਹੁਗਿਣਤੀ ਨੂੰ ਪ੍ਰਫੁੱਲਤ ਕਰਨ ਦੀ ਮਨਸ਼ਾ ਅਧੀਨ ਹੀ ਦੇਸ਼ ਵਿਚਲੀਆਂ ਘੱਟ ਗਿਣਤੀ ਕੌਮਾਂ ਨੂੰ ਬਦਨਾਮ ਕਰਨ ਦੇ ਘਟੀਆ ਹਥਕੰਡੇ ਅਪਣਾਏ ਜਾ ਰਹੇ ਹਨ। ਇਸ ਲਈ ਇਸ ਮੁਤਸਵੀ ਸੋਚ ਦੇ ਮਾਲਕ ਸ਼੍ਰੀ ਮੋਦੀ ਨੂੰ ਅਮਰੀਕਾ ਵਰਗੇ ਜਮਹੂਰੀਅਤ ਪਸੰਦ ਮੁਲਕ ਵਿੱਚ ਆ ਕੇ ਘੁੰਮਣ ਦਾ ਕੋਈ ਅਧਿਕਾਰ ਨਹੀਂ, ਅਮਰੀਕਾ ਹਕੂਮਤ ਨੇ ਸ਼੍ਰੀ ਮੋਦੀ ਨੂੰ ਬੁਲਾ ਕੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਸਿੱਖ ਕੌਮ ਵੱਲੋਂ ਸ਼੍ਰੀ ਮੋਦੀ ਦੀ ਫੇਰੀ ਮੌਕੇ ਰੋਸ ਮੁਜ਼ਾਹਰੇ ਕਰਨ ਤੋਂ ਇਲਾਵਾ ਗੁਜਰਾਤ ਦੇ ਪਟੇਲ ਭਾਈਚਾਰੇ ਅਤੇ ਸ੍ਰੀਨਗਰ ਦੇ ਮੁਸਲਿਮ ਵਰਗ ਵੱਲੋਂ ਵੀ ਵੱਖ-ਵੱਖ ਤਰੀਕਿਆਂ ਨਾਲ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਵੀ ਸਿਖ ਕੌਮ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਬੇਇਨਸਾਫੀਆਂ ਖਿਲਾਫ ਇਕੱਠੇ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਪੰਜਾਬੀ ਮੀਡੀਆ ਵੱਲੋਂ ਵੀ ਡੱਟਵਾਂ ਸਹਿਯੋਗ ਮਿਲਣ ’ਤੇ ਆਗੂਆਂ ਨੇ ਧੰਨਵਾਦ ਕੀਤਾ। ਇਸ ਸਮੇਂ ਕੁਲਜੀਤ ਸਿੰਘ ਨਿੱਝਰ, ਬਲਵਿੰਦਰ ਸਿੰਘ ਮਿੱਠੂ ਖਜ਼ਾਨਚੀ, ਸ. ਜਗਰੂਪ ਸਿੰਘ, ਸ. ਜਗਤਾਰ ਸਿੰਘ ਫਰੈਜਨੋ, ਸੁਲਤਾਨ ਸਿੰਘ ਸਾਹੋਕੇ, ਬੀਬੀ ਗੁਰਦੀਪ ਕੌਰ ਆਲੋਅਰਖ, ਇਕਸਾਬ ਸਿੰਘ ਤੂਰ, ਫਰੀਮੌਂਟ ਗੁਰੂਘਰ ਦੇ ਬਲਵਿੰਦਰਪਾਲ ਸਿੰਘ, ਕੁਲਵੰਤ ਸਿੰਘ ਖਹਿਰਾ, ਗੁਲਭਿੰਦਰ ਸਿੰਘ, ਕੁਲਦੀਪ ਸਿੰਘ, ਸੁਖਵੀਰ ਸਿੰਘ ਵਿਕਸਫੀਲਡ, ਭੁਪਿੰਦਰ ਸਿੰਘ, ਰਮਿੰਦਰਜੀਤ ਸਿੰਘ, ਬੀਬੀ ਜਸਵਿੰਦਰ ਕੌਰ ਆਦਿ ਪੰਥ ਦਰਦੀ ਸਿੱਖਾਂ ਨੇ ਸ਼ਮੂਲੀਅਤ ਕੀਤੀ।



