ਬਨੂੜ, 29 ਸਤੰਬਰ (ਦਲਜੀਤ ਸਿੰਘ)- ਬਨੂੜ ’ਚ ਸਥਿਤ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੋਟਲਰਜ਼ ਨਾਮੀ ਸ਼ਰਾਬ ਫੈਕਟਰੀ ਵਿਰੁੱਧ ਇਲਾਕੇ ਦੇ ਲੋਕਾਂ ਦਾ ਰੋਹ ਭੜਕ ਗਿਆ। ਜਦੋਂ ਇਲਾਕੇ ਦੇ ਸਰਪੰਚ ਤੇ ਸ਼ਹਿਰ ਦੇ ਆਮ ਲੋਕਾਂ ਨੇ ਸ਼ਰਾਬ ਫੈਕਟਰੀ ਦੇ ਗੇਟ ਮੂਹਰੇ ਧਰਨਾ ਠੋਕਿਆ। ਇਸ ਧਰਨੇ ਵਿੱਚ ਨਗਰ ਪਾਲਿਕਾ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਧਰਨੇ ’ਚ ਸ਼ਮੂਲੀਅਤ ਕੀਤੀ, ਜਿਸ ਕਾਰਨ ਸ਼ਰਾਬ ਫੈਕਟਰੀ ਦਾ ਕੰਮ ਕਾਰ ਵੀ ਪ੍ਰਭਾਵਿਤ ਹੋਇਆ ਤੇ ਭੜਕੇ ਲੋਕਾਂ ਨੇ ਸ਼ਰਾਬ ਫੈਕਟਰੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਸ਼ਰਾਬ ਫੈਕਟਰੀ ਦੀ ਉਡਦੀ ਰਾਖ ਤੋਂ ਇਲਾਕੇ ਦੇ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰ ਦੇ ਐਮ ਸੀ ਜਗਤਾਰ ਸਿੰਘ ਕਨੋਜ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੇ ਪ੍ਰਬੰਧਕਾਂ ਨੂੰ ਦਿੱਤੀ ਚੇਤਾਵਨੀ ਦੇ ਮੱਦੇਨਜ਼ਰ ਇਲਾਕੇ ਦੇ ਲੋਕ ਸਵੇਰੇ 8 ਵਜੇ ਦੇ ਕਰੀਬ ਇਕੱਠੇ ਹੋ ਕੇ ਫੈਕਟਰੀ ਦੇ ਗੇਟ ਮੂਹਰੇ ਧਰਨੇ ’ਤੇ ਬੈਠ ਗਏ। ਇਸ ਮੌਕੇ ਧਰਨੇ’ਤੇ ਬੈਠੇ ਲੋਕਾਂ ਨੇ ਹੱਥਾਂ ਵਿੱਚ ਫੈਕਟਰੀ ਦੀ ਰਾਖ ਤੋਂ ਬਚਾਓ, ਕਾਲਖ ਨਾਲ ਅੱਖਾਂ ਖਰਾਬ ਹੋਏ ਵਿਅਕਤੀਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਦੇ ਸਲੋਗਨ ਫੜੇ ਹੋਏ ਸਨ। ਇਸ ਧਰਨੇ ਵਿੱਚ ਇਲਾਕੇ ਦੀਆਂ ਔਰਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਧਰਨੇ ਬਾਰੇ ਪਹਿਲਾਂ ਹੀ ਸੂਚਨਾ ਮਿਲ ਜਾਣ ਕਾਰਨ ਥਾਣਾ ਮੁਖੀ ਸਿਕੰਦਰਪਾਲ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਹੋਏ ਸਨ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਪ੍ਰਧਾਨ ਨਿਰਮਲਜੀਤ ਨਿੰਮਾ ਨੇ ਫੈਕਟਰੀ ਦੇ ਪ੍ਰਬੰਧਕਾਂ ਵਿਰੁੱਧ ਖੂਬ ਭੜਾਸ ਕਢਦਿਆਂ ਕਿਹਾ ਕਿ ਜੇਕਰ ਸ਼ਰਾਬ ਫੈਕਟਰੀ ’ਚ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਹੀ ਨਹੀਂ ਮਿਲ ਰਿਹਾ ਤਾਂ ਇਸ ਦਾ ਇੱਥੇ ਚਾਲੂ ਰੱਖਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਪ੍ਰਬੰਧਕਾਂ ਤੋਂ ਪੁੱਛਿਆ ਕਿ ਹਾਜ਼ਰੀ ਰਜਿਸਟਰ ਦਿਖਾਉ ਕਿ ਕਿੰਨੇ ਵਿਅਕਤੀ ਨੇੜਲੇ ਪਿੰਡਾਂ ਦੇ ਇੱਥੇ ਕੰਮ ਕਰ ਰਹੇ ਹਨ। ਇਸ ’ਤੇ ਧਰਨੇ ’ਤੇ ਬੈਠੇ ਲੋਕ ਭੜਕ ਗਏ ਤੇ ਉਨ੍ਹਾਂ ਨੇ ਫੈਕਟਰੀ ਦੇ ਪ੍ਰਬੰਧਕਾਂ ਵਿਰੁੱਧ ਖੂਬ ਭੜਾਸ ਕੱਢੀ। ਧਰਨੇ ’ਚ ਸ਼ਾਮਿਲ ਹੋਏ ਹੋਰ ਲੋਕਾਂ ਨੇ ਵੀ ਪ੍ਰਬੰਧਕਾਂ ਖਿਲਾਫ ਖੂਬ ਭੜਾਸ ਕਢਦਿਆਂ ਫੈਕਟਰੀ ਦੇ ਇੱਕ ਮੁਲਾਜ਼ਮ ਹਾਕਮ ਸਿੰਘ ਜੋ ਕਿ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਦਾ ਵਿਰੁੱਧ ਫੈਕਟਰੀ ਦੇ ਜਨਰਲ ਮੈਨੇਜਰ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ। ਕੌਂਸਲ ਪ੍ਰਧਾਨ ਨੇ ਫੈਕਟਰੀ ਦੇ ਪ੍ਰਬੰਧਕਾਂ ’ਤੇ ਪੈਸੇ ਦੇ ਕੇ ਖਰੀਦਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵਾਰ-ਵਾਰ ਫੋਨ ਕਰਕੇ ਇੱਥੇ ਆ ਕੇ ਗੱਲਬਾਤ ਕਰਨ ਬਾਰੇ ਕਹਿ ਗਏ ਹਨ। ਇਸ ਧਰਨੇ ’ਚ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਵੀ ਮੌਕੇ ’ਤੇ ਪੁੱਜ ਗਏ। ਧਰਨੇ ’ਤੇ ਬੈਠੇ ਲੋਕਾਂ ਅਤੇ ਕੌਂਸਲ ਦੇ ਪ੍ਰਧਾਨ ਨੂੰ ਥਾਣਾ ਮੁਖੀ ਸਿਕੰਦਰਪਾਲ ਸਿੰਘ ਭੁੱਲਰ ਤੇ ਤਹਿਸੀਲਦਾਰ ਨੇ ਸਮਝਾਇਆ ਤੇ ਫੈਕਟਰੀ ਦੇ ਜਨਰਲ ਮੈਨੇਜਰ ਪੁਸ਼ਪਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ 15 ਦਿਨਾਂ ਲਈ ਫੈਕਟਰੀ ਮੁਰੰਮਤ ਲਈ ਬੰਦ ਕਰਨ ਦਾ ਲਿਖਤੀ ਰੂਪ ਵਿੱਚ ਦੇ ਕੇ ਧਰਨੇ ਨੂੰ ਚੁਕਵਾਇਆ ਗਿਆ। ਇਸ ਧਰਨੇ ’ਚ ਜਗਤਾਰ ਸਿੰਘ ਕਨੋੜ, ਦਰਸ਼ਨ ਸਿੰਘ ਨਡਿਆਲੀ ਬਸਪਾ ਆਗੂ, ਇੰਦਰਜੀਤ ਕੌਰ ਐਮ ਸੀ, ਅਮਨਦੀਪ ਚੰਗੇਰਾਂ, ਅਮਰਜੀਤ ਕੌਰ, ਸ਼ਿਵ ਕੁਮਾਰ ਬਨੂੜ, ਜੰਗਪੁਰਾ ਦੇ ਸਰਪੰਚ ਤੇਜਿੰਦਰ ਸਿੰਘ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਹ ਧਰਨਾ ਤਕਰੀਬਨ 3 ਘੰਟੇ ਬਾਅਦ ਲੋਕਾਂ ਨੇ ਚੁੱਕਿਆ। 15 ਦਿਨਾਂ ’ਚ ਰਾਖ ਡਿਗਣੀ ਬੰਦ ਨਾ ਹੋਈ ਤਾਂ ਸੜਕਾਂ ਜਾਮ ਕਰਾਂਗੇ : ਪ੍ਰਧਾਨ ਨਿੰਮਾ- ਇਸ ਧਰਨੇ ਤੋਂ ਬਾਅਦ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫੈਕਟਰੀ ਦੀ ਡਿਗਦੀ ਰਾਖ ਤੋਂ ਇਲਾਕੇ ਦੇ ਵਸਨੀਕ ਬਹੁਤ ਦੁੱਖੀ ਹਨ। ਜੇਕਰ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਲਿਖਤੀ ਸਮਝੌਤੇ ਕਿ 15 ਦਿਨ ਫੈਕਟਰੀ ਬੰਦ ਕਰਕੇ ਮੁਰੰਮਤ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਵੀ ਰਾਖ ਡਿਗਣੀ ਬੰਦ ਨਾ ਹੋਈ ਤਾਂ ਇਲਾਕੇ ਦੇ ਲੋਕਾਂ ਨੂੰ ਲੈ ਕੇ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕਰ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਫੈਕਟਰੀ ਦੇ ਪ੍ਰਬੰਧਕਾਂ ਸਿਰ ਹੋਵੇਗੀ। ਥਾਣਾ ਮੁਖੀ ਨੇ ਲਿਖਤੀ ਸਮਝੌਤਾ ਕਰਵਾਇਆ- ਇਸ ਮੌਕੇ ਧਰਨੇ ’ਤੇ ਪੁੱਜੇ ਥਾਣਾ ਮੁਖੀ ਸ਼ਿੰਦਰਪਾਲ ਸਿੰਘ ਭੁੱਲਰ ਨੇ ਫੈਕਟਰੀ ਦੇ ਪ੍ਰਬੰਧਕਾਂ ਤੋਂ ਲਿਖਤੀ ਰੂਪ ਵਿੱਚ ਜੋ ਕਿ ਫੈਕਟਰੀ ਦੇ ਲੇਟਰ ਪੈਡ ’ਤੇ ਦਿੱਤਾ ਗਿਆ ਹੈ ਵਿਚ ਧਰਨਾਕਾਰੀਆਂ ਨੂੰ ਦੇਣ ਲਈ ਕਿਹਾ ਤਾਂ ਜੋ ਸਮਝੌਤਾ ਕਰਨ ਤੋਂ ਬਾਅਦ ਪ੍ਰਬੰਧਕ ਆਪਣੇ ਕੀਤੇ ਵਾਅਦੇ ਤੋਂ ਨਾ ਮੁਕਰ ਸਕਣ। ਇਸ ਧਰਨੇ ਨੂੰ ਚੁੱਕਵਾਉਣ ’ਚ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।



