Skip to content
Independent perspectives. Global stories.
BREAKING

ਆਪਣੇ ਨਿੱਜੀ ਮੁਫਾਦ ਲਈ ਕਿਸਾਨਾਂ ਨੂੰ ਭੜਕਾ ਰਹੀ ਹੈ ਕਾਂਗਰਸ :”ਬਾਦਲ

Share this story

ਸੰਗਰੂਰ, 25 ਸਤੰਬਰ (ਐਨ ਕੇ ਗਰੋਵਰ, ਹਰਜੀਤ ਸਿੰਘ ਹਸਨਪੁਰੀ)- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਫੋਕੇ ਨਾਅਰੇ ਲਗਾ ਕੇ ਆਮ ਜਨਤਾ ਨੂੰ ਭਰਮਾ ਤਾਂ ਸਕਦੇ ਹਨ, ਪਰ ਬਿਨਾਂ ਕਿਸੇ ਪ੍ਰਸ਼ਾਸਕੀ ਸੂਝ-ਬੂਝ ਦੇ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੁੱਝ ਭਲਾ ਨਹੀਂ ਕਰ ਸਕਦੇ। ਸ. ਬਾਦਲ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਹੀ ਸੰਭਵ ਹੋਇਆ ਹੈ। ਉਹ ਅੱਜ ਮਲੇਰਕੋਟਲਾ ਵਿਖੇ ਈਦ ਮੌਕੇ ਮੁਸਿਲਮ ਭਾਈਚਾਰੇ ਵੱਲੋਂ ਕਰਵਾਏ ਈਦ ਮਿਲਨ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਸ. ਬਾਦਲ ਨੇ ਮਲੇਰਕੋਟਲਾ ਦੀ ਵੱਡੀ ਈਦਗਾਹ ਵਿਖੇ ਮੁਸਿਲਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ਅਤੇ ਸ਼ਹਿਰ ਦੇ ਇਕ ਪੈਲਸ ਵਿਚ ਭਾਈਚਾਰੇ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਸ. ਬਾਦਲ ਨੇ ਮਲੇਰਕੋਟਲਾ ਦੀ

ਧਰਤੀ, ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਜਬਰ-ਜ਼ੁਲਮ ਵਿਰੁੱਧ ਅਵਾਜ਼ ਉਠਾਈ ਸੀ, ਨੂੰ ਪ੍ਰਣਾਮ ਕਰਦੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਨਿਸ਼ਾਨਾ ਰਾਜ ਵਿਚ ਅਮਨ-ਸ਼ਾਤੀ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਹੈ। ਉਨਾਂ ਇਸ ਮੌਕੇ ਹੱਜ ਮੰਜਲ ਵਿਚ ਦਫਤਰ ਦੀ ਉਸਾਰੀ ਲਈ 22.98 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਹਲਕਾ ਵਿਧਾਇਕਾ ਅਤੇ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੂੰ ਦਿੱਤਾ। ਉਨਾਂ ਇਹ ਵੀ ਐਲਾਨ ਕੀਤਾ ਕਿ ਮੁਸਲਿਮ ਭਾਈਚਾਰੇ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਕਬਰਸਤਾਨ ਬਨਾਉਣ ਵਾਸਤੇ ਪੰਚਾਇਤਾਂ ਜਾਂ ਨਗਰ ਕੌਂਸਲਾਂ ਨੂੰ ਥਾਂ ਦੇਣ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਜੇਕਰ ਕਿਸੇ ਥਾਂ ਇੰਨਾਂ ਸੰਸਥਾਵਾਂ ਕੋਲ ਥਾਂ ਨਹੀਂ ਹੋਵੇਗੀ, ਤਾਂ ਸਰਕਾਰ ਇੰਤਜ਼ਾਮ ਕਰਕੇ ਦੇਵੇਗੀ। ਸ. ਬਾਦਲ ਨੇ ਕਾਂਗਰਸ ਦੀ ਅਲੋਚਨਾ ਕਰਦੇ ਕਿਹਾ ਕਿ ਕਾਂਗਰਸ ਨੇ ਕੇਂਦਰ ਤੇ ਰਾਜ ਦੀ ਸੱਤਾ ਵਿਚ ਹੁੰਦੇ ਤਾਂ ਕਿਸਾਨ ਦੇ ਹਿੱਤ ਵਿਚ ਕਦੇ ਹੋਈ ਕੰਮ ਨਹੀਂ ਕੀਤਾ ਅਤੇ ਅੱਜ ਜਦੋਂ ਕਿਸਾਨ ’ਤੇ ਕੁਦਰਤੀ ਸੰਕਟ ਆਇਆ ਹੈ ਤਾਂ ਕਿਸਾਨਾਂ ਨੂੰ ਆਪਣੇ ਰਾਜਸੀ ਮੁਫਾਦ ਲਈ ਭੜਕਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਕਾਂਗਰਸ ਨੇ ਦੇਸ਼ ਦੀ ਸੱਤਾ ’ਤੇ 50 ਸਾਲ ਤੋਂ ਵੱਧ ਸਮਾਂ ਰਾਜ ਕਰਦੇ ਹੋਏ ਦੇਸ਼ ਦੇ ਅੰਨ ਦਾਤੇ ਦੀ ਸਾਰ ਲਈ ਹੁੰਦੀ ਤਾਂ ਅੱਜ ਕਿਸਾਨ ਦੇ ਇਹ ਹਾਲਤ ਨਾ ਹੁੰਦੇ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਮਲੇਰਕੋਟਲਾ, ਜਿੱਥੇ ਕਿ ਰਾਜ ਵਿਚ ਸਭ ਤੋਂ ਵੱਧ ਸਬਜ਼ੀ ਦੀ ਪੈਦਾਵਰ ਹੁੰਦੀ ਹੈ, ਵਿਖੇ ਫੂਡ ਪ੍ਰੋਸੈਸਿੰਗ ਕੇਂਦਰ ਕਾਇਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਕਿ ਕਿਸਾਨਾਂ ਨੂੰ ਆਪਣੀ ਉਪਜ ਦਾ ਵੱਧ ਭਾਅ ਮਿਲ ਸਕੇ ਅਤੇ ਰੋਜ਼ਗਾਰ ਦੇ ਮੌਕੇ ਇਸ ਇਲਾਕੇ ਵਿਚ ਪੈਦਾ ਹੋ ਸਕਣ। ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਲਈ ਕੇਂਦਰ ਸਰਕਾਰ ਵੱਲੋਂ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਕਿਸੇ ਨਿੱਜੀ ਉਦਮੀ ਨੂੰ ਉਤਸ਼ਾਹਿ ਕਰਕੇ ਇੱਥੇ ਵੱਡਾ ਫੂਡ ਪਾਰਕ ਕਾਇਮ ਕੀਤਾ ਜਾਵੇ। ਉਨਾਂ ਮਲੇਰਕੋਟਲਾ ਸ਼ਹਿਰ ਵਿਚ ਪੈ ਰਹੇ ਸੀਵਰੇਜ ਦੇ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਕੀਤੀਆਂ। ਉਨਾਂ ਇਸ ਮੌਕੇ ਮਲੇਕੋਟਲਾ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਵਿਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਮਾਗਮ ਨੂੰ ਸੰਬੋਧਨ ਕਰਦੇ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਕਰਾਵਏ ਗਏ ਕੰਮਾਂ ਲਈ ਧੰਨਵਾਦ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਦਿਹਾੜੇ ਲਈ ਵਧਾਈ ਦਿੱਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਦੀ ਸੋਚ ਸਦਕਾ ਹੀ ਪੰਜਾਬ ਵਿਚ ਭਾਈਚਾਰਕ ਸਾਂਝ ਬਰਕਰਾਰ ਹੈ। ਉਨਾਂ ਕਿਹਾ ਕਿ ਅੱਜ ਸ. ਬਾਦਲ ਨੂੰ ਇੰਨਾਂ ਦੀਆਂ ਖੂਬੀਆਂ ਕਾਰਨ ਕੇਵਲ ਪੰਜਾਬ ਦੇ ਹੀ ਨਹੀਂ ਬਲਕਿ ਵਿਸ਼ਵ ਆਗੂ ਵਜੋਂ ਪਛਾਣ ਮਿਲੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹੀ ਇਲਾਕੇ ਵਿਚ ਵੱਡੇ ਪੁੱਲ, ਓਵਰ ਬ੍ਰਿਜ਼, ਸੁੰਦਰ ਸੜਕਾਂ, ਕਾਲਜ, ਯਾਦਗਾਰ ਅਤੇ ਹੋਰ ਵੱਡੇ ਪ੍ਰਾਜੈਕਟ ਮਿਲੇ ਹਨ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਇਕਬਾਲ ਸਿੰਘ ਝੂੰਦਾ, ਅਕਾਲੀ ਆਗੂ ਇਜ਼ਹਾਰ ਆਲਮ, ਮੁੱਖ ਸੰਸਦੀ ਸਕੱਤਰ ਫਰਜ਼ਾਨਾ ਆਲਮ, ਜ਼ਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ. ਤੇਜਾ ਸਿੰਘ ਕਮਾਲਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਐਸ. ਐਸ. ਪੀ ਸ. ਪ੍ਰਿਤਪਾਲ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਰਵਿੰਦ ਕੁਮਾਰ, ਸਾਹਿਬਜ਼ਾਦਾ ਨਦੀਮ ਅਨਵਾਰ ਖਾਂ, ਈਦਗਾਹ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਅਸਰਾਰ ਨਿਜ਼ਾਮੀ, ਐਸ ਡੀ ਐਮ ਮਲੇਰਕੋਟਲਾ ਅਮਿਤ ਬੈਂਬੀ, ਸਾਬਕਾ ਮੰਤਰੀ ਨੁਸਰਤ ਅਲੀ ਖਾਨ ਬੱਗਾ, ਵਾਈਸ ਚੇਅਰਮੈਨ ਸ. ਰਵਿੰਦਰ ਸਿੰਘ ਚੀਮਾ, ਚੇਅਰਮੈਨ ਜਸਬੀਰ ਸਿੰਘ ਦਿਉਲ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ, ਗੁਰਬਚਨ ਸਿੰਘ, ਜੈਪਾਲ ਸਿੰਘ ਮੰਡੀਆ, ਜਗਤਾਰ ਸਿੰਘ ਜੱਗੀ ਚੇਅਰਮੈਨ ਅਤੇ ਹੋਰ ਆਗੂ ਹਾਜ਼ਰ ਸਨ।

WRITTEN BY